ਇੰਡੋਨੇਸ਼ੀਆ ਦੀ ਕੇਵਿਨ ਲਿਲਿਆਨ ਨੂੰ ਮਿਸ ਇੰਟਰਨੈਸ਼ਨਲ 2017 ਦਾ ਤਾਜ ਪਹਿਨਾਇਆ
ਟੋਕਿਓ— ਟੋਕਿਓ ਡੋਮ ਸਿਟੀ ਹਾਲ ‘ਚ ਮੰਗਲਵਾਰ ਨੂੰ ਆਯੋਜਿਤ ਇਕ ਸਮਾਰੋਹ ‘ਚ ਇੰਡੋਨੇਸ਼ੀਆ ਦੀ ਕੇਵਿਨ ਲਿਲਿਆਨ ਨੂੰ ਮਿਸ ਇੰਟਰਨੈਸ਼ਨਲ 2017 ਦਾ ਤਾਜ ਪਹਿਨਾਇਆ ਗਿਆ। ਇਕ ਨਿਊਜ਼ ਏਜੰਸੀ ਮੁਤਾਬਕ, ਇਸ ਸਾਲ ਕੁਲ 71 ਔਰਤਾਂ ਨੇ ਬਿਊਟੀ ਕਾਂਟੈਸਟ ‘ਚ ਭਾਗ ਲਿਆ ਸੀ। ਸਾਲ 2016 ‘ਚ ਫਿਲੀਪਿੰਸ ਦੀ ਕਾਇਲੀ ਵੇਰੋਜੋਸਾ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਸੀ।
ਖਿਤਾਬ ਜਿੱਤਣ ਤੋਂ ਬਾਅਦ 21 ਸਾਲਾਂ ਲਿਲਿਆਨ ਨੇ ਕਿਹਾ, ”ਇਹ ਇਕ ਸੁਪਣਾ ਸੱਚ ਹੋਣ ਵਰਗਾ ਹੈ, ਇੰਡੋਨੇਸ਼ੀਆ ਅਸੀਂ ਕਰ ਦਿਖਾਇਆ।” ਉਨ੍ਹਾਂ ਕਿਹਾ ਕਿ ਉਹ ਆਪਣੀ ਜਿੱਤ ਦਾ ਇਸਤੇਮਾਲ ਵਿਸ਼ਵ ਸ਼ਾਂਤੀ ਤੇ ਸੱਭਿਆਚਾਰਕ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਕਰਣਗੀ।
ਜਾਪਾਨ ਦੀ ਰਾਜਧਾਨੀ ‘ਚ ਲਗਾਤਾਰ ਪੰਜਵੇਂ ਸਾਲ ਆਯੋਜਿਤ ਹੋਏ ਪ੍ਰੋਗਰਾਮ ਦੇ 57ਵੇਂ ਐਡੀਸ਼ਨ ਦੀ ਹੋਰ ਫਾਈਨਲਿਸਟ ਕੁਰਾਕਾਓ ਦੀ ਚਨੇਲੇ ਡੇ ਲਾਓ (ਪਹਿਲੀ ਰਨਰ ਅਪ) ਤੇ ਵੇਨੇਜੁਏਲਾ ਦੀ ਡਾਇਨਾ ਕਾਸ (ਦੂਜੀ ਰਨਰ ਅਪ) ਰਹੀ।
ਮੁਕਾਬਲੇ ਦੀ ਦੋ ਹੋਰ ਫਾਈਨਲਿਸਟ, ਜਾਪਾਨ ਦੀ ਨਾਤਸੁਕੀ ਤਸੁਤਸੁਈ ਤੇ ਆਸਟਰੇਲੀਆ ਦੀ ਐਮਬਰ ਡੀਵ ਨੇ ਬਿਹਤਰੀਨ ਰਾਸ਼ਟਰੀ ਪਹਿਰਾਵਾ ਤੇ ਮਿਸ ਪ੍ਰਫੈਕਟ ਬਾਡੀ ਦਾ ਪੁਰਸਕਾਰ ਜਿੱਤਿਆ। ਲਿਲਿਆਨ ਨੇ ਬਿਹਤਰੀਨ ਪਹਿਰਾਵੇ ਦਾ ਵੀ ਪੁਰਸਕਾਰ ਜਿੱਤਿਆ।

