ਪੰਜਾਬਪਟਿਆਲਾ

ਰਾਗ ਮਾਲਾ ਤੋਂ ਬਗੈਰ ਪਾਵਨ ਸਰੂਪਾਂ ਨੂੰ ਤਿਆਰ ਕਰਵਾਕੇ ਵੰਡਣ ਵਾਲੀ ਬੀਬੀ ਖਿਲਾਫ਼ ਸਰਕਾਰ ਮਾਮਲਾ ਦਰਜ ਕਰੇ : ਪੰਜਾਬ ਸਿੱਖ ਕੌਂਸਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਬੇਨਕਾਬ ਨਹੀਂ ਕਰ ਸਕੀ ਸਰਕਾਰ : ਮੋਹਨ ਸਿੰਘ ਕਰਤਾਰਪੁਰ
ਪਟਿਆਲਾ 18 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਸੂਬੇ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਨਿਰੰਤਰ ਬੇਅਦਬੀ ਦੀਆਂ ਘਟਨਾਵਾਂ ਅਤੇ ਪਾਵਨ ਸਰੂਪਾਂ ਨੂੰ ਤਰੋੜ-ਮਰੋੜ ਕੇ ਛਾਪਣ ਅਤੇ ਵੰਡੇ ਜਾਣ ਦਾ ਪੰਜਾਬ ਸਿੱਖ ਕੌਂਸਲ ਨੇ ਗੰਭੀਰ ਨੋਟਿਸ ਲਿਆ ਹੈ।
ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਮੋਹਣ ਸਿੰਘ ਕਰਤਾਰਪੁਰ ਨੇ ਕਿਹਾ ਕਿ ਬੀਤੇ ਲੰਮੇ ਸਮੇਂ ਤੋਂ ਸੂਬੇ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਘਟਨਾਵਾਂ ਰੁਕਣ ਦਾ ਨਾ ਲੈ ਰਹੀਆਂ ਅਤੇ ਅੱਜ ਤੱਕ ਸੂਬਾ ਸਰਕਾਰ ਬੇਅਦਬੀ ਕਰਨ ਵਾਲੇ ਦੋਸ਼ੀਆਂ ਵਿਅਕਤੀਆਂ ਨੂੰ ਬੇਨਕਾਬ ਕਰ ਸਕੀ ਹੈ, ਜੋ ਅੱਜ ਵੀ ਬੇਖੌਫ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਸੱਤਾ ‘ਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇਗਾ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਪ੍ਰੰਤੂ ਸਰਕਾਰ ਬੇਅਦਬੀ ਮਾਮਲੇ ‘ਤੇ ਸਾਰਾ ਸੱਚ ਲੋਕਾਂ ਸਾਹਮਣੇ ਲਿਆਉਣ ‘ਚ ਨਾਕਾਮ ਰਹੀ ਹੈ, ਜਿਸ ਕਾਰਨ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੁਕ ਨਹੀਂ ਰਹੀ।
ਕੌਂਸਲ ਦੇ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਤਰੋੜ-ਮਰੋੜ ਕੇ ਵੰਡਣ ਵਾਲਿਆਂ ਦੀ ਨਿੰਦਾ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ ਕਿ ਬੀਬੀ ਸੁਖਵਿੰਦਰ ਕੌਰ ਸੱਗੂ ਪਿੰਡ ਖਾਣੀ ਜ਼ਿਲ੍ਹਾ ਫਰੀਦਕੋਟ ਵੱਲੋਂ ਸ੍ਰੀ ਗੁਰੂ ਗ੍ਰੱਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਬਿਨਾਂ ਰਾਗ ਮਾਲਾ ਤੋਂ ਤਿਆਰ ਕਰਕੇ ਵੰਡਣਾ ਬੇਹੱਦ ਮੰਦਭਾਗਾ ਅਤੇ ਘੋਰ ਅਪਰਾਧ ਹੈ, ਜਿਸ ਖਿਲਾਫ਼ ਸਰਕਾਰ ਅਤੇ ਪ੍ਰਸ਼ਾਸਨ ਨੂੰ ਦੋਸ਼ੀ ਬੀਬੀ ਸੁਖਵਿੰਦਰ ਸਿੰਘ ਕੌਰ ਸੱਗੂ ਖਿਲਾਫ਼ 302 ਦਾ ਮਾਮਲਾ ਦਰਜ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ 2012 ‘ਚ ਸੁਪਰੀਮ ਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਗਦੀ ਜੋਤ ਦਾ ਦਰਜਾ ਦਿੱਤਾ, ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਅਤੇ ਬੇਅਦਬੀ ਕਰਨ ਵਾਲੇ ਨਿੱਤ ਵਿਵਾਦਤ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ, ਜਿਨ੍ਹਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਮਹਾਨ ਗੁਰੂ ਹਨ ਅਤੇ ਗੁਰੂ ਦਸਮੇਸ਼ ਪਿਤਾ ਨੇ ਸਮੁੱਚੀ ਲੋਕਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ ਮਾਰਗ ਵਿਖਾਇਆ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਭਨਾਂ ਦੇ ਗੁਰੂ ਹਨ।
ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਬੀਬੀ ਸੁਖਵਿੰਦਰ ਕੌਰ ਸੱਗੂ ਵੱਲੋਂ ਬਗੈਰ ਰਾਗ ਮਾਲਾ ਤੋਂ ਬਗੈਰ ਤਿਆਰ ਕੀਤੇ ਗ੍ਰੰਥਾਂ ਨੂੰ ਜਬਤ ਕਰਨਾ ਚਾਹੀਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਮਾਂ ਕਰਵਾਉਣੇ ਚਾਹੀਦੇ ਹਨ ਅਤੇ ਬੀਬੀ ਖਿਲਾਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਛੇੜਛਾੜ ਦਾ ਮਾਮਲਾ ਦਰਜ ਕਰਨ ਦੀ ਕਾਰਵਾਈ ਕਰਨੀ ਚਾਹੀਦੀ ਹੈ।
ਕੌਂਸਲ ਦੇ ਪ੍ਰਧਾਨ ਮੋਹਨ ਸਿੰਘ ਕਰਤਾਰਪੁਰ ਨੇ ਦੋਸ਼ ਲਗਾਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਪਿੱਛੇ ਆਰ.ਐਸ.ਐਸ. ਦਾ ਹੱਥ ਹੈ, ਜਿਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਪਾਵਨ ਸਰੂਪਾਂ ਦੀ ਛੇੜਛਾੜ ਦਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ‘ਚ ਲਿਆਂਦਾ ਜਾਵੇਗਾ, ਜੇ ਫਿਰ ਮਾਮਲੇ ਦਾ ਹੱਲ ਨਾ ਹੋਇਆ ਤਾਂ ਹਮਖਿਆਲੀ ਪਾਰਟੀਆਂ ਨਾਲ ਮਿਲਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਨਾਲ ਕਿਹਾ ਜੇ ਮਾਮਲੇ ਨੂੰ ਲੈ ਕੇ ਹਾਲਾਤ ਖਰਾਬ ਹੁੰਦੇ ਹਨ ਤਾਂ ਇਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।

Leave a Reply

Your email address will not be published. Required fields are marked *