ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਛੇਵੀਂ ਵਾਰ ‘ਮਾਕਾ’ ਟਰਾਫੀ ਜਿੱਤਣ ਦਾ ਮਾਣ ਹਾਸਲ ਹੋਇਆ
ਪਟਿਆਲਾ 26 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਖੇਡਾਂ ਦੇ ਖੇਤਰ ਵਿਚ ਸਰਵੋਤਮ ਯੂਨੀਵਰਸਿਟੀ ਬਣਨ ਦੇ ਨਾਲ ਹੀ ਦਸਵੀਂ ਵਾਰ ਅਤੇ ਲਗਾਤਾਰ ਛੇਵੀਂ ਵਾਰ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਨੇ ਇਹ ਟਰਾਫੀ ਇਸ ਵਾਰ 89635 ਪੁਆਇੰਟਸ ਨਾਲ ਜਿਤੀ ਜੋ ਪਿਛਲੇ ਸਾਲ ਦੇ 84895 ਨਾਲੋਂ 4740 ਵੱਧ ਹੈ।
ਮਾਕਾ ਟਰਾਫੀ ਸਬੰਧੀ ਭਾਰਤ ਸਰਕਾਰ ਦੇ ਯੁਵਕ ਮਾਮਲਿਆਂ ਅਤੇ ਖੇਡ ਮੰਤਰਾਲਾ ਵੱਲੋਂ ਯੂਨੀਵਰਸਿਟੀ ਨੂੰ ਲਿਖਤੀ ਸੂਚਨਾ ਪ੍ਰਾਪਤ ਹੋਈ ਤਾਂ ਇਸ ਖਬਰ ਨਾਲ ਸਮੁੱਚੀ ਯੂਨੀਵਰਸਿਟੀ ਖੁਸ਼ੀ ਨਾਲ ਝੂਮ ਉੱਠੀ ਅਤੇ ਯੂਨੀਵਰਸਿਟੀ ਦਾ ਮਾਹੌਲ ਖੁਸ਼ੀਆਂ ਵਿੱਚ ਰੰਗਿਆ ਗਿਆ। ਪੰਜਾਬੀ ਯੂਨੀਵਰਸਿਟੀ ਨੇ ਸੈਸ਼ਨ 2016-17 ਲਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ 23140 ਅੰਕਾਂ ਨਾਲ ਪਛਾੜ ਕੇ ਇਹ ਟਰਾਫੀ ਜਿੱਤੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆ ਖੇਡ ਨਿਰਦੇਸ਼ਕ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੇ ਟਰਾਫ਼ੀ ਲਈ 89635 ਅੰਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ 66495 ਅੰਕ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ 50640 ਅੰਕ ਹਾਸਲ ਕਰਕੇ ਇਹ ਟਰਾਫੀ ਜਿੱਤਣ ਲਈ ਦਾਅਵਾ ਪੇਸ਼ ਕੀਤਾ ਸੀ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਬੀ.ਐਸ. ਘੁੰਮਣ ਅਤੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਮਿਤੀ 29 ਅਗਸਤ ਨੂੰ ‘ਰਾਸ਼ਟਰੀ ਖੇਡ ਦਿਵਸ’ ਮੌਕੇ ਮਾਣਯੋਗ ਰਾਸ਼ਟਰਪਤੀ ਪਾਸੋਂ ਰਾਸ਼ਟਰਪਤੀ ਭਵਨ ਵਿਖੇ ਮਾਕਾ ਟਰਾਫੀ ਹਾਸਲ ਕਰਨਗੇ।
ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਬੀ.ਐਸ.ਘੁੰਮਣ, ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ, ਰਜਿਸਟਰਾਰ ਸਾਹਿਬ ਡਾ. ਮਨਜੀਤ ਸਿੰਘ ਨਿੱਜਰ, ਡਾਇਰੈਕਟਰ ਮੀਡੀਆ ਸੈਂਟਰ ਡਾ. ਗੁਰਮੀਤ ਮਾਨ, ਸੁਰੱਖਿਆ ਅਫਸਰ ਕੈਪਟਨ ਗੁਰਤੇਜ ਸਿੰਘ ਅਤੇ ਯੂਨੀਵਰਸਿਟੀ ਅਥਾਰਟੀ ਦੇ ਹੋਰ ਉੱਚ ਅਧਿਕਾਰੀਆਂ ਵੱਲੋਂ ਸਮੂਹ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਵਾਈਸ ਚਾਂਸਲਰ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਹਨਾਂ ਨੂੰ ਯੂਨੀਵਰਸਿਟੀ ਦਾ ਉਪ ਕੁਲਪਤੀ ਬਣਦਿਆਂ ਸਾਰ ਹੀ ਪੰਜਾਬੀ ਯੂਨੀਵਰਸਿਟੀ ਲਈ ਰਾਸ਼ਟਰੀ ਪੱਧਰ ਦਾ ਸਨਮਾਨ ”ਮਾਕਾ ਟਰਾਫੀ” ਪ੍ਰਾਪਤ ਕਰਨ ਦਾ ਮਾਣ ਹਾਸਲ ਹੋ ਰਿਹਾ ਹੈ ਜਿਸਦੇ ਲਈ ਉਹ ਪੰਜਾਬੀ ਯੂਨੀਵਰਸਿਟੀ ਦੇ ਸਮੂਹ ਖੇਡ ਪਰਿਵਾਰ ਦੇ ਧੰਨਵਾਦੀ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਹ ਪ੍ਰਾਪਤੀਆਂ ਬਰਕਰਾਰ ਰੱਖਣ ਲਈ ਖਿਡਾਰੀਆਂ ਅਤੇ ਵਿਭਾਗ ਨੂੰ ਬਣਦਾ ਸਹਿਯੋਗ ਦੇਣ ਲਈ ਵਚਨਬੱਧ ਹੋਣਗੇ।
ਉਨ੍ਹਾਂ ਅੱਗੇ ਕਿਹਾ ਕਿ ਮਾਕਾ ਟਰਾਫੀ ਦਸਵੀਂ ਵਾਰ ਜਿੱਤਣ ਨਾਲ ਸਾਡੇ ਸਾਰੇ ਖੇਡ ਪਰਿਵਾਰ ਨੂੰ ਵੱਡੀ ਮਾਤਰਾ ਵਿੱਚ ਹੌਸਲਾ ਅਤੇ ਪ੍ਰੇਰਨਾ ਤਾਂ ਮਿਲੇਗੀ ਪਰ ਨਾਲ ਹੀ ਸਾਡੇ ਲਈ ਚੁਣੌਤੀਆਂ ਦਾ ਦਾਇਰਾ ਵੀ ਹੋਰ ਵਿਸ਼ਾਲ ਹੋ ਜਾਵੇਗਾ। ”ਮੈਂ ਆਪਣੇ ਵਲੋਂ ਸੁਚੇਤ ਪੱਧਰ ਤੇ ਇਹ ਪੂਰੀ ਕੋਸ਼ਿਸ਼ ਕਰਾਂਗਾ ਕਿ ਯੂਨੀਵਰਸਿਟੀ ਦੇ ਖੇਡ ਸਬੰਧੀ ਸਾਜ਼ੋ-ਸਾਮਾਨ ਅਤੇ ਸਹੂਲਤਾਂ ਵਿੱਚ ਵੱਧ ਤੋਂ ਵੱਧ ਵਾਧਾ ਹੋ ਸਕੇ ਤਾਂ ਕਿ ਭਾਰਤ ਦੇ ਵਧੀਆ ਤੋਂ ਵਧੀਆ ਖਿਡਾਰੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਅਤੇ ਡਾਇਰੈਕਟਰ ਸਪੋਰਟਸ ਵੱਲੋਂ ਇਸ ਟਰਾਫੀ ਲਈ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਸਾਰੇ ਖਿਡਾਰੀਆਂ, ਪ੍ਰਬੰਧਕਾਂ, ਵਿਭਾਗ ਦੇ ਕੋਚ ਸਾਹਿਬਾਨ, ਸਪੋਰਟਸ ਕਮੇਟੀ ਮੈਂਬਰਾਂ, ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨਾਂ, ਫਿਜ਼ੀਕਲ ਐਜੂਕੇਸ਼ਨ ਦੇ ਲੈਕਚਰਾਰ ਸਾਹਿਬਾਨਾਂ, ਪੰਜਾਬ ਖੇਡ ਵਿਭਾਗ, ਸਪੋਰਟਸ ਅਥਾਰਟੀ ਆਫ਼ ਇੰਡੀਆ ਅਤੇ ਯੂਨੀਵਰਸਿਟੀ ਦੇ ਉੱਚ-ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।

