ਕੈਪਟਨ ਸਰਕਾਰ ਵੱਲੋਂ ਤਿੰਨ ਸਾਲਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨਾ ਮੁਲਾਜ਼ਮ ਵਿਰੋਧੀ ਫੈਸਲਾ-ਰਾਜੂ ਖੰਨਾ, ਭਗੜਾਣਾ
ਬਾਦਲ ਸਰਕਾਰ ਨੇ ਤਿੰਨ ਸਾਲਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਲਿਆ ਸੀ ਫੈਸਲਾ
ਅਮਲੋਹ, 4 ਸਤੰਬਰ (ਮਧੂਸਾਰ ਬਿਊਰੋ) ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਪੰਜਾਬ ਦੇ ਕੱਚੇ ਮੁਲਾਜ਼ਮਾਂ ਜਿਨ੍ਹਾਂ ਵਿਚ 25 ਹਜ਼ਾਰ ਐਡਹਾਕ, ਠੇਕਾ, ਵਰਕਚਾਰਜ਼ ਆਰ ਜੀ ਤੇ ਡੇਲੀਵੇਜ਼ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ 15 ਹਜਾਰ ਆਊਟਸੋਰਸ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਸਿੱਧਾ ਠੇਕੇ ਤੇ ਮੁਲਾਜ਼ਮ ਲੈਣ ਦੇ ਲਏ ਗਏ ਫੈਸਲੇ ਤੇ ਕੈਪਟਨ ਦੀ ਕਾਂਗਰਸ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ, ਜੋ ਕਿ ਪੰਜਾਬ ਦੇ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਹੈ।
ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਕਰਮਚਾਰੀ ਦਲ ਭਗੜਾਣਾ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੁਲਾਜ਼ਮ ਵਿੰਗ ਤੇ ਕਰਮਚਾਰੀ ਦਲ ਦੇ ਆਗੂਆਂ ਨੂੰ ਨਾਲ ਲੈ ਕੇ ਅਕਾਲੀ ਭਾਜਪਾ ਸਰਕਾਰ ਸਮੇਂ ਤਿੰਨ ਸਾਲਾਂ ਤੋਂ ਵੱਖ ਵੱਖ ਵਿਭਾਗਾਂ ਵਿਚ ਕੱਚੇ ਤੌਰ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਮਤਾ ਪਾਸ ਕਰਵਾਇਆ ਗਿਆ ਸੀ ਪਰ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਨੋਟੀਫਿਕੇਸ਼ਨ ਵਿਚਕਾਰ ਹੀ ਰਹਿ ਗਿਆ ਸੀ ਪਰ ਹੁਣ ਕਾਂਗਰਸ ਸਰਕਾਰ ਵੱਲੋਂ ਬਾਦਲ ਸਰਕਾਰ ਦੇ ਤਿੰਨਾ ਸਾਲਾਂ ਦੇ ਮਤੇ ਨੂੰ ਰੱਦ ਕਰਕੇ 10 ਸਾਲਾਂ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕਹੀ ਜਾ ਰਹੀ ਹੈ ਜੋ ਸਰਾਸਰ ਕੱਚੇ ਮੁਲਾਜਮਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਉਹ ਦਸ ਸਾਲਾਂ ਦੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਖਿਲਾਫ ਨਹੀਂ ਉਨ੍ਹਾਂ ਨੂੰ ਵੀ ਪੱਕੇ ਹੋਣ ਦਾ ਹੱਕ ਹੈ ਪਰ ਪਿਛਲੀ ਸਰਕਾਰ ਦੇ ਸਮੇਂ ਤਿੰਨ ਸਾਲਾਂ ਦੇ ਕੀਤੇ ਗਏ ਪਾਸ ਮਤੇ ਨੂੰ ਵੀ ਕਾਂਗਰਸ ਸਰਕਾਰ ਲਾਗੂ ਕਰੇ ਤਾਂ ਜੋ ਇਹ ਕੱਚੇ ਮੁਲਾਜਮ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਣ। ਸੂਬਾ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਹ ਤਿੰਨ ਸਾਲਾਂ ਦੀ ਸ਼ਰਤ ਵਾਲੇ ਮੁਲਾਜ਼ਮ ਪੱਕੇ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿਚ ਕਰਮਚਾਰੀ ਦਲ ਭਗੜਾਣਾ ਕੈਪਟਨ ਅਮਰਿੰਦਰ ਸਰਕਾਰ ਖਿਲਾਫ ਸੜਕਾਂ ਤੇ ਉਤਰੇਗਾ ਤੇ ਹਰ ਸ਼ਹਿਰ ਤੇ ਮੁੱਖ ਦਫਤਰਾਂ ਅੱਗੇ ਸੰਘਰਸ਼ ਜਾਰੀ ਕਰ ਦਿੱਤਾ ਜਾਵੇਗਾ ਜਿਸ ਦੀ ਸਿੱਧੀ ਜਿੰਮੇਵਾਰੀ ਪੰਜਾਬ ਕਾਂਗਰਸ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਕਸ਼ਮੀਰਾ ਸਿੰਘ ਸ਼ਾਹਪੁਰ, ਸਾਬਕਾ ਡਾਇਰੈਕਟਰ ਰੋਸ਼ਨ ਲਾਲ ਸੂਦ, ਭਾਜਪਾ ਦੇ ਜਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਗਰਗ, ਸੀਨੀਅਰ ਆਗੂ ਜਗਦੀਸ਼ ਸਿੰਘ ਰਾਣਾ, ਨੰਬਰਦਾਰ ਯੁਨੀਅਨ ਦੇ ਪ੍ਰਧਾਨ ਸ਼ਰਧਾ ਸਿੰਘ ਛੰਨਾ, ਜੱਥੇਦਾਰ ਕੁਲਦੀਪ ਸਿੰਘ ਮਛਰਾਈ, ਯੂਥ ਆਗੂ ਵਿੱਕੀ ਚਾਹਿਲ, ਯੂਥ ਆਗੂ ਪਰਮਿੰਦਰ ਸਿੰਘ ਨੀਟਾ ਸੰਧੂ, ਮੰਡਲ ਪ੍ਰਧਾਨ ਵਿਨੋਦ ਮਿੱਤਲ, ਜੱਥੇਦਾਰ ਗੁਰਦੀਪ ਸਿੰਘ ਮੰਡੋਫਲ, ਦਰਸ਼ਨ ਸਿੰਘ ਔਲਖ, ਜਸਵੰਤ ਸਿੰਘ ਸੌਂਟੀ, ਸਵਿੰਦਰ ਸਿੰਘ ਭਗੜਾਣਾ, ਛੱਜਾ ਸਿੰਘ ਭੱਦਲਥੂਹਾ, ਹਰਭਜਨ ਸਿੰਘ ਅਮਲੋਹ, ਜੱਥੇਦਾਰ ਮਾਨ ਸਿੰਘ ਬੈਣਾ, ਸਿਮਰਨਜੀਤ ਸਿੰਘ ਸੰਮੀ, ਦਲਵੀਰ ਸਿੰਘ ਗੁਰਮ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ।

