ਡਾ. ਹਰਪ੍ਰੀਤ ਸਿੰਘ ਦੀ ਆਈ ਆਈ ਟੀ ਰੋਪੜ ਵਿੱਚ ਪ੍ਰੋਫੈਸਰ ਵਜੋਂ ਤਰੱਕੀ
ਫਤਿਹਗੜ੍ਹ ਸਾਹਿਬ, 17 ਅਗਸਤ (ਮਧੂਸਾਰ ਬਿਊਰੋ) ਡਾ. ਹਰਪ੍ਰੀਤ ਸਿੰਘ ਦੀ ਆਈ ਆਈ ਟੀ ਰੋਪੜ ਵਿੱਚ ਦੀ ਪ੍ਰੋਫੈਸਰ ਵਜੋਂ ਨਿਯੁਕਤੀ ਹੋਈ ਹੈ।
ਉਹ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਮਕੈਨੀਕਲ ਇੰਜੀਨੀਰਿੰਗ ਕਰੀਬ 14 ਸਾਲ ਸੇਵਾ ਨਿਭਾਉਣ ਤੋਂ ਬਾਅਦ ਦੇਸ਼ ਦੀ ਨਾਮਵਰ ਸੰਸਥਾ ਆਈ ਆਈ ਟੀ ਰੋਪੜ ਵਿੱਚ 2009 ਵਿੱਚ ਸਹਾਇਕ ਪ੍ਰੋਫੈਸਰ ਨਿਯੁਕਤ ਹੋ ਕੇ ਗਏ ਸਨ। ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੋਈ ਇੰਟਰਵਿਊ ਜਿਸ ਵਿੱਚ ਵਿਸ਼ਵ ਭਰ ਤੋਂ ਅਰਜੀਆਂ ਮੰਗੀਆਂ ਜਾਂਦੀਆਂ ਹਨ ਵਿੱਚ ਉਹਨਾਂ ਨੂੰ ਇੰਟਰਵਿਊ ਲਈ ਸੱਦਾ ਆਇਆ ਸੀ ਜਿਸ ਵਿੱਚ ਉਹਨਾਂ ਨੂੰ ਪ੍ਰਮਾਤਮਾ ਨੇ ਸਫਲਤਾ ਬਖਸ਼ੀ ਹੈ।ਉਹ ਗੁਰਦਵਾਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਨਤਮਸਤਕ ਹੋਣ ਲਈ ਆਏ ਸਨ।ਉਹਨਾਂ ਦੱਸਿਆ ਕਿ ਆਈ ਆਈ ਟੀ ਵਿੱਚ ਪ੍ਰੋਫੈਸਰ ਦੀ ਨਿਯੁਕਤੀ ਲਈ ਜੋ ਇੰਟਰਵਿਊ ਬੋਰਡ ਬਣਦਾ ਹੈ ਉਸ ਵਿੱਚ ਵੱਖ-ਵੱਖ ਮਾਹਿਰਾਂ ਤੋਂ ਇਲਾਵਾ ਭਾਰਤ ਦੇ ਰਾਸ਼ਟਰਪਤੀ ਦਾ ਨੁਮਾਇੰਦਾ ਵੀ ਹਾਜਰ ਹੁੰਦਾ ਹੈ।ਦੱਸਣਾ ਬਣਦਾ ਹੈ ਕਿ ਪ੍ਰੋਫੈਸਰ ਬਣਨ ਤੋਂ ਬਾਅਦ ਕਈ ਤਰਾਂ ਨਾਲ ਵਿਸ਼ੇਸ਼ ਦਰਜਾ ਮਿਲ ਜਾਂਦਾ ਹੈ।ਇੱਕ ਪ੍ਰੋਫੈਸਰ ਵਿਦੇਸ਼ਾਂ ਨੂੰ ਜਾਣ ਵਾਲੇ ਵਫਦ ਦੀ ਅਗਵਾਈ ਕਰ ਸਕਦਾ ਹੈ ਅਤੇ ਦੇਸ਼ ਭਰ ਵਿੱਚ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ ਰੈਂਕ ਲਈ ਹੋਣ ਵਾਲੀ ਇੰਟਰਵਿਊ ਵਿੱਚ ਮਾਹਿਰ ਤੌਰ ਤੇ ਬੈਠ ਸਕਦਾ ਹੈ।ਇਸ ਤੋਂ ਇਲਾਵਾ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਮਾਨਤਾ ਅਤੇ ਵਿਸ਼ੇਸ਼ ਦਰਜਾ ਦੇਣ ਲਈ ਦੌਰਾ ਕਰਨ ਵਾਲੀਆਂ ਜਾਂਚ ਟੀਮਾਂ ਦਾ ਚੇਅਰਮੈਨ ਬਣ ਸਕਦਾ ਹੈ।ਚੇਤੇ ਰਹੇ ਕਿ ਡਾ. ਹਰਪ੍ਰੀਤ ਸਿੰਘ ਹੁਣ ਤੱਕ 250 ਖੋਜ ਪੱਤਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖੋਜ ਰਸਾਲਿਆਂ ਵਿੱਚ ਛਾਪ ਚੁੱਕੇ ਹਨ ਅਤੇ 10 ਉਮੀਦਵਾਰਾਂ ਨੂੰ ਪੀ ਐਚ ਡੀ ਕਰਾ ਚੁੱਕੇ ਹਨ।ਇਸ ਤੋਂ ਇਲਾਵਾ 3 ਪੇਟੈਂਟ ਫਾਈਲ ਕਰ ਚੁੱਕੇ ਹਨ।ਉਹਨਾਂ ਨੂੰ ਹੁਣ ਤੱਕ ਵੱਖ-ਵੱਖ ਪ੍ਰੋਜੈਟਾਂ ਤਹਿਤ ਕੇਂਦਰ ਸਰਕਾਰ ਤੋਂ 5 ਕਰੋੜ ਰੁਪਏ ਦੀ ਗ੍ਰਾਂਟ ਖੋਜ ਕਾਰਜਾਂ ਹਿੱਤ ਮਿਲ ਚੁੱਕੀ ਹੈ।

