ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕ ਕਰਨਗੇ ਗੁਰਦਾਸਪੁਰ ਵੱਲ ਕੂਚ
ਐਲੀਮੈਂਟਰੀ ਟੀਚਰ ਯੂਨੀਅਨ ਕਰੇਗੀ 8 ਅਕਤੂਬਰ ਨੂੰ ਰੋਸ ਮਾਰਚ
ਪਟਿਆਲਾ 5 ਅਕਤੂਬਰ (ਮਧੂਸਾਰ ਬਿਊਰੋ) ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਵੱਲੋਂ 8 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਰੋਸ ਮਾਰਚ ਕੀਤਾ ਜਾਵੇਗਾ। ਇਸ ਸਬੰਧ ਵਿੱਚ ਸਮੁਚੇ ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਸੂਬਾ ਸਰਕਾਰ ਵੱਲੋਂ ਵੱਖ-ਵੱਖ ਅਧਿਆਪਕ ਮਸਲਿਆਂ ਸਬੰਧੀ ਟਾਲ ਮਟੋਲ ਦੀ ਨੀਤੀ ਖਿਲਾਫ ਸਮੁੱਚੇ ਪ੍ਰਾਇਮਰੀ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਮਾਸਟਰ ਕੇਡਰ ਤਰੱਕੀਆਂ ਵਿੱਚ ਦੇਰੀ, 15 ਦਿਨ ਤੋਂ ਘੱਟ ਮੈਡੀਕਲ ਛੁੱਟੀ ਨਾ ਦੇਣ ਸਬੰਧੀ ਨਾਦਰਸ਼ਾਹੀ ਫਰਮਾਨ, ਮਹਿੰਗਾਈ ਦੇ ਯੁੱਗ ਵਿਚ ਸਿਰਫ 400 ਰੁਪਏ ਵਰਦੀ ਗ੍ਰਾਂਟ ਦੇਣਾ, ਪ੍ਰਾਇਮਰੀ ਸਕੂਲਾਂ ਲਈ ਬਿਨ੍ਹਾਂ ਕੰਪਿਊਟਰ ਤੋਂ ਡਿਜੀਟਲ ਡਾਕ ਮੰਗਣਾ ਤੇ ਸਾਰਾ ਡਾਟਾ ਫੀਡ ਕਰਨ ਲਈ ਕਹਿਣਾ, ਸਕੂਲਾਂ ਵਿੱਚ ਸਫਾਈ ਕਰਮਚਾਰੀ ਨਾ ਦੇਣਾ ਆਦਿ ਮਸਲੇ ਹੱਲ ਕਰਨ ਲਈ ਕੋਈ ਵੀ ਸੁਚਾਰੂ ਕੰਮ ਨਹੀਂ ਕੀਤੇ ਜਾ ਰਹੇ।
ਉਪਰੋਕਤ ਸਮੱਸਿਆਵਾਂ ਕਾਰਨ ਪ੍ਰਾਇਮਰੀ ਅਧਿਆਪਕਾਂ ਵਲੋਂ 8 ਅਕਤੂਬਰ ਨੂੰ ਗੁਰਦਾਸਪੁਰ ਜਿਮਨੀ ਚੋਣ ਦੌਰਾਨ ਸਰਕਾਰ ਨੂੰ ਘੇਰਿਆ ਜਾਵੇਗਾ। ਰੋਸ ਮਾਰਚ ਦੀ ਤਿਆਰੀ ਸਬੰਧੀ ਸਮੀਖਿਆ ਮੀਟਿੰਗ ਜਿਲ੍ਹਾ ਪ੍ਰਧਾਨ ਮਨੋਜ ਘਈ ਅਤੇ ਜਨਰਲ ਸਕੱਤਰ ਰਜਿੰਦਰ ਸਿੰਘ ਸ਼ਤਰਾਣਾ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਹਾਜ਼ਰ ਜਿਲੇ ਦੇ ਸਮੂੰਹ ਬਲਾਕ ਕਮੇਟੀ ਪ੍ਰਧਾਨਾਂ ਨੇ ਆਪਣੇ-ਆਪਣੇ ਬਲਾਕ ਦੀ ਰਿਪੋਰਟ ਪੇਸ਼ ਕੀਤੀ ਕਿ ਹਰੇਕ ਬਲਾਕ ਵਿਚੋਂ ਵੱਡੀ ਗਿਣਤੀ ਵਿੱਚ ਅਧਿਆਪਕ ਇਸ ਰੋਸ ਮਾਰਚ ਵਿੱਚ ਸ਼ਾਮਲ ਹੋਣਗੇ। ਪਟਿਆਲਾ ਜਿਲੇ ਵਿੱਚੋਂ 20 ਗੱਡੀਆਂ ਦਾ ਕਾਫਲਾ ਗੁਰਦਾਸਪੁਰ ਲਈ ਰਵਾਨਾ ਹੋਵੇਗਾ। ਇਸ ਮੀਟਿੰਗ ਦੌਰਾਨ ਹਰੇਕ ਬਲਾਕ ਵਿਚੋਂ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਅਧਿਆਪਕਾਂ ਦੀ ਡਿਊਟੀ ਲਗਾਈ ਗਈ। ਮੀਟਿੰਗ ਦੌਰਾਨ ਸੂਬਾ ਮੀਤ ਪ੍ਰਧਾਨ ਦੀਦਾਰ ਸਿੰਘ, ਸੂਬਾ ਤਾਲਮੇਲ ਕਮੇਟੀ ਮੈਂਬਰ ਅਵਤਾਰ ਸਿੰਘ ਮਾਨ, ਵਰਿੰਦਰ ਸਿੰਘ, ਕੁਲਦੀਪ ਪਟਿਆਲਵੀ, ਸੁਖਮਿੰਦਰ ਸਿੰਘ, ਕੁਲਦੀਪ ਭੀਖੀ, ਜਗਮੋਹਨ ਸਹਿਗਲ, ਭੁਪਿੰਦਰ ਸਿੰਘ, ਹਰਜੀਤ ਸਿੰਘ, ਹਰਦੀਪ ਭੋਗੀਵਾਲ, ਕਰਮਜੀਤ ਸਿੰਘ, ਬਲਵਿੰਦਰ ਕੋਰ ਕਲਿਆਣ, ਜਗਜੀਵ ਕੋਸ਼ਲ ਆਦਿ ਹਾਜਰ ਸਨ।

