ਅੰਤਰ-ਰਾਸ਼ਟਰੀ ਮੰਡੀਆਂ ਵਿੱਚ ਪਹੁੰਚ ਬਣਾਉਣ ਲਈ ਪਰਨੀਤ ਕੌਰ ਵੱਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਦਾ ਸੱਦਾ
ਪਿਛਲੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਤੇ ਪੰਜਾਬ
ਦੀ ਕਿਸਾਨੀ ਨੂੰ ਤਬਾਹੀ ਦੇ ਕੰਢੇ ਖੜਾ ਕੀਤਾ-ਧਰਮਸੋਤ
ਸਹਿਕਾਰਤਾ ਹਫ਼ਤੇ ਦੇ ਸਮਾਗਮ ਦੌਰਾਨ ਉਦਮੀ ਤੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦਾ ਸਨਮਾਨ
ਪਟਿਆਲਾ, 17 ਨਵੰਬਰ (ਮਧੂਸਾਰ ਬਿਊਰੋ) ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅੰਤਰ ਰਾਸ਼ਟਰੀ ਮੰਡੀਆਂ ਵਿੱਚ ਆਪਣੇ ਉਤਪਾਦਾਂ ਦੀ ਪਹੁੰਚ ਬਣਾਉਣ ਲਈ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਘੱਟ ਵਰਤੋਂ ਕਰਕੇ ਜੈਵਿਕ ਖੇਤੀ ਵੱਲ ਕਦਮ ਪੁੱਟਣ।
ਸ੍ਰੀਮਤੀ ਪਰਨੀਤ ਅੱਜ ਏਸ਼ੀਆਂ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਮਾਰਕਫੈਡ ਵੱਲੋਂ ਮਨਾਏ ਜਾ ਰਹੇ 64ਵੇਂ ਸਰਬ ਭਾਰਤੀ ਸਹਿਕਾਰੀ ਹਫਤੇ ਦੇ ਸਬੰਧ ਵਿੱਚ ਜਨਤਕ-ਨਿੱਜੀ ਸਹਿਕਾਰਤਾ ਭਾਈਵਾਲੀ ਵਿਸ਼ੇ ‘ਤੇ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ ਲਾਅ ਵਿਖੇ ਕਰਵਾਏ ਵਿਸ਼ਾਲ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ।
ਸੀ੍ਰਮਤੀ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਨੂੰ ਦੇਸ਼ ਦੀਆਂ ਅਨਾਜ ਜ਼ਰੂਰਤਾ ਨੂੰ ਪੂਰੀਆਂ ਕਰਨ ਲਈ ਦਿਨ ਰਾਤ ਇਕ ਕਰਕੇ ਫ਼ਸਲਾਂ ਦੀ ਰਿਕਾਰਡ ਤੋੜ ਪੈਦਾਵਾਰ ਤਾਂ ਕਰ ਦਿੱਤੀ ਪਰ ਖਾਦਾਂ ਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਹੋਣ ਕਾਰਣ ਸਾਡੇ ਉਤਪਾਦ ਵਿਕਸਿਤ ਦੇਸ਼ਾਂ ਦੀਆਂ ਮੰਡੀਆਂ ਦੇ ਮਾਪਦੰਡ ‘ਤੇ ਖਰ੍ਹੇ ਨਹੀ ਉਤਰ ਰਹੇ ਉਹਨਾਂ ਕਿਹਾ ਕਿ ਵਿਦੇਸ਼ਾਂ ਦੇ ਨਾਲ ਨਾਲ ਸਾਡੇ ਦੇਸ਼ ਵਿੱਚ ਵੀ ਹੁਣ ਜੈਵਿਕ ਉਤਪਾਦਾਂ ਦੀ ਮੰਗ ਕਾਫੀ ਵੱਧ ਗਈ ਹੈ ਉਹਨਾਂ ਕਿਹਾ ਕਿ ਜੈਵਿਕ ਉਤਪਾਦਾਂ ਦੀ ਮੰਗ ਵੱਧ ਹੋਣ ਕਾਰਣ ਇਸਦਾ ਭਾਅ ਵੀ ਚੋਖਾ ਮਿਲਦਾ ਹੈ ਜਿਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਜ਼ਮੀਨ ਵਿੱਚ ਖਾਦਾਂ ਤੇ ਕੀੜੇਮਾਰ ਦਵਾਈਆ ਦੀ ਬੇਲੋੜੀ ਵਰਤੋਂ ਅਤੇ ਵੱਧ ਰਹੇ ਪ੍ਰਦੂਸ਼ਣ ਕਾਰਨ ਕੈਂਸਰ ਵਰਗੀਆਂ ਬਿਮਾਰੀਆਂ ਨੇ ਪੈਰ ਪਸਾਰ ਲਏ ਹਨ ਪਰ ਜੈਵਿਕ ਖੇਤੀ ਹੀ ਇਹਨਾਂ ਸਮੱਸਿਆਵਾਂ ਤੋਂ ਛੁਟਕਾਰੇ ਦਾ ਇਕੋ ਇਕ ਹੱਲ ਹੈ। ਸ੍ਰੀਮਤੀ ਪਰਨੀਤ ਕੌਰ ਨੇ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰੇਗੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫੀ ਸਬੰਧੀ ਸਾਰੀ ਪ੍ਰਕ੍ਰਿਆ ਮੁਕੰਮਲ ਕਰ ਲਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਲਈ ਨੌਕਰੀਆਂ ਤੇ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਜਾ ਰਹੇ ਹਨ।
ਸਮਾਗਮ ਦੇ ਦੂਸਰੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸਹਿਕਾਰਤਾ ਹਫਤੇ ‘ਤੇ ਕਿਸਾਨਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਤੇ ਪੰਜਾਬ ਦੀ ਕਿਸਾਨੀ ਨੂੰ ਤਬਾਹੀ ਦੇ ਕੰਢੇ ਖੜਾ ਕਰ ਦਿੱਤਾ ਪਰ ਹੁਣ ਹੌਲੀ ਹੌਲੀ ਪੰਜਾਬ ਨੂੰ ਮੁੜ ਲੀਹ ‘ਤੇ ਪਾਇਆ ਜਾ ਰਿਹਾ ਹੈ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਤੇ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਵੱਖ-ਵੱਖ ਸਹਿਕਾਰੀ ਵਿਭਾਗਾਂ ਤੇ ਉਦਮੀ ਕਿਸਾਨਾਂ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਵੀ ਗਹੁੰ ਨਾਲ ਵੇਖੀਆਂ ਅਤੇ ਮਾਰਕਫੈਡ ਵੱਲੋ ਤਿਆਰ ਕੀਤੇ ਉਤਪਾਦ ਸਾਗ, ਕੜੀ ਪਕੋੜਾ, ਦੇਸੀ ਘਿਓ, ਦਾਲ ਮੱਖਣੀ ਦੇ ਸਿੱਧੇ ਤੌਰ ‘ਤੇ ਹੀ ਮਾਈਕਰੋਵੇਵ ਵਿੱਚ ਰੱਖੇ ਜਾਣ ਵਾਲੇ ਪੋਚ ਪੈਕ ਵੀ ਜਾਰੀ ਕੀਤੇ ਅਤੇ ਦੁਬਈ ਤੇ ਕਤਰ ਲਈ ਮਾਰਕਫੈਡ ਦੇ ਸੋਹਣਾ ਦੇਸੀ ਘਿਓ ਦੀ ਖੇਪ ਵੀ ਰਵਾਨਾ ਕਰਨ ਦੇ ਨਾਲ ਨਾਲ ਪਸ਼ੂ ਫੀਡ ਦੇ ਨਵੇ ਉਤਪਾਦ ਵੀ ਜਾਰੀ ਕੀਤੇ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਪੰਜਾਬ ਭਰ ਵਿੱਚ ਪੁੱਜੇ ਉਦਮੀ ਕਿਸਾਨਾਂ, ਜੈਵਿਕ ਖੇਤੀ ਵਾਲੇ ਕਿਸਾਨਾਂ ਤੇ ਪਰਾਲੀ ਨੂੰ ਨਾ ਸਾੜਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਇਸ ਮੌਕੇ ਮਾਰਕਫੈਡ ਦੇ ਚੇਅਰਮੈਨ ਸ੍ਰੀ ਅਮਰਜੀਤ ਸਿੰਘ ਸਮਰਾ ਨੇ ਜਿੱਥੇ ਸਮਾਗਮ ਵਿੱਚ ਪੁੱਜੀਆਂ ਸਖ਼ਸੀਅਤਾ ਦਾ ਧੰਨਵਾਦ ਕੀਤਾ ਤੇ ਮਾਰਕਫੈਡ ਉਪਲੱਬਧੀਆਂ ਦਾ ਵੀ ਵਰਨਣ ਕੀਤਾ। ਮਾਰਕਫੈਡ ਦੇ ਐਮ ਡੀ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਪੁੱਜੀਆਂ ਸਮੂਹ ਸਖ਼ਸੀਅਤਾ ਨੂੰ ਜੀ ਆਇਆ ਕਿਹਾ। ਇਸ ਮੌਕੇ ਆਰਗੈਨਿਕ ਖੇਤੀ ਕਰਨ ਵਾਲੀ ਸੰਸਥਾ ਫੈਪਰੋ ਤੇ ਉਨਤੀ ਦੇ ਪ੍ਰਬੰਧਕਾਂ ਨੇ ਕਿਸਾਨਾਂ ਨਾਲ ਆਪਣੇ ਤਜਰਬੇ ਵੀ ਸਾਂਝੇ ਕੀਤੇ।
ਸਹਿਕਾਰਤਾ ਸਮਾਗਮ ਦੌਰਾਨ ਪੂਰੇ ਪੰਜਾਬ ਭਰ ਵਿੱਚੋਂ ਉਦਮੀ ਕਿਸਾਨਾਂ ਤੋਂ ਇਲਾਵਾ ਪੀ.ਆਰ.ਟੀ.ਸੀ ਦੇ ਚੇਅਰਮੈਨ ਸ੍ਰੀ.ਕੇ.ਕੇ. ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ ਸ੍ਰੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਮਾਰਕਫੈਡ ਦੇ ਏ.ਐਮ.ਡੀ. ਸ੍ਰੀ ਬਾਲ ਮੁਕੰਦ ਸ਼ਰਮਾ, ਸ੍ਰੀ ਏ.ਐਸ ਸੇਖੋਂ, ਮਾਰਕਫੈਡ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਵਿਸ਼ਾਲ ਗੁਪਤਾ, ਕਾਂਗਰਸ ਦੇ ਬਲਾਕ ਪ੍ਰਧਾਨ ਸ੍ਰੀ ਨਰੇਸ਼ ਦੁੱਗਲ, ਕੌਂਸਲਰ ਸ੍ਰੀ ਸੰਜੀਵ ਬਿੱਟੂ, ਸਾਬਕਾ ਕੌਸਲਰ ਸ੍ਰੀ ਬਲਵਿੰਦਰ ਪਾਲ ਸ਼ਰਮਾ, ਸ੍ਰੀ ਗੁਰਮੀਤ ਸਿੰਘ ਜੱਸੋਵਾਲ, ਸ੍ਰੀ ਗੁਰਭਜਨ ਸਿੰਘ ਲਚਕਾਣੀ, ਸ੍ਰੀ ਅਮਰੀਕ ਸਿੰਘ ਧਨੌਰੀ, ਵਣ ਮੰਤਰੀ ਦੇ ਤਾਲਮੇਲ ਅਫ਼ਸਰ ਸ੍ਰੀ ਚਮਕੌਰ ਸਿੰਘ, ਆਲ ਇੰਡੀਆ ਜੱਟ ਮਹਾਂ ਸਭਾ ਦੇ ਐਗਜੈਕਟਿਵ ਮੈਂਬਰ ਸ੍ਰੀ ਗੁਰਕੀਰਤ ਸਿੰਘ ਥੂਹੀ, ਮਹੰਤ ਹਰਵਿੰਦਰ ਖਨੌੜਾ, ਤੇ ਵੱਡੀ ਗਿਣਤੀ ਵਿੱਚ ਪੂਰੇ ਪੰਜਾਬ ਭਰ ਵਿੱਚ ਕਿਸਾਨ ਵੀ ਪੁੱਜੇ ਹੋਏ ਸਨ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਗੇਤੀ ਦੇ 780 ਏਕੜ ਰਕਬੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਅਤੇ ਪਿੰਡ ਬਿਸਨਪੁਰਾ ਛੰਨਾ ਦੇ ਜ਼ਹਿਰ ਮੁਕਤ ਖੇਤੀ ਕਰਨ ਵਾਲੇ ਰਾਜਮੋਹਨ ਸਿੰਘ ਕਾਲੇਕਾ ਤੇ ਸਫ਼ਲ ਖੁੰਭ ਕਾਸ਼ਤਕਾਰ ਸ੍ਰੀ ਦਲਜੀਤ ਸਿੰਘ ਕਾਲੇਕਾ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।

