ਭਾਈ ਨੰਦ ਲਾਲ ਜੀ ਦੀ ਰਚਨਾ ਪਿਆਰ, ਸ਼ਰਧਾ ਤੇ ਤਿਆਗ ਦੀ ਮਿਸਾਲ : ਪ੍ਰੋ. ਬਡੂੰਗਰ
ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰ ਤੇ ਪਸਾਰ ਲਹਿਰ ‘ਚ ਯੋਗਦਾਨ ਪਾਉਣ ਵਾਲੇ ਡਾ. ਗੁਰਨਾਮ ਸਿੰਘ ‘ਭਾਈ ਨੰਦ ਲਾਲ’ ਐਵਾਰਡ ਨਾਲ ਸਨਮਾਨਤ
ਪਟਿਆਲਾ 14 ਨਵੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਸੁਚੱਜੀ ਅਗਵਾਈ ‘ਚ ਪ੍ਰਚੰਡ ਰੂਪ ਧਾਰਨ ਕਰ ਚੁੱਕੀ ਧਰਮ ਪ੍ਰਚਾਰ ਲਹਿਰ ਨੂੰ ਦੇਸ਼ ਵਿਆਪੀ ਲਹਿਰ ਬਣਾਉਣ ਲਈ ਲੜੀ ਨੂੰ ਅੱਗੇ ਤੋਰਦਿਆਂ ਸਿੱਖ ਪੰਥ ਦੇ ਮਹਾਨ ਵਿਦਵਾਨ, ਸਾਹਿਤਕਾਰ ਅਤੇ ਗੁਰੂ ਕੇ ਅਨਿਨ ਸੇਵਕ ਭਾਈ ਨੰਦ ਲਾਲ ਜੀ ਦੀ ਯਾਦ ਨੂੰ ਸਮਰਪਿਤ ਪਹਿਲਾ ਮਹਾਨ ਕੀਰਤਨ ਸਮਾਗਮ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ 96ਵੇਂ ਧਾਰਮਿਕ ਸਮਾਗਮ ਦੌਰਾਨ ਵੱਡੀ ਗਿਣਤੀ ‘ਚ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਥ ਦੇ ਮਹਾਨ ਵਿਦਵਾਨ ਭਾਈ ਨੰਦ ਲਾਲ ਜੀ ਦਾ ਸਿੱਖ ਇਤਿਹਾਸ ‘ਚ ਵੱਡਮੁੱਲਾ ਯੋਗਦਾਨ ਹੈ, ਜੋ ਕਲਗੀਧਰ ਦਸਮੇਸ਼ ਪਿਤਾ ਦੇ ਨਿਕਵਰਤੀ ਸਿੱਖ ਅਤੇ ਮਹਾਨ ਕਵੀ ਸਨ, ਜਿਨ੍ਹਾਂ ਦੀਆਂ ਰਚਨਾਵਾਂ ਗੁਰਮਤਿ ਫਲਸਫ਼ੇ ਨੂੰ ਅਪਣਾਉਣ ਲਈ ਪ੍ਰੇਰਦੀਆਂ ਅਤੇ ਮਾਰਗ ਦਰਸ਼ਨ ਕਰਦੀਆਂ ਹਨ।
ਪ੍ਰੋ. ਬਡੂੰਗਰ ਨੇ ਕਿਹਾ ਕਿ ਦਸਮੇਸ਼ ਪਿਤਾ ਪ੍ਰਤੀ ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ਰਾਹੀਂ ਪਿਆਰ, ਸ਼ਰਧਾ, ਤਿਆਗ ਅਤੇ ਸੇਵਾ ਦੀ ਮਿਸਾਲ ਪੇਸ਼ ਕੀਤੀ ਹੈ, ਜੋ ਸਿਰਫ ਸਿੱਖ ਇਤਿਹਾਸ ‘ਚ ਮਿਲਦੀ ਹੈ। ਉਨ੍ਹਾਂ ਕਿਹਾ ਕਿ ਭਾਈ ਨੰਦ ਲਾਲ ਵੱਲੋਂ ਗੁਰੂ ਪ੍ਰਤੀ ਸਮਰਪਿਤ ਦੀ ਭਾਵਨਾ ਤੋਂ ਸਮੁੱਚੇ ਸੰਸਾਰ ਨੂੰ ਸੇਧ ਲੈਣੀ ਚਾਹੀਦੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਖਾਲਸਾ ਪੰਥ ਦੇ ਮਹਾਨ ਪ੍ਰਚਾਰਕ ਸਨ, ਜਿਨ੍ਹਾਂ ਦੀਆਂ ਰਚਨਾਵਾਂ ਨੂੰ ਜੀਵਨ ‘ਚ ਧਾਰਨ ਕਰਕੇ ਗੁਰਮਤਿ ਸਿਧਾਂਤਾਂ ਦਾ ਧਾਰਨੀ ਹੋਣਾ ਸਮੇਂ ਦੀ ਮੁੱਖ ਜ਼ਰੂਰਤ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਵਚਨਬੱਧ ਹੈ, ਜੋ ਧਰਮ ਪ੍ਰਚਾਰ ਲਹਿਰ ਦੇ ਨਾਲ-ਨਾਲ ਕੌਮ ਦੀਆਂ ਮਹਾਨ ਸਖਸੀਅਤਾਂ ਸਬੰਧੀ ਗੁਰਮਤਿ ਸਮਾਗਮਾਂ ਦੀ ਲੜੀ ਨੂੰ ਜਾਰੀ ਰੱਖੇਗੀ।
ਕੀਰਤਨ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰਮਤਿ ਸੰਗੀਤ ਦੀ ਪੁਨਰ ਸਥਾਪਤੀ, ਪ੍ਰਚਾਰ ਤੇ ਪਸਾਰ ‘ਚ ਅਹਿਮ ਯੋਗਦਾਨ ਪਾਉਣ ਵਾਲੇ ਡਾ. ਗੁਰਨਾਮ ਸਿੰਘ ਨੂੰ ‘ਭਾਈ ਨੰਦ ਲਾਲ’ ਐਵਾਰਡ ਨਾਲ ਸਨਮਾਨ ਕੀਤਾ। ਡਾ. ਗੁਰਨਾਮ ਸਿੰਘ ਨੂੰ ਸਨਮਾਨ ਚਿੰਨ੍ਹ, ਸਿਰੋਪਾਓ ਅਤੇ 31 ਹਜ਼ਾਰ ਰੁਪਏ ਦਾ ਚੈਕ ਵੀ ਭੇਂਟ ਕੀਤਾ ਗਿਆ।
ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਹਜ਼ੂਰੀ ਰਾਗੀਆਂ ਭਾਈ ਕਰਨੈਲ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਸਤਿੰਦਰਬੀਰ ਸਿੰਘ ਨੇ ਇਲਾਹੀ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਸ. ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸ. ਜਸਮੇਰ ਸਿੰਘ ਲਾਛੜੂ, ਜਥੇਦਾਰ ਸ. ਲਾਭ ਸਿੰਘ ਦੇਵੀਨਗਰ, ਜਥੇਦਾਰ ਸ. ਸ਼ਵਿੰਦਰ ਸਿੰਘ ਸੱਭਰਵਾਲ, ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ, ਕਥਾਵਾਚਕ ਬਾਬਾ ਪ੍ਰਿਤਪਾਲ ਸਿੰਘ, ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਯੂ.ਕੇ. ਵਾਲੇ, ਸ. ਇੰਦਰ ਮੋਹਨ ਸਿੰਘ ਬਜਾਜ, ਬੀਬੀ ਪਰਮਜੀਤ ਕੌਰ ਬਜਾਜ, ਪ੍ਰਚਾਰਕ ਬਲਦੇਵ ਸਿੰਘ, ਡਾ. ਪਰਮਵੀਰ ਸਿੰਘ, ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਨਿੱਜੀ ਸਹਾਇਕ ਸ. ਭਗਵੰਤ ਸਿੰਘ ਧੰਗੇੜਾ, ਨਰਦੇਵ ਸਿੰਘ ਆਕੜੀ, ਲਖਵੀਰ ਸਿੰਘ ਲੋਟ, ਗੁਰਪ੍ਰੀਤ ਸਿੰਘ ਰਾਜੂਖੰਨਾ, ਸ਼ਮਸ਼ੇਰ ਸਿੰਘ ਬਡੂੰਗਰ, ਮੈਨੇਜਰ ਕਮਲਜੀਤ ਸਿੰਘ ਜੋਗੀਪੁਰ, ਐਡੀ. ਮੈਨੇਜਰ ਕਰਨੈਲ ਸਿੰਘ, ਮੀਤ ਮੈਨੇਜਰ ਗੁਰਪ੍ਰੀਤ ਸਿੰਘ, ਜੋਗਾ ਸਿੰਘ, ਰਣਜੀਤ ਸਿੰਘ ਗਾਜ਼ੀਪੁਰ, ਹਰਮਿੰਦਰ ਸਿੰਘ ਨਾਭਾ, ਸੁਖਵਿੰਦਰ ਸਿੰਘ ਆਦਿ ਤੋਂ ਇਲਾਵਾ ਨੁਮਾਇੰਦੇ ਆਦਿ ਹਾਜ਼ਰ ਸਨ।

