ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਵਿਖੇ ਪੰਜਵੀਂ ਦੱਖਣੀ ਏਸ਼ੀਆਈ ਇਤਿਹਾਸ ਕਾਨਫਰੰਸ ਆਰੰਭ

ਪਟਿਆਲਾ, 10 ਨਵੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਲੋਂ “ਦੱਖਣੀ ਏਸ਼ੀਆ ਵਿਚ ਔਰਤਾਂ: ਇਤਿਹਾਸ, ਚੁਣੌਤੀਆਂ ਅਤੇ ਸੰਭਾਵਨਾਵਾਂ“ ਵਿਸ਼ੇ ਤੇ ਤਿੰਨ ਰੋਜ਼ਾ ਪੰਜਵੀਂ ਦੱਖਣੀ ਏਸ਼ੀਆਈ ਇਤਿਹਾਸ ਕਾਨਫਰੰਸ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਆਰੰਭ ਹੋਈ। ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕੀਤੀ।

ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਡਾ. ਘੁੰਮਣ ਨੇ ਕਿਹਾ ਕਿ ਜਨ-ਵਿਗਿਆਨ ਅਤੇ ਮਨੋਵਿਗਿਆਨਿਕ ਤੱਤਾਂ ਦੇ ਪਰਿਪੇਖ ਵਿੱਚ ਔਰਤਾਂ ਦੀ ਸ਼ਮੂਲੀਅਤ ਤੋਂ ਬਿਨਾਂ ਸਮਾਜਿਕ ਵਿਗਿਆਨ ਵਿਚ ਕੋਈ ਖੋਜ ਅਧਿਐਨ ਸੰਪੂਰਨ ਨਹੀਂ ਕਿਹਾ ਜਾ ਸਕਦਾ ਹੈ। ਉਨ੍ਹਾਂ ਇਸ ਖਿੱਤੇ ਵਿੱਚ ਨਿਆਂ ਪੂਰਨ ਅਤੇ ਸੰਤੁਲਿਤ ਵਿਕਾਸ ਲਈ ਦੱਖਣੀ ਏਸ਼ੀਆ ਦੇ ਵਰਤਮਾਨ ਸਮਾਜਾਂ ਵਿੱਚ ਵੱਖ ਵੱਖ ਲਿੰਗ ਭੂਮਿਕਾਵਾਂ ਅਤੇ ਲਿੰਗ ਸਮੀਕਰਨਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੰਤਰ-ਅਨੁਸ਼ਾਸਨੀ ਖੋਜ ਦੇ ਖੇਤਰ ਵਿੱਚ ਇਕਸਾਰ ਪਹੁੰਚ ਅਪਣਾਉਂਦਿਆਂ ਅਰਥਪੂਰਨ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ।
ਡਾ. ਕੁਮਕੁਮ ਰਾਏ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਮਰਦਾਂ ਅਤੇ ਔਰਤਾਂ ਦੀ ਵਸੋਂ ਜਾਤੀ, ਕਲਾਸ, ਲਿੰਗ, ਖੇਤਰ, ਨਸਲੀ, ਭਾਸ਼ਾ, ਉਮਰ, ਅਪਾਹਜਤਾ ਅਤੇ ਸਥਾਈ ਸਬੰਧਾਂ ਦੇ ਸਥਾਨਾਂ ਵਿੱਚ ਹੀ ਰਹਿੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਚਾਣ ਅਤੀਤ ਵਿਚ ਅਤੇ ਨਾਲ ਹੀ ਮੌਜੂਦਾ ਸਮੇਂ ਵਿਚ ਵੀ ਵੱਖੋ-ਵੱਖਰੀ ਹੈ ਅਤੇ ਇਸ ਨੂੰ ਵਿਆਪਕ ਰੂਪ ਵਿਚ ਖੋਜਣ ਦੀ ਲੋੜ ਹੈ। ਡਾ. ਕੁਮਕੁਮ ਨੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜ਼ਬਾਨੀ, ਹੱਥ-ਲਿਖਤਾਂ ਅਤੇ ਪ੍ਰਦਰਸ਼ਨਕਾਰੀ ਪਰੰਪਰਾਵਾਂ ਵਿਚ ਸਾਂਭੀਆਂ ਗਈਆਂ ਔਰਤਾਂ ਦੀਆਂ ਪੁਰਾਣੀਆਂ ਕਹਾਣੀਆਂ ਵਿੱਚ ਦਰਸਾਏ ਸੰਦੇਸ਼ ‘ਤੇ ਅਮਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ।
ਇਸ ਮੌਕੇ ਤੇ ਡਾ. ਮੁਨਤਾਸਿਰ ਮੈਮੂਨ, ਢਾਕਾ ਯੂਨੀਵਰਸਿਟੀ, ਬੰਗਲਾਦੇਸ਼ ਅਤੇ ਡਾ. ਅਨੂਥਾਰਥਰ ਦੇਵੀ, ਯੂਨੀਵਰਸਿਟੀ ਆਫ ਕੋਲੰਬੋ, ਸ਼੍ਰੀ ਲੰਕਾ ਨੇ ਉਦਘਾਟਨੀ ਸਮਾਰੋਹ ਦੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਡਾ. ਮੈਮੂਨ ਨੇ ਬੰਗਲਾਦੇਸ਼ ਦੇ ਆਜ਼ਾਦ ਰਾਸ਼ਟਰ ਬਣਨ ਵੇਲੇ ਪਾਕਿਸਤਾਨ ਦੀ ਫੌਜ ਦੁਆਰਾ ਔਰਤਾਂ ਤੇ ਕੀਤੇ ਗਏ ਅਤਿਆਚਾਰਾਂ ‘ਤੇ ਜ਼ੋਰ ਦਿੱਤਾ ਜਦਕਿ ਡਾ. ਦੇਵੀ ਨੇ 17 ਵੀਂ ਅਤੇ 18 ਵੀਂ ਸਦੀ ਵਿੱਚ ਸ੍ਰੀਲੰਕਾ ਦੇ ਇਤਿਹਾਸਕ ਤੱਥਾਂ ਰਾਹੀਂ ਔਰਤਾਂ ਦੁਆਰਾ ਨਿਭਾਈਆਂ ਵੱਖਰੀਆਂ ਭੂਮਿਕਾਵਾਂ ਦੀ ਵਿਆਖਿਆ ਕੀਤੀ।
ਇਸ ਤੋਂ ਪਹਿਲਾਂ ਵਿਭਾਗ ਦੇ ਮੁਖੀ ਡਾ. ਕੁਲਬੀਰ ਸਿੰਘ ਢਿਲੋਂ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਡਾ. ਜਸਪਾਲ ਕੌਰ ਨੇ ਸੈਮੀਨਾਰ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਡੀਨ ਰਿਸਰਚ ਡਾ. ਜੀ.ਐਸ. ਬੱਤਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਚੌਥੀ ਦੱਖਣੀ ਏਸ਼ੀਆਈ ਇਤਿਹਾਸ ਕਾਨਫਰੰਸ ਦੀਆਂ ਪ੍ਰੋਸੀਡਿੰਗਜ਼ ਵੀ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ।

Leave a Reply

Your email address will not be published. Required fields are marked *