ਪਾਸਪੋਰਟ ਵੈਰੀਫਿਕੇਸ਼ਨ ਹੋਇਆ ਕਰੇਗੀ ਆਨਲਾਈਨ !
ਨਵੀਂ ਦਿੱਲੀ (ਮਧੂਸਾਰ ਬਿਊਰੋ) ਪਾਸਪੋਰਟ ਬਣਾਉਣ ‘ਚ ਲੱਗਣ ਵਾਲੇ ਲੰਬੇ ਸਮੇਂ ਅਤੇ ਵੈਰੀਫਿਕੇਸ਼ਨ (ਪੜਤਾਲ) ਤੋਂ ਜਲਦ ਹੀ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ। ਸਰਕਾਰ ਪਾਸਪੋਰਟ ਵੈਰੀਫਿਕੇਸ਼ਨ ਨੂੰ ਜਲਦ ਹੀ ਆਨਲਾਈਨ ਕਰਨ ਵਾਲੀ ਹੈ।
ਰਕਾਰ ਦੀ ਯੋਜਨਾ ਇਸ ਸੇਵਾ ਨੂੰ ਰਾਸ਼ਟਰੀ ਡਾਟਾਬੇਸ ਨਾਲ ਜੋੜਨ ਦੀ ਹੈ, ਜਿਸ ਜ਼ਰੀਏ ਇਕ ਕਲਿੱਕ ‘ਤੇ ਅਰਜ਼ੀਦਾਤਾ ਦੇ ਪਤੇ, ਪਛਾਣ ਅਤੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਸਕੇਗੀ। ਦਰਅਸਲ, ਸਰਕਾਰ ਪੁਲਸ ਜਾਂਚ ਨੂੰ ‘ਨੈਸ਼ਨਲ ਡਾਟਾਬੇਸ ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈਟਵਰਕ ਸਿਸਟਮ’ (ਸੀ. ਸੀ. ਟੀ. ਐੱਨ. ਐੱਸ.) ਨਾਲ ਜੋੜਨ ਦੀ ਤਿਆਰੀ ਕਰ ਰਹੀ ਹੈ, ਜਿਸ ਜ਼ਰੀਏ ਆਨਲਾਈਨ ਹੀ ਵਿਅਕਤੀ ਦੇ ਸਾਰੇ ਰਿਕਾਰਡ ਦੀ ਜਾਂਚ ਹੋ ਸਕੇਗੀ।
ਆਨਲਾਈਨ ਇਕ ਹੀ ਜਗ੍ਹਾ ਹੋਵੇਗਾ ਸਾਰਾ ਰਿਕਾਰਡ!
ਇਸ ਤਹਿਤ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਹੀ ਡਿਜੀਟਲ ਪੁਲਸ ਪੋਰਟਲ ਲਾਂਚ ਕੀਤਾ ਹੈ, ਜਿਸ ਦਾ ਮਕਸਦ ਅਪਰਾਧਾਂ ਅਤੇ ਅਪਰਾਧੀਆਂ ਦਾ ਰਾਸ਼ਟਰੀ ਵੇਰਵਾ ਤਿਆਰ ਕਰਨਾ ਹੈ। ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਰਿਸ਼ੀ ਦਾ ਕਹਿਣਾ ਹੈ ਕਿ ਇਸ ਸਿਸਟਮ ਨੂੰ ਵਿਦੇਸ਼ ਮੰਤਰਾਲੇ ਦੀ ਪਾਸਪੋਰਟ ਸੇਵਾ ਨਾਲ ਜੋੜੇ ਜਾਣ ਦੀ ਉਮੀਦ ਹੈ। ਇਹ ਪ੍ਰਾਜੈਕਟ ਲਗਭਗ ਇਕ ਸਾਲ ਅੰਦਰ ਪੁਲਸ ਵੱਲੋਂ ਖੁਦ ਜਾ ਕੇ ਪਾਸਪੋਰਟ ਅਰਜ਼ੀਦਾਤਾਵਾਂ ਦੀ ਪੜਤਾਲ ਕਰਨ ਦੀ ਜਗ੍ਹਾ ਲਵੇਗਾ।
ਇਸ ਨਵੇਂ ਪ੍ਰਾਜੈਕਟ ਨੂੰ ਦੇਸ਼ ਦੇ ਸਾਰੇ ਪੁਲਸ ਥਾਣਿਆਂ ਨਾਲ ਜੋੜਿਆ ਜਾਵੇਗਾ ਅਤੇ ਅਪਰਾਧੀਆਂ ਦਾ ਇਕ ਰਾਸ਼ਟਰੀ ਡਾਟਾਬੇਸ ਤਿਆਰ ਕੀਤਾ ਜਾਵੇਗਾ। ਅਜਿਹਾ ਹੋਣ ਨਾਲ ਵਿਅਕਤੀ ਦੇ ਸਾਰੇ ਰਿਕਾਰਡ ਆਨਲਾਈਨ ਹੋ ਜਾਣਗੇ ਅਤੇ ਉਸ ਦੇ ਪਿਛੋਕੜ ਬਾਰੇ ਇਕ ਕਲਿੱਕ ‘ਤੇ ਹੀ ਪਤਾ ਲੱਗ ਸਕੇਗਾ। ਖਬਰਾਂ ਮੁਤਾਬਕ, ਪਾਸਪੋਰਟ ਸੰਬੰਧੀ ਜਾਂਚ ਲਈ ਪੁਲਸ ਨੂੰ ਅਰਜ਼ੀਦਾਤਾ ਦੇ ਪਤੇ ‘ਤੇ ਜਾਣ ਲਈ ਹੱਥ ‘ਚ ਫੜੇ ਜਾਣ ਵਾਲੇ ਉਪਕਰਣ ਦਿੱਤੇ ਜਾਣਗੇ ਅਤੇ ਉਨ੍ਹਾਂ ਦੀ ਜਾਣਕਾਰੀ ਨੈੱਟਵਰਕ ‘ਤੇ ਪਾਈ ਜਾਵੇਗੀ। ਇਸ ਜ਼ਰੀਏ ਪਾਸਪੋਰਟ ਦਫਤਰ ਅਤੇ ਪੁਲਸ ਵਿਚਕਾਰ ਸੰਪਰਕ ਦਾ ਸਮਾਂ ਘੱਟ ਹੋਵੇਗਾ ਅਤੇ ਆਨਲਾਈਨ ਹੀ ਸਾਰਾ ਰਿਕਾਰਡ ਚੈੱਕ ਹੋ ਜਾਵੇਗਾ।

