ਪੰਜਾਬ

ਐੱਲ. ਐੱਸ. ਈ. ਦੇ ਡਾਇਰੈਕਟਰ ਨੇ ਖ਼ਾਲਸਾ ਮੈਨੇਜ਼ਮੈਂਟ ਅਤੇ ਖ਼ਾਲਸਾ ‘ਵਰਸਿਟੀ ਵਿਖੇ ਪਾਈ ਫ਼ੇਰੀ

ਆਨਰੇਰੀ ਸਕੱਤਰ ਛੀਨਾ ਤੇ ਉੱਪ ਕੁਲਪਤੀ ਨਾਲ ਸਿੱਖਿਆ ਪਰਿਵਰਤਨ ਬਾਰੇ ਕੀਤੀ ਚਰਚਾ
ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਵਿਸ਼ਵ ਪ੍ਰਸਿੱਧ ਮੈਨੇਜ਼ਮੈਂਟ ਮਾਹਿਰ ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ (ਐੱਲ. ਐੱਸ. ਈ.) ਦੇ ਮਨੁੱਖੀ ਸੰਸਾਧਨ ਦੇ ਡਾਇਰੈਕਟਰ ਡਾ. ਇੰਦਰਜੀਤ ਸੀਹਰਾ ਨੇ ਅੱਜ ਖਾਲਸਾ ਕਾਲਜ ਗਵਰਨਿੰਗ ਕੌਂਸਲ ਅਤੇ ਖਾਲਸਾ ਯੂਨੀਵਰਸਿਟੀ ਦਾ ਦੌਰਾ ਕੀਤਾ। ਉਨ੍ਹਾਂ ਆਪਣੀ ਫ਼ੇਰੀ ਮੌਕੇ ਸੰਸਾਰ ‘ਚ ਬਦਲ ਰਹੇ ਵਿੱਦਿਅਕ ਰੁਝਾਨਾਂ ਸਬੰਧੀ ਬਹੁਮੁੱਲੀ ਜਾਣਕਾਰੀ ਸਾਂਝੀ ਕੀਤੀ।

ਡਾ. ਸੀਹਰਾ ਨੇ ਲੰਡਨ ਸਕੂਲ ਆਫ਼ ਇਕਨਾਮਿਕਸ ਵਿਖੇ ਸਮਰ ਸਕੂਲਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਹਰ ਸਾਲ ਲੰਡਨ ਸਕੂਲ ਆਫ਼ ਇਕਨਾਮਿਕਸ ਵਿਖੇ ਇਹ ਪ੍ਰੋਗਰਾਮ ਉਲੀਕਿਆ ਜਾਂਦਾ ਹੈ। ਜਿਸ ‘ਚ ਦੁਨੀਆ ਭਰ ਤੋਂ ਹਜ਼ਾਰਾਂ ਵਿਦਿਆਰਥੀ ਬਹੁਮੁੱਲੀ ਵਿੱਦਿਆ ਹਾਸਲ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ‘ਚ ਵਿਦਿਆਰਥੀਆਂ ਨੂੰ ਵੱਖ-ਵੱਖ ਖੋਜ ਕਾਰਜ਼ਾਂ ਲਈ ਤਿਆਰ ਕੀਤਾ ਜਾਂਦਾ ਹੈ। ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜੀ. ਐਸ. ਵਾਲੀਆ ਉਨ੍ਹਾਂ ਦਾ ਯੂਨੀਵਰਸਿਟੀ ਦੌਰੇ ‘ਤੇ ਪੁੱਜਣ ‘ਤੇ ਸਵਾਗਤ ਕੀਤਾ।
ਉਨ੍ਹਾਂ ਬਾਅਦ ‘ਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ‐ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਉਚੇਰੀ ਵਿੱਦਿਆ ਦੀਆਂ ਸੰਸਥਾਵਾਂ ਨਾਲ ਖ਼ਾਲਸਾ ਯੂਨੀਵਰਸਿਟੀ ਅਤੇ ਹੋਰਨਾ ਖ਼ਾਲਸਾ ਵਿੱਦਿਅਕ ਸੰਸਥਾਵਾਂ ਦੇ ਅਕਾਦਮਿਕ ਸਾਂਝ ਕਰਨ ‘ਤੇ ਵਿਚਾਰ‐ਵਟਾਂਦਰਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਵਿੱਦਿਆ ਦੇ ਖੇਤਰ ‘ਚ ਵਿਦਿਆਰਥੀਆਂ ਲਈ ਅਕਾਦਮਿਕ ਸਹਿਯੋਗ, ਫੈਕਲਟੀ ਦਾ ਅਦਾਨ‐ਪ੍ਰਦਾਨ ਪ੍ਰੋਗਰਾਮ, ਅਧਿਆਪਕਾਂ ਲਈ ਛੋਟੀ ਮਿਆਦ ਦੇ ਰਿਫਰੈਸ਼ਰ ਕੋਰਸ, ਵਿਦਿਆਰਥੀਆਂ ਨੂੰ ਮਾਸਟਰਸ, ਰਿਸਰਚ ਡਿਗਰੀ ਅਤੇ ਸਮਰ ਸਕੂਲ ਪ੍ਰੋਗਰਾਮ ਲਈ ਲੰਡਨ ਸਕੂਲ ਆਫ਼ ਇਕਨਾਮਿਕਸ, ਦੂਜੇ ਵਿੱਦਿਅਕ ਅਦਾਰਿਆਂ ਅਤੇ ਸਮਰ ਸਕੂਲ ਪ੍ਰੋਗਰਾਮਾਂ ‘ਚ ਵਿਦਿਆਰਥੀਆਂ ਲਈ ਮੌਕੇ ਲੱਭਣ ‘ਤੇ ਵੀ ਖ਼ਾਸ ਤੌਰ ‘ਤੇ ਵਿਚਾਰ ਕੀਤਾ ਗਿਆ।
ਮੀਟਿੰਗ ਦੌਰਾਨ ਵਿਚਾਰ-ਵਟਾਂਦਰਿਆਂ ਦੇ ਸਿੱਟਿਆਂ ਨੂੰ ਅਗਾਂਹ ਲਿਜਾਣ ਲਈ ਅਤੇ ਨਿਕਟ ਭਵਿੱਖ ‘ਚ ਦੂਜੀਆਂ ਯੂਨੀਵਰਸਿਟੀਆਂ ਨਾਲ ਅਕਾਦਮਿਕ ਪ੍ਰਬੰਧਨ, ਜਿਸ ਦਾ ਕਿ ਉੱਤਰੀ ਭਾਰਤ ਦੇ ਵਿਦਿਆਰਥੀਆਂ ਲਈ ਬਹੁਤ ਲਾਭ ਹੋਵੇਗਾ, ‘ਤੇ ਸਹਿਮਤੀ ਪ੍ਰਗਟਾਈ ਗਈ। ਡਾ. ਸੀਹਰਾ ਨੇ ਕਾਲਜ ਕੈਂਪਸ ਅਤੇ ਸੁਸਾਇਟੀ ਅਧੀਨ ਚਲ ਰਹੇ ਹੋਰ ਵਿੱਦਿਅਕ ਅਦਾਰਿਆਂ ਦਾ ਦੌਰਾ ਵੀ ਕੀਤਾ। ਇਸ ਮੌਕੇ ਡਾ. ਕੰਵਲਜੀਤ ਸਿੰਘ ਡਾਇਰੈਕਟਰ ਖੇਡਾਂ, ਡਿਪਟੀ ਡਾਇਰੈਕਟਰ ਡੀ. ਐਸ. ਰਟੌਲ, ਪ੍ਰੋਜੈਕਟ ਮੈਨੇਜ਼ਰ ਕਾਵੇਰੀ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *