ਕੈਨੇਡੀਅਨ ਜਗਮੀਤ ਸਿੰਘ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ‘ਤੇ ਸ਼੍ਰੋਮਣੀ ਕਰੇਗੀ ਸਨਮਾਨ : ਪ੍ਰੋ. ਬਡੂੰਗਰ
ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਵੀਜ਼ਾ ਦੇਣ ਦੀ ਕੀਤੀ ਜਾਵੇਗੀ ਅਪੀਲ
ਪਟਿਆਲਾ 4 ਅਕਤੂਬਰ (ਮਧੂਸਾਰ ਬਿਊਰੋ) ਕੈਨੇਡਾ ਵਿਚ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਆਗੂ ਲਈ ਹੋਈ ਵੋਟਿੰਗ ‘ਚ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਪਾਰਟੀ ਦੇ ਸਿੱਖ ਆਗੂ ਜਗਮੀਤ ਸਿੰਘ ਦੇ ਚੁਣੇ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੈਨੇਡੀਅਨ ਜਗਮੀਤ ਸਿੰਘ ਭਾਰਤ ਫੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਉਣਗੇ ਤਾਂ ਸ਼੍ਰੋਮਣੀ ਕਮੇਟੀ ਰਵਾਇਤੀ ਪ੍ਰੰਪਰਾਵਾਂ ਅਨੁਸਾਰ ਉਨ੍ਹਾਂ ਦਾ ਸਨਮਾਨ ਕਰੇਗੀ।
ਇਕ ਸਵਾਲ ਦੇ ਜਵਾਬ ‘ਚ ਪ੍ਰੋ. ਬਡੂੰਗਰ ਨੇ ਸਿੱਖ ਆਗੂ ਜਗਮੀਤ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਵੀਜ਼ਾ ਨਾ ਦੇਣਾ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਅਤੇ ਗ੍ਰਹਿ ਵਿਭਾਗ ਨੂੰ ਪੱਤਰ ਲਿਖਿਆ ਜਾਵੇਗਾ ਕਿ ਜਗਮੀਤ ਸਿੰਘ ਨੂੰ ਹੋਰਨਾਂ ਦੀ ਤਰਜ਼ ‘ਤੇ ਵੀਜ਼ਾ ਦਿੱਤਾ ਜਾਣਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕੈਨੇਡਾ ‘ਚ ਸਿੱਖ ਆਗੂ ਜਗਮੀਤ ਸਿੰਘ ਦੇ ਨਿਊ ਡੈਮੋਕਰੇਟਿਕ ਦੇ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ ਨਾਲ ਸਿੱਖ ਕੌਮ ਦਾ ਸਤਿਕਾਰ ਤੇ ਮਾਣ ਵਧਿਆ ਹੈ, ਜਿਸ ਨਾਲ ਸਮਾਜਕ, ਰਾਜਨੀਤਕ, ਧਾਰਮਿਕ ਅਤੇ ਆਰਥਿਕ ਸਬੰਧਾਂ ‘ਚ ਵੀ ਮਜ਼ਬੂਤੀ ਆਵੇਗੀ।
ਪ੍ਰੋ: ਬਡੂੰਗਰ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਜਗਮੀਤ ਸਿੰਘ ਇਸ ਅਹੁਦੇ ਉਪਰ ਪਹੁੰਚਣ ਵਾਲੇ ਪਹਿਲੇ ਅੰਮ੍ਰਿਤਧਾਰੀ ਸਿੱਖ ਹਨ, ਜਿਨ੍ਹਾਂ ਦੀ ਜਿੱਤ ਨਾਲ ਇਕ ਵਾਰ ਫਿਰ ਸਿੱਖ ਕੌਮ ਦਾ ਨਾਮ ਵਿਸ਼ਵ ਪੱਧਰ ‘ਤੇ ਚਮਕਿਆ ਹੈ। ਉਨ੍ਹਾਂ ਕਿਹਾ ਕਿ ਸ. ਜਗਮੀਤ ਸਿੰਘ ਨੇ ਆਪਣੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੈਨੇਡੀਅਨ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ ਅਤੇ ਉਨ੍ਹਾਂ ਦੀ ਇਹ ਜਿੱਤ ਇਤਿਹਾਸਕ ਜਿੱਤ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ ਸ. ਜਗਮੀਤ ਸਿੰਘ ਉਘੇ ਆਜ਼ਾਦੀ ਘੁਲਾਟੀਏ ਅਤੇ ਰਿਆਸਤੀ ਪਰਜਾਮੰਡਲ ਦੇ ਮੋਢੀ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤਰੇ ਹਨ। ਪ੍ਰੋ: ਬਡੂੰਗਰ ਨੇ ਕਿਹਾ ਕਿ ਸ. ਜਗਮੀਤ ਸਿੰਘ ਅੱਜ ਦੀ ਨੌਜੁਆਨ ਪੀੜੀ ਦੇ ਸਿੱਖੀ ਸਰੂਪ ਵਿਚ ਅੱਗੇ ਵਧਣ ਲਈ ਪ੍ਰੇਰਨਾ ਸਰੋਤ ਵਜੋਂ ਸਾਹਮਣੇ ਆਏ ਹਨ।

