ਕਾਨਫਰੰਸ ‘ਚ ਹਿੱਸਾ ਲੈ ਕੇ ਕਾਂਗਰਸ ਸਰਕਾਰ ਦੀਆਂ ਜੜਾਂ ਹਿਲਾਉਣਗੇ ਨੌਜਵਾਨ : ਮਜੀਠੀਆ, ਬ੍ਰਹਮਪੁਰਾ
ਕਾਂਗਰਸ ਸਰਕਾਰ ਨੇ ਰੁਜ਼ਗਾਰ ਮੇਲੇ ਦੇ ਨਾਮ ‘ਤੇ ਨੌਜਵਾਨ ਵਰਗ ਨਾਲ ਸਭ ਤੋਂ ਵੱਡਾ ਭੱਦਾ ਮਜ਼ਾਕ ਕੀਤਾ : ਮਜੀਠੀਆ, ਬ੍ਰਹਮਪੁਰਾ.
ਅੰਮ੍ਰਿਤਸਰ 1 ਸਤੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਮੌਕੇ ੧੦ ਸਤੰਬਰ ਨੂੰ ਖਡੂਰ ਸਾਹਿਬ ਵਿਖੇ ਜੋੜ ਮੇਲੇ ‘ਤੇ ਅਕਾਲੀ ਦਲ ਵੱਲੋਂ ਕਰਾਈ ਜਾ ਰਹੀ ਕਾਨਫਰੰਸ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਖਾਸ ਕਰ ਨੌਜਵਾਨ ਵਰਗ ਵੱਲੋਂ ਉਕਤ ਕਾਨਫਰੰਸ ਵਿੱਚ ਵੱਡੀ ਗਿਣਤੀ ‘ਚ ਹਿੱਸਾ ਲੈ ਕੇ ਕਾਂਗਰਸ ਸਰਕਾਰ ਦੀਆਂ ਜੜਾਂ ਹਿਲਾ ਦੇਣਗੇ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਖਡੂਰ ਸਾਹਿਬ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਅਕਾਲੀ ਆਗੂਆਂ ਦੀ ਮੀਟਿੰਗ ਉਪਰੰਤ ਕੀਤਾ। ਉਹਨਾਂ ਦੱਸਿਆ ਕਿ ਮੈਂਬਰ ਲੋਕ ਸਭਾ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ‘ਚ ਕੀਤੀ ਜਾ ਰਹੀ ਉਕਤ ਕਾਨਫਰੰਸ ਇਤਿਹਾਸਕ ਸਿੱਧ ਹੋਵੇਗੀ।
ਉਹਨਾਂ ਕਿਹਾ ਕਿ ਘਰ ਘਰ ਨੌਕਰੀਆਂ ਦੇਣ ਦਾ ਲਾਰਾ ਲਾ ਕੇ ਹੋਂਦ ਵਿੱਚ ਆਈ ਕਾਂਗਰਸ ਸਰਕਾਰ ਨੇ ਰੁਜ਼ਗਾਰ ਮੇਲੇ ਦੇ ਨਾਮ ‘ਤੇ ਨੌਜਵਾਨ ਵਰਗ ਨਾਲ ਸਭ ਤੋਂ ਵੱਡਾ ਅਤੇ ਭੱਦਾ ਮਜ਼ਾਕ ਕੀਤਾ ਹੈ। ਉਹਨਾਂ ਕਿਹਾ ਕਿ ਇਹਨਾਂ ਨਿੱਜੀ ਕੰਪਨੀਆਂ ਨੂੰ ਲੈ ਕੇ ਪੰਜਾਬ ਸਰਕਾਰ ਨੌਕਰੀਆਂ ਦੇਣ ਦੀ ਗਲ ਕਰ ਰਹੀ ਹੈ ਉਸ ਨਾਲ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ। ਉਹ ਕੰਪਨੀਆਂ ਪਹਿਲਾਂ ਹੀ ਆਪਣੇ ਪੱਧਰ ‘ਤੇ ਪਲੇਸਮੈਂਟ ਦੀ ਵਿਵਸਥਾ ਕਰ ਰਹੀਆਂ ਹਨ।ਉਹਨਾਂ ਕਿਹਾ ਕਿ ਨੌਜਵਾਨ ਵਰਗ ਕਿਸਾਨਾਂ ਵਾਂਗ ਆਪਣੇ ਆਪ ਨੂੰ ਕਾਂਗਰਸ ਹੱਥੋਂ ਠੱਗੇ ਗਏ ਮਹਿਸੂਸ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪਾਰਟੀ ਨਾਲ ਜੁੜੇ ਨੌਜਵਾਨ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਪਾਰਟੀ ਹਮੇਸ਼ਾਂ ਆਪਣੇ ਜੁਝਾਰੂ ਵਰਕਰਾਂ ਨਾਲ ਚਟਾਨ ਵਾਂਗ ਖੜ੍ਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਜਿਸ ਨੂੰ ਕੰਟਰੋਲ ਕਰਨਾ ਕਾਂਗਰਸ ਸਰਕਾਰ ਦੇ ਵਸ ਤੋਂ ਬਾਹਰ ਦੀ ਗਲ ਹੁੰਦੀ ਜਾ ਰਹੀ ਹੈ। ਉਹਨਾਂ ਕਿਹਾ ਕਾਂਗਰਸ ਨੇ ਚੋਣ ਮੈਨੀਫੈਸਟੋ ਦੇ ਉਲਟ ਸਿਆਸੀ ਬਦਲਾ ਖੋਰੀ ਦੀ ਸਿਆਸਤ ਕਰ ਰਹੀ ਹੈ। ਉਹ ਵਿਕਾਸ ਕਰਨ ਦੀ ਥਾਂ ਅਕਾਲੀ ਵਰਕਰਾਂ ‘ਤੇ ਧੱਕੇਸ਼ਾਹੀਆਂ ਅਤੇ ਝੂਠੇ ਪਰਚੇ ਦਰਜ ਕਰਨ ਵਿੱਚ ਸਰਗਰਮ ਹਨ। ਉਹਨਾਂ ਕਿਹਾ ਕਿ ਕਾਂਗਰਸ ਨੇ ਪੰਜ ਮਹੀਨੇ ਦੌਰਾਨ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ।ਕਿਸਾਨੀ ਕਰਜ਼ਿਆਂ ਕਾਰਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ ਪਰ ਕਾਂਗਰਸ ਦੇ ਕੰਨਾਂ ‘ਤੇ ਜੂੰਅ ਵੀ ਨਹੀਂ ਸਰਕ ਰਹੀ। ਕਈ ਕਿਸਾਨਾਂ ਨੇ ਖੁਦਕੁਸ਼ੀ ਨੋਟ ਵਿੱਚ ਵੀ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਬਹੁਤ ਕੁੱਝ ਲਿਖਿਆ ਹੈ।
ਉਨ੍ਹਾਂ ਕਿਸਾਨਾਂ ਨੇ ਸਪਸ਼ਟ ਕਿਹਾ ਕਿ ਉਹ ਕਾਂਗਰਸ ਦੇ ਵਾਅਦਿਆਂ ‘ਤੇ ਯਕੀਨ ਕਰ ਕੇ ਕਾਂਗਰਸ ਨੂੰ ਵੋਟ ਪਾਈ ਕਿ ਕਾਂਗਰਸ ਸਰਕਾਰ ਬਣਨ ‘ਤੇ ਉਸ ਦਾ ਕਰਜ਼ਾ ਮੁਆਫ਼ ਕਰੇਗੀ ਪਰ ਹੋਇਆ ਸਭ ਉਲਟ ‘ਤੇ ਅੱਜ ਉਨ੍ਹਾਂ ਸਿਰ ਕਰਜ਼ੇ ਦੀ ਪੰਡ ਪਾਰੀ ਹੋ ਚੁੱਕੀ ਹੈ ਜਿਸ ਲਈ ਉਸ ਪਾਸ ਖੁਦਕੁਸ਼ੀ ਤੋਂ ਸਿਵਾ ਕੋਈ ਰਾਹ ਨਹੀਂ ਰਿਹਾ। ਉਹਨਾਂ ਕਿਹਾ ਕਿ ਕਾਂਗਰਸ ਨੇ ਮਜ਼ਦੂਰਾਂ, ਦਲਿਤ ਭਾਈਚਾਰੇ, ਬਜ਼ੁਰਗਾਂ, ਵਿਧਵਾਵਾਂ ਆਦਿ ਸਭ ਨੂੰ ਧੋਖਾ ਦਿੱਤਾ ਹੈ। ਕਾਂਗਰਸ ਨੇ ਸਭ ਤਰਾਂ ਦੀਆਂ ਲੋਕ ਭਲਾਈ ਸਕੀਮਾਂ ਬੰਦ ਕਰਦਿਆਂ ਹਨ।ਆਟਾ ਦਾਲ , ਨਾ ਹੀ ਸ਼ਗਨ ਸਕੀਮ ਦੇ 51 ਹਜ਼ਾਰ ਕਿਸੇ ਦਲਿਤ ਲੜਕੀ ਨੂੰ ਮਿਲ ਰਿਹਾ ਹੈ। ਨਾ ਹੀ 2000 ਰੁਪੈ ਮਹੀਨਾ ਪੈਨਸ਼ਨ ਮਿਲ ਰਹੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਿਆਸੀ ਬੇਅਦਬੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਅੱਜ ਹਰ ਵਰਗ ਕਾਂਗਰਸ ਨੂੰ ਬੁਰੀ ਤਰਾਂ ਕੋਸ ਰਿਹਾ ਹੈ। ਇਸ ਮੌਕੇ ਵਿਸ਼ਾਲ ਕਾਨਫਰੰਸ ਦੀ ਸਫਲਤਾ ਲਈ ਤਿਆਰੀਆਂ ਵਿੱਚ ਜੁਟੇ ਸ: ਮਜੀਠੀਆ ਅਤੇ ਜਥੇ: ਬ੍ਰਹਮਪੁਰਾ ਨੇ ਅੱਜ ਜ਼ਿਲ੍ਹੇ ਦੇ ਸੀਨੀਅਰ ਅਕਾਲੀ ਆਗੂਆਂ ਅਤੇ ਸਾਬਕਾ ਵਿਧਾਇਕਾਂ ਨਾਲ ਇੱਕ ਮੀਟਿੰਗ ਕਰਦਿਆਂ ਉਹਨਾਂ ਦੀਆਂ ਡਿਊਟੀਆਂ ਲਗਾਈਆਂ।ਇਸ ਮੌਕੇ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਵੀਰ ਸਿੰਘ ਲੋਪੋਕੇ, ਬੋਨੀ ਅਮਰਪਾਲ ਸਿੰਘ ਅਜਨਾਲਾ, ਵਿਰਸਾ ਸਿੰਘ ਵਲਟੋਹਾ, ਮਲਕੀਤ ਸਿੰਘ ਏ ਆਰ, ਡਾ: ਦਲਬੀਰ ਸਿੰਘ ਵੇਰਕਾ, ਰਵਿੰਦਰ ਸਿੰਘ ਬ੍ਰਹਮਪੁਰਾ, ਗੁਰਪ੍ਰਤਾਪ ਸਿੰਘ ਟਿਕਾ, ਤਲਬੀਰ ਸਿੰਘ ਗਿੱਲ, ਮਲਵਿੰਦਰ ਸਿੰਘ ਖਾਪੜਖੇੜੀ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

