ਪੰਜਾਬਲੇਖ

ਡੇਰਿਆਂ ਤੋਂ ਅਨੈਤਿਕ ਭੂਮਿਕਾ ਦੀ ਉਮੀਦ ਨਹੀਂ ਹੋਣੀ ਚਾਹੀਦੀ

ਦਿਲਜੀਤ ਸਿੰਘ ਬੇਦੀ
ਡੇਰਾਵਾਦ ਅੱਜ ਦੇ ਸਮੇਂ ਦੀ ਇਕ ਵੱਡੀ ਸਮੱਸਿਆ ਹੈ ਜੋ ਧਰਮ ਦੀ ਰੁਹਾਨੀਅਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਬਾਕੀ ਧਰਮਾਂ ਦੇ ਨਾਲ-ਨਾਲ ਸਿੱਖ ਧਰਮ ਵੀ ਇਸ ਦੇ ਕਲਾਵੇ ਵਿੱਚ ਹੈ। ਬੇਸ਼ਕ ਸਿੱਖ ਧਰਮ ਵਿਚ ਕੁਝ ਸੰਸਥਾਵਾਂ ਜਾਂ ਡੇਰੇ ਸਿੱਖੀ ਪ੍ਰਚਾਰ ਦਾ ਕੇਂਦਰ ਹਨ ਪਰ ਬਹੁ-ਗਿਣਤੀ ਅਜਿਹੇ ਡੇਰਿਆਂ ਦੀ ਹੈ ਜਿਨ੍ਹਾਂ ਨੇ ਧਰਮ ਦਾ ਚੋਲਾ ਪਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਪਣੇ ਕਾਰੋਬਾਰ ਬਣਾਏ ਹੋਏ ਹਨ। ਅੱਜ ਪੰਜਾਬ ਅੰਦਰ ਹੀ ਛੋਟੇ ਮੋਟੇ ਨੌ ਸੌ ਡੇਰੇ ਦੱਸੇ ਜਾ ਰਹੇ ਹਨ।

ਡੇਰਾ ਪਰੰਪਰਾ ਪੂਰੇ ਭਾਰਤ ਵਿੱਚ ਹੈ ਪਰ ਪੰਜਾਬ’ਤੇ ਇਸ ਦੇ ਨਾਲ ਲਗਦੇ ਪ੍ਰਾਂਤ ਡੇਰਾਵਾਦ ਤੋਂ ਜਿਆਦਾ ਪ੍ਰਭਾਵਤ ਹਨ। ਰਾਜਨੀਤਕਾਂ ਦੀ ਵੋਟ ਹਵਸ ਨੇ ਵੀ ਇਨ੍ਹਾਂ ਡੇਰਿਆਂ ਨੂੰ ਮਜਬੂਤ ਤੇ ਵਿਸਥਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਦਰਅਸਲ ਡੇਰਾਵਾਦ ਸਮਾਜਿਕ ਤੌਰ ‘ਤੇ ਵਿਤਕਰਿਆਂ ਵਿਚੋਂ ਹੀ ਪ੍ਰਫ਼ੁਲਤ ਹੁੰਦਾ ਹੈ। ਜਦੋਂ ਧਾਰਮਿਕ ਪਰੰਪਰਾਵਾਂ ਵਿਚ ਅਖੌਤੀ ਉੱਚੀ ਅਤੇ ਸ੍ਰੇਸ਼ਠ ਮਾਨਸਿਕਤਾ ਵਾਲੇ ਆਗੂ ਕਾਬਜ਼ ਹੋ ਕੇ ਧਰਮ ਦੇ ਅਨੁਯਾਈਆਂ ਨੂੰ ਜਾਤ-ਪਾਤ ਊਚ-ਨੀਚ ਜਿਹੇ ਵਖਰੇਵਿਆਂ ਦੇ ਆਧਾਰ ‘ਤੇ ਵੰਡਦੇ ਹਨ ਤਾਂ ਸਮਾਜਿਕ ਤੌਰ ਤੇ ਲਤਾੜੇ ਹੋਏ ਲੋਕ ਕੋਈ ਨਵਾਂ ਰਸਤਾ ਭਾਲਦੇ ਹਨ। ਆਰਥਿਕ ਤੰਗੀਆਂ ਨਾਲ ਜੂਝ ਰਹੇ ਅਜਿਹੇ ਲੋਕਾਂ ਨੂੰ ਜਦੋਂ ਕੋਈ ਧਾਰਮਿਕ ਆਗੂ ਦੋ ਹਮਦਰਦੀ ਦੇ ਦੋ ਬੋਲ ਬੋਲਦਾ ਹੈ ਤਾਂ ਇਹ ਉਸ ਨੂੰ ਭਗਵਾਨ ਦਾ ਰੂਪ ਮੰਨਣ ਲਗ ਪੈਂਦੇ ਹਨ। ਸ਼ਾਤਰ ਕਿਸਮ ਦੇ ਪਾਖੰਡੀ ਲੋਕ ਧਾਰਮਿਕ ਬੁਰਕਾ ਪਾ ਕੇ ਅਜਿਹੇ ਲੋਕਾਂ ਦੀ ਆਸਥਾ ਨਾਲ ਖੇਡਦੇ ਹਨ। ਉਨ੍ਹਾਂ ਨੂੰ ਗੈਬੀ ਸ਼ਕਤੀਆਂ ਨਾਲ ਕਿਸਮਤਾਂ ਬਦਲਣ ਦੇ ਸਬਜ਼ਬਾਗ ਦਿਖਾ ਕੇ ਆਪਣੇ ਚੇਲੇ ਬਣਾ ਲੈਂਦੇ ਹਨ। ਇਨ੍ਹਾ ਚੇਲਿਆਂ ਨੂੰ ਆਪਣੀ ਢਾਲ ਬਣਾ ਕੇ ਇਹ ਲੋਕ ਅਨੈਤਿਕ ਕੰਮਾਂ ਨੂੰ ਅੰਜਾਮ ਦਿੰਦੇ ਹਨ। ਜੇਕਰ ਕੋਈ ਇਨ੍ਹਾ ਖਿਲਾਫ ਮੂੰਹ ਖੋਲਦਾ ਹੈ ਤਾਂ ਉਸ ਨੂੰ ਮਰਵਾਉਣਾ ਇਨ੍ਹਾਂ ਲਈ ਕੋਈ ਆਉਖਾ ਕੰਮ ਨਹੀਂ। ਪਿਛਲੇ ਸਮੇਂ ਵਿਚ ਅਜਿਹੇ ਕਈ ਪਾਖੰਡੀ ਲੋਕਾਂ ਦੇ ਚੇਹਰੇ ਨਸ਼ਰ ਹੋ ਚੁੱਕੇ ਹਨ, ਜਿਨ੍ਹਾਂ ਨੇ ਸਿਧੇ ਸਾਦੇ ਲੋਕਾਂ ਦੀ ਆਸਥਾ ਨਾਲ ਖੁਲ੍ਹ ਕੇ ਖਿਲਵਾੜ ਕੀਤਾ।
ਪਿਛਲੇ ਦਿਨੀ ਆਖੌਤੀ ਸਾਧ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਨੇ ਦੋਹਰੇ ਬਲਾਤਕਾਰ ਜਿਹੇ ਘਨੌਣੇ ਜੁਰਮ ਵਿਚ ਸਜਾ ਸੁਣਾਈ ਹੈ। ਹਰਿਆਣਾ ਦੇ ਸ਼ਹਿਰ ਸਿਰਸੇ ਵਿਚ ਡੇਰਾ ਸੱਚਾ ਸੌਦਾ ਦੇ ਨਾਂ ‘ਤੇ ਬਹੁਤ ਵੱਡੇ ਪੱਧਰ ‘ਤੇ ਲੋਕਾਂ ਦੀ ਬਹੁਪੱਖੀ ਲੁੱਟ-ਖਸੁੱਟ ਕਰਨ ਵਾਲੇ ਵੱਡੇ ਪਾਖੰਡੀ ਗੁਰਮੀਤ ਰਾਮ ਰਹੀਮ ਦੇ ਗੈਰ ਜੁੰਮੇਵਾਰ ਕਾਰਨਾਮੇ ਪਿਛਲੇ ਲੰਬੇ ਸਮੇਂ ਤੋਂ ਚਰਚਾ ਵਿਚ ਸਨ। ਇਹ ਡੇਰਾ ਅਸਲ ਵਿੱਚ ਲੋਕ ਭਲਾਈ ਤੇ ਸਰਬ ਧਰਮ ਪ੍ਰਚਾਰ ਵਜੋਂ ਹੋਂਦ ਵਿੱਚ ਆਇਆ ਸੀ। ਹਰਿਆਣਾ ਪ੍ਰਾਂਤ ਦੇ ਸਿਰਸਾ ਨਗਰ ਪਾਸ ਇਸ ਡੇਰੇ ਦੀ ਸਥਾਪਨਾ ਸੰਨ 1948 ਈ: ਵਿੱਚ ਬੇਪ੍ਰਵਾਹ ਸ਼ਾਹ ਮਸਤਾਨਾ ਨੇ ਕੀਤੀ। ਇਸ ਦਾ ਜਨਮ 8 ਨਵੰਬਰ 1891 ਈ: ਵਿੱਚ ਪਿੰਡ ਕੋਟਲਾ, ਤਹਿਸੀਲ ਗਛੇੜ, ਜ਼ਿਲ੍ਹਾ ਕੁਲੇਤ (ਬਲੋਚਿਸਤਾਨ) ਦੇ ਸ੍ਰੀ ਪੀਲਾ ਮੱਲ ਤੇ ਮਾਤਾ ਤੁਲਸੀ ਬਾਈ ਦੇ ਘਰ ਹੋਇਆ। ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਇਹ ਪੰਜਾਬ ਵਿੱਚ ਆ ਗਏ ਅਤੇ ਸਿਰਸਾ ਦੇ ਇਲਾਕੇ ਨੂੰ ਆਪਣੇ ਪ੍ਰਚਾਰ ਦਾ ਕੇਂਦਰ ਬਣਾਇਆ। ਡੇਰਾ ਸੱਚਾ ਸੌਦਾ ਇਕ ਰੂਹਾਨੀ ਸੰਸਥਾ ਹੈ। ਇਸ ਦੇ ਆਪਣੇ ਹੀ ਨਿਯਮ ਅਤੇ ਸੀਮਾਵਾਂ ਹਨ। ਇਸ ਡੇਰੇ ਵਿੱਚ ਨਾ ਤਾਂ ਕੋਈ ਚੜ੍ਹਾਵਾ ਚੜ੍ਹਦਾ ਹੈ ਅਤੇ ਨਾ ਹੀ ਕਿਸੇ ਇਕ ਧਰਮ ਦੀ ਵਿਸ਼ੇਸ਼ ਮਾਨਤਾ ਹੁੰਦੀ ਹੈ। ਇਹ ਸਰਬ ਧਰਮ ਸਰਬ ਜਾਤਿ ਅਤੇ ਸਰਬ ਵਰਗ ਦਾ ਖੁੱਲ੍ਹਾ ਹੈ। ਇਸ ਡੇਰੇ ਦੇ ਸਾਰੇ ਨਿਵਾਸੀ ਖੁਦ ਆਪਣੇ ਹੱਥੀਂ ਕੰਮ ਕਰਕੇ ਹੀ ਫ਼ਸਲਾਂ ਅਤੇ ਸਬਜ਼ੀਆਂ ਪੈਦਾ ਕਰਦੇ ਹਨ ਅਤੇ ਸੰਗਤਾਂ ਦੇ ਭੋਜਨ ਲਈ ਉਪਲਬਧ ਕਰਦੇ ਹਨ।
ਇਸ ਡੇਰੇ ਨਾਲ ਜੁੜੇ ਸ਼ਰਧਾਲੂਆਂ ਦੀ ਗਿਣਤੀ ਕਈ ਲੱਖ ਤੱਕ ਦੱਸੀ ਜਾਂਦੀ ਹੈ। ਵੱਖ-ਵੱਖ ਧਰਮਾਂ, ਜਾਤੀਆਂ ਵਿੱਚ ਆਪਸੀ ਭਾਈਚਾਰਾ, ਸਦਭਾਵਨਾ, ਦੇਸ਼ ਦੀ ਅਖੰਡਤਾ ਨੂੰ ਬਣਾਈ ਰੱਖਣ ਉਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਡੇਰੇ ਵਿੱਚ ਕਿਸੇ ਤੋਂ ਦਾਨ ਨਹੀਂ ਲਿਆ ਜਾਂਦਾ ਅਤੇ ਪਰਸਪਰ ਪ੍ਰੇਮ-ਭਾਵ ਨੂੰ ਸਦਾ ਵਿਕਸਿਤ ਕੀਤਾ ਜਾਂਦਾ ਹੈ। ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਰਾਜਸਥਾਨ ਆਦਿ ਪ੍ਰਦੇਸ਼ਾਂ ਵਿੱਚ ਇਸ ਡੇਰੇ ਨਾਲ ਸਬੰਧਤ ਕਈ ਆਸ਼ਰਮ ਬਣਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਲੰਗਰ ਦਾ ਪ੍ਰਬੰਧ ਹੈ, ਪਰ 24 ਘੰਟਿਆਂ ਵਿੱਚ ਕੇਵਲ ਇਕ ਵਾਰ ਹੀ ਭੋਜਨ ਕਰਨ ਦੀ ਆਗਿਆ ਹੈ।
ਇਸ ਡੇਰੇ ਦੀ ਪ੍ਰਧਾਨ ਸਾਧਨਾ-ਵਿਧੀ ਧਿਆਨ ਮਾਰਗ ਹੈ। ਇਸ ਮਾਰਗ ਰਾਹੀਂ ਅਨੁਯਾਈਆਂ ਨੂੰ ਨਾਮ-ਸਿਮਰਨ ਨਾਲ ਜੋੜਿਆ ਜਾਂਦਾ ਹੈ। ੁਇਸ ਤਰ੍ਹਾਂ ਇਹ ਸੰਸਥਾ ਨਾਮ-ਸਾਧਨਾ ਦੀ ਇਕ ਕਾਰਜ-ਸ਼ਾਲਾ ਹੈ। ਇਸ ਵਿਚ ਮਨੋਵਿਕਾਰਾਂ ਤੋਂ ਬਚਣ ਅਤੇ ਮਨ ਨੂੰ ਸੰਯਮਿਤ ਕਰਨ ਉਤੇ ਬਹੁਤ ਬਲ ਦਿੱਤਾ ਜਾਂਦਾ ਹੈ। ਤਾਮਸਿਕ ਰੁਚੀਆਂ ਵਾਲੇ ਸੰਬੰਧਾਂ ਅਤੇ ਖਾਦ ਪਦਾਰਥਾਂ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸ਼ਾਹ ਮਸਤਾਨਾ ਨੇ ਮਨੁੱਖਤਾ ਦੀ ਸੇਵਾ ਕਰਨ ਲਈ ਇਸੇ ਡੇਰੇ ਦੀ ਸਥਾਪਨਾ ਕੀਤੀ। 18 ਅਪ੍ਰੈਲ 1960 ਈ: ਨੂੰ ਆਪ ਦਾ ਦੇਹਾਂਤ ਦਿੱਲੀ ਵਿੱਚ ਹੋ ਗਿਆ। ਆਪ ਜੀਉਂਦੇ ਜੀ ਹੀ ਸ਼ਾਹ ਸਤਨਾਮ ਸਿੰਘ ਨੂੰ ਆਪਣਾ ਉਤਰਾਅਧਿਕਾਰੀ ਘੋਸ਼ਿਤ ਕਰ ਗਏ, ਜਿਸ ਨੇ ਬੜੇ ਵਿਵਸਥਿਤ ਢੰਗ ਨਾਲ ਕਾਰਜ ਭਾਰ ਸੰਭਾਲਿਆ। ਉਸ ਦੇ ਦੇਹਾਂਤ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੇ ਡੇਰੇ ਦੀ ਵਾਗਡੋਰ ਸੰਭਾਲ ਲਈ।
ਗੁਰਮੀਤ ਰਾਮ ਰਹੀਮ ਡੇਰੇ ਦੀ ਅਸਲ ਭਾਵਨਾ ਤੋਂ ਦੂਰ ਹੁੰਦਾ ਹੋਇਆ ਲੀਹੋਂ ਲੱਥ ਗਿਆ। ਮਨੋਵਿਕਾਰਾਂ ਚ ਗਲਤਾਨ ਹੁੰਦਿਆਂ ਇਸ ਵੱਲੋਂ ਸ਼ਰਧਾ ਦੇ ਨਾ ਤੇ ਆਏ ਲੋਕਾਂ ਦੀ ਲੁੱਟ-ਖਸੁੱਟ ਕਰ ਕੇ ਅਰਬਾਂ ਦੀ ਜਾਇਦਾਦ ਬਣਾਈ ਗਈ ਹੈ। ਇਸ ਦੀਆਂ ਗੈਰ ਸਮਾਜਿਕ ਗਤੀ ਵਿਧੀਆਂ ਨੇ ਡੇਰੇ ਦੇ ਆਦਰ ਮਾਣ ਸਤਿਕਾਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਜੋ ਬਾਹਰੀ ਪ੍ਰਚਾਰ ਹੋਇਆ ਹੈ ਉਸ ਵਲੋਂ ਨੌਜਵਾਨ ਕੁੜੀਆਂ ਦਾ ਜਿਸਮਾਨੀ ਸ਼ੋਸ਼ਣ ਕੀਤਾ ਜਾਂਦਾ ਸੀ ਜੋ ਜਗ ਜ਼ਾਹਰ ਹੋਇਆ ਹੈ। ਸਮੇਂ-ਸਮੇਂ ਤੇ ਜ਼ਾਹਰ ਹੋਈਆਂ ਰਿਪੋਰਟਾਂ ਬਹੁਤ ਦਰਦਨਾਕ ਖੁਲਾਸੇ ਕਰਦੀਆਂ ਹਨ ਕਿ ਇਸ ਡੇਰੇ ‘ਚ ਅੰਨ੍ਹੀ ਸ਼ਰਧਾ ਰੱਖਣ ਵਾਲੇ ਲੋਕ ਆਪਣੀਆਂ ਨੌਜਵਾਨ ਕੁੜੀਆਂ ਡੇਰੇ ਵਿਚ ਭੇਜਦੇ ਸਨ। ਜਿਨ੍ਹਾਂ ਨੂੰ ਸਾਧਵੀਆਂ ਕਹਿੰਦੇ ਸਨ। ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਇਹ ਸਿਲਸਿਲਾ ਉਦੋਂ ਜ਼ਾਹਰ ਹੋਇਆ ਜਦੋਂ ਇਸ ਦੀ ਹਵਸ਼ ਦਾ ਸ਼ਿਕਾਰ ਬਣੀ ਇਕ ਲੜਕੀ ਨੇ 2002 ਵਿਚ ਆਪਣੇ ਦੁੱਖ ਦੀ ਵਿਥਿਆ ਉਸ ਸਮੇਂ ਦੇ, ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੂੰ ਇਕ ਗੁਪਤ ਪੱਤਰ ਲਿਖ ਕੇ ਦੱਸੀ। ਪ੍ਰਧਾਨ ਮੰਤਰੀ ਵੱਲੋਂ ਇਹ ਪੱਤਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਅਮਲੀ ਕਾਰਵਾਈ ਲਈ ਭੇਜ ਦਿੱਤਾ। ਮਾਨਯੋਗ ਹਾਈ ਕੋਰਟ ਨੇ ਸਿਰਸਾ ਦੇ ਜਿਲ੍ਹਾ ਅਤੇ ਸੈਸਨ ਜੱਜ ਨੂੰ ਇਸ ਸਬੰਧੀ ਆਪਣੀ ਰਿਪੋਰਟ ਦੇਣ ਲਈ ਕਿਹਾ। ਜਿਲ੍ਹਾ ਅਤੇ ਸੈਸਨ ਜੱਜ ਨੇ ਆਪਣੀ ਰਿਪੋਰਟ ਵਿਚ ਇਸ ਮਾਮਲੇ ਦੀ ਜਾਂਚ ਕਿਸੇ ਆਜ਼ਾਦ ਏਜੰਸੀ ਕੋਲੋਂ ਕਰਵਾਉਣ ਲਈ ਲਿਖਿਆ। ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ।
ਇਸ ਅਖੌਤੀ ਬਾਬੇ ਦੇ ਕਾਲੇ ਕਾਰਨਾਮੇ ਜਦੋਂ ਜਗ ਜ਼ਾਹਰ ਹੋਏ ਤਾਂ ਸਿਰਸੇ ਦੇ ਇਕ ਪੱਤਰਕਾਰ ਸ੍ਰੀ ਰਾਮਚੰਦਰ ਛਤਰਪਤੀ ਨੇ ਚਿਠੀ ਸਮੇਤ ਹੋਰ ਸਬੂਤ ਆਪਣੀ ਅਖਬਾਰ ਵਿਚ ਛਾਪੇ। ਸਿੱਟੇ ਵਜੋਂ ਸ੍ਰੀ ਰਾਮਚੰਦਰ ਛਤਰਪਤੀ ਦਾ ਕਤਲ ਕਰਵਾ ਦਿੱਤਾ ਗਿਆ। ਇਸੇ ਤਰ੍ਹਾਂ ਹੀ ਰਣਜੀਤ ਸਿੰਘ ਦਾ ਕਤਲ ਹੋਇਆ ਸੀ। ਡੇਰਾ ਮੁੱਖੀ ਦੇ ਸਾਬਕਾ ਮੈਨੇਜਰ ਖੱਟਾ ਸਿੰਘ ਨੇ ਤਲੀ ਤੇ ਜਾਨ ਰੱਖ ਕੇ ਡੇਰੇ ਬਾਰੇ ਕਈ ਸਨਸਨੀਖੇਜ ਖੁਲਾਸੇ ਕੀਤੇ। ਸੀ. ਬੀ. ਆਈ. ਨੇ ਇਨ੍ਹਾਂ ਕੇਸਾਂ ਦੀ ਪੜਤਾਲ ਕਰਕੇ ਅਦਾਲਤ ਵਿਚ ਦੋਸ ਪੱਤਰ ਦਾਇਰ ਕੀਤੇ।
ਇਨ੍ਹਾਂ ਕੇਸਾਂ ਵਿਚੋਂ ਸਾਧਵੀਆਂ ਨਾਲ ਜੋ ਕੁਝ ਹੁੰਦਾ ਰਿਹਾ ਦੇ ਦੋਸ਼ਾਂ ਵਿਚ ਸੀ. ਬੀ. ਆਈ. ਦੀ ਵਿਸ਼ੇਸ ਅਦਾਲਤ ਵੱਲੋਂ 25 ਅਗਸਤ 2017 ਨੂੰ ਸੌਧਾ ਸਾਧ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। 28 ਅਗਸਤ ਨੂੰ ਸੀ ਬੀ ਆਈ ਦੀ ਅਦਾਲਤ ਦੇ ਜੱਜ ਸ੍ਰੀ ਜਗਦੀਪ ਸਿੰਘ ਨੇ ਦੋ ਕੇਸਾਂ ਵਿਚ ਇਸ ਨੂੰ ਦਸ-ਦਸ ਸਾਲ ਦੀ ਸਜਾ ਅਤੇ ਤੀਹ ਲੱਖ ਰੁਪਏ ਜੁਰਮਾਨੇ ਦਾ ਐਲਾਨ ਕੀਤਾ ਭਾਵ ਵੀਹ ਸਾਲ ਸਜਾ ਭੁਗਤਣੀ ਪਵੇਗੀ। ਦੋਸ਼ੀ ਕਰਾਰ ਦਿੱਤੇ ਜਾਣ ਅਤੇ ਸਜਾ ਸੁਣਾਏ ਜਾਣ ਸਮੇਂ ਜਿਸ ਤਰ੍ਹਾਂ ਸੌਦਾ ਸਾਧ ਭੁੱਬਾਂ ਮਾਰ ਕੇ ਰੋਇਆ, ਉਸ ਨੇ ਸਾਫ ਕਰ ਦਿੱਤਾ ਕਿ ਉਹ ਸਿਰਫ ਪਾਖੰਡੀ ਸੀ ਤੇ ਪਾਖੰਡੀ ਹੀ ਹੈ। ਇਸ ਨੂੰ ਸਜਾ ਦਿਵਾਉਣ ਵਿਚ ਮੁਖ ਰੋਲ ਜਬਰ-ਜਿਨਾਹ ਦਾ ਸ਼ਿਕਾਰ ਹੋਣ ਵਾਲੀਆਂ ਦੋ ਕੁੜੀਆਂ ਨੇ ਨਿਭਾਇਆ, ਜੋ ਨਿਡਰ ਹੋ ਕੇ ਆਪਣੇ ਬਿਆਨਾ ਤੇ ਕਾਇਮ ਰਹੀਆਂ। ਇਹ ਠੀਕ ਹੈ ਕਿ ਡੇਰੇ ਦੇ ਪ੍ਰੇਮੀਆਂ ਨੂੰ ਇਹ ਫੈਸਲਾ ਪੀੜ ਦੇਣ ਵਾਲਾ ਹੈ। ਪਰ ਪਾਪ ਦਾ ਭਾਂਡਾ ਭਰ ਚੁੱਕਾ ਸੀ ਇਸ ਨੂੰ ਕਿਸੇ ਨੇ ਤਾਂ ਭੰਨਣਾ ਹੀ ਸੀ। ਰੋਸ ਵਜੋਂ ਜੋ ਭੰਨਤੋੜ ਸਾੜਫੂਕ ਹੋਈ ਉਹ ਇਕ ਸਾਜਿਸ ਦਾ ਹਿੱਸਾ ਸੀ ਅਸੀਂ ਇਸ ਵਿਸਥਾਰ ਵਿਚ ਨਹੀਂ ਜਾਣਾ ਚਾਹੁੰਦੇ। ਮਾਨਯੋਗ ਜੱਜ ਸ੍ਰੀ ਜਗਦੀਪ ਸਿੰਘ ਦੇ ਇਸ ਫੈਸਲੇ ਲਈ ਸਮੁੱਚੇ ਸੰਸਾਰ ਵਾਸੀਆਂ ਨੇ ਪ੍ਰਸੰਸਾ ਕੀਤੀ ਹੈ। ਲੋਕਾਂ ਦਾ ਨਿਆਂ ਪ੍ਰਣਾਲੀ ਤੇ ਵਿਸ਼ਵਾਸ ਬੱਝਾ ਹੈ। ਡੇਰਾ ਮੁਖੀ ਦੇ ਨੇੜਲੇ ਸਾਥੀ ਲਾਪਤਾ ਹਨ- ਉਸ ਦੀ ਮੂੰਹ ਬੋਲੀ ਬੇਟੀ ਹਨੀ ਪ੍ਰੀਤ, ਆਦਿਤਿਆ ਇਸਾਂ, ਚਾਰ ਸੁਰੱਖਿਆ ਕਰਮੀਆਂ ਨੂੰ ਡੇਰੇ ਦੇ ਮੁਖੀ ਨੂੰ ਭਜਾ ਕੇ ਲੈ ਜਾਣ ਦੀ ਕੋਸ਼ਿਸ ਕਰਨ, ਲੋਕਾਂ ਵਿੱਚ ਦੰਗੇ ਕਰਵਾਉਣ ਦੀ ਸਾਜਿਸ਼ ਅਧੀਨ ਦੇਸ਼ ਧਰੋਹੀ ਦਾ ਪਰਚਾ ਦਰਜ ਹੈ।ਏਜੰਸੀਆਂ ਇਨ੍ਹਾਂ ਦੀ ਭਾਲ ਵਿੱਚ ਹਨ। ਜਿਨਾਂ ਚਿਰ ਇਹ ਲੋਕ ਫੜੇ ਨਹੀਂ ਜਾਂਦੇ, ਉਨ੍ਹਾਂ ਚਿਰ ਇਹ ਖ਼ਤਰੇ ਦਾ ਅਲਾਰਮ ਹੀ ਹਨ। ਡੇਰੇ ਸਮੂਹ ਦੀ ਤਲਾਸੀ ਹੋ ਰਹੀ ਹੈ ਜਿਸ ਵਿਚ ਕਈ ਨਵੇਂ ਖੁਲਾਸੇ ਹੋਣਗੇ।
ਸੌਦਾ ਸਾਧ ਦਾ ਇਹ ਨਾਟਕ ਕਈ ਸਬਕ ਪਿੱਛੇ ਛੱਡ ਗਿਆ ਹੈ। ਜਿਹੜੇ ਭੋਲੇ ਲੋਕ ਅੰਨੀ ਸ਼ਰਧਾ ਅਧੀਨ ਅਜਿਹੇ ਡੇਰਿਆਂ ਵਿਚ ਆਪਣਾ ਸਮਾਂ, ਪੈਸਾ ਅਤੇ ਆਬਰੂ ਬਰਬਾਦ ਕਰਦੇ ਹਨ, ਉਨਾਂ ਲਈ ਅਦਾਲਤੀ ਫੈਸਲਾ ਅੱਖਾਂ ਖੋਲਣ ਵਾਲਾ ਹੈ। ਬਿਨਾ ਸੋਚੇ ਸਮਝੇ ਡੇਰਿਆਂ ਵਿਚ ਆਪਣੀਆਂ ਜਵਾਨ ਧੀਆਂ ਭੈਣਾ ਨੂੰ ਭੇਜਣ ਵਾਲੇ ਵੀ ਇਸ ਫੈਸਲੇ ਤੋਂ ਸਬਕ ਲੈਣ। ਅਜਿਹੀ ਕਿਸਮ ਦੇ ਹੋਰ ਡੇਰਿਆਂ ਦੇ ਬਾਬੇ ਵੀ ਸੋਚਣ ਲਈ ਮਜਬੂਰ ਹੋਣਗੇ ਕਿ ਅਨੈਤਿਕ ਆਚਰਣ ਕਦੇ ਵੀ ਜਗ ਜ਼ਾਹਰ ਹੋ ਸਕਦਾ ਹੈ, ਕਿੰਨੇ ਕੁ ਲੋਕ ਇਸ ਤੋਂ ਸਬਕ ਲੈ ਸਕਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਧਰਮ ਦੀ ਆੜ ਹੇਠ ਡੇਰਿਆਂ ਵਿੱਚ ਅਨੈਤਿਕ ਕਾਰਵਾਈ ਦੀ ਆਸ ਨਹੀਂ ਹੋਣੀ ਚਾਹੀਦੀ। ਉਥੇ ਸੱਚ-ਮੁੱਚ ਰੱਬੀ ਮਹਿਮਾ ਚ ਰੰਗੇ ਬੰਦੇ ਹੀ ਹੋਣੇ ਚਾਹੀਦੇ ਹਨ।

Leave a Reply

Your email address will not be published. Required fields are marked *