ਪੰਜਾਬ

ਡਾ. ਨਵਜੋਤ ਕੌਰ ਸਿੱਧੂ ਨੂੰ ‘ਧੀ ਪੰਜਾਬ ਦੀ’ ਐਵਾਰਡ ਨਾਲ ਕੀਤਾ ਸਨਮਾਨਿਤ

ਭਰੂਣ ਹੱਤਿਆ ਵਿਰੁੱਧ ਜਾਗਰੂਕਤਾ ਸਮੇਂ ਦੀ ਪ੍ਰਮੁੱਖ ਲੋੜ-ਡਾ. ਸਿੱਧੂ
ਭਰੂਣ ਹੱਤਿਆ ਵਿਰੁੱਧ ‘ਬੇਟੀ ਬਚਾਓ,ਬੇਟੀ ਪੜਾਓ’ ਸਮਾਗਮ ਕਰਵਾਇਆ
ਅੰਮ੍ਰਿਤਸਰ,18 ਨਵੰਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ(ਇੰਡੀਆ ਬੁਕ ਰਿਕਾਰਡ ਹੋਲਡਰ) ਦੀ ਅਗਵਾਈ ਅਤੇ ਮੈਨੇਜਰ ਸੰਦੀਪ ਸਿੰਘ ਮਹਿਰੋਕ ਦੀ ਰਹਿਣੁਮਾਈ ਹੇਠ ਅਜ ਸਵਰਨ ਸੀਨੀਅਰ ਸਕੂਲ ਸੰਤ ਨਗਰ ਵਿਖੇਂ ਭਰੂਣ ਹੱਤਿਆ ਵਿਰੁੱਧ ‘ਬੇਟੀ ਬਚਾਓ,ਬੇਟੀ ਪੜਾਓ’ ਮੁਹਿੰਮ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।

ਜ਼ਿਲੇ ਦੇ ਵੱਖ ਵੱਖ 40 ਸਕੂਲਾਂ ਵਿਚੋਂ ਪੰਜ ਪੰਜ ਹੋਣਹਾਰ ਧੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਮਾਨ ਸਾਬਕਾ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ, ਅੰਮ੍ਰਿਤਸਰ ਦੇ ਉਘੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਨ ਆਨੰਦ ਅਤੇ ਨਾਇਬ ਤਹਿਸੀਲਦਾਰ ਮਿਸ ਰੋਬਿਨਜੀਤ ਕੌਰ ਗਿਲ ਨੇ ਅਦਾ ਕੀਤੀ। ਇਸ ਮੌਕੇ ਡਾ. ਸਿੱਧੂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜ ਨੌਜਵਾਨ ਪੀੜੀ ਨੂੰ ਭਰੂਣ ਹੱਤਿਆ ਵਿਰੁੱਧ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨਾਂ ਨੇ ਸੰਸਥਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਣਹਾਰ ਧੀਆਂ ਦਾ ਸਨਮਾਨ ਕਰਨਾ ਇਕ ਚੰਗੀ ਪਰੰਪਰਾ ਹੈ ਇਸ ਨਾਲ ਧੀਆਂ ਵਿਚ ਕੁਝ ਕਰਨ ਅਤੇ ਬਣ ਵਿਖਾਉਣ ਦੀ ਲਾਲਸਾ ਪੈਦਾ ਹੁੰਦੀ ਹੈ। ਉਨਾਂ ਕਿਹਾ ਕਿ ਲੜਕੀਆਂ ਹਰ ਖੇਤਰ ਵਿਚ ਲੜਕਿਆਂ ਦੀ ਬਰਾਬਰੀ ਕਰ ਰਹੀਆਂ ਹਨ। ਉਨਾਂ ਬੱਚੀਆਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੱਚੀਆਂ ਨੂੰ ਵੱਧ ਤੋਂ ਵੱਧ ਪੜਾ ਕੇ ਆਪਣੇ ਪੈਰਾਂ ਤੇ ਖੜਾ ਕਰਨ ਤਾਂ ਕਿ ਉਹ ਵੀ ਸਮਾਜ ਵਿਚ ਆਪਣਾ ਵੱਖਰਾ ਮੁਕਾਮ ਹਾਸਿਲ ਕਰਕੇ ਆਪਣੇ ਮਾਤਾ ਪਿਤਾ,ਆਪਣੇ ਸ਼ਹਿਰ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ। ਉਨਾਂ ਬੱਚੀਆਂ ਨੂੰ ਕਿਹਾ ਕਿ ਉਹ ਆਪਣੀ ਜ਼ਿੰਦਗੀ ਦਾ ਟੀਚਾ ਨਿਰਧਾਰਿਤ ਕਰਨ ਅਤੇ ਉਸ ਟੀਚੇ ਨੂੰ ਪੂਰਾ ਕਰਨ ਲਈ ਰਾਤ ਦਿਨ ਮਿਹਨਤ ਕਰਨ ਅਤੇ ਪੜਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਐਕਟੀਵਿਟੀਆਂ ਵਿਚ ਵੀ ਵੱਧ ਚੜ ਕੇ ਹਿੱਸਾ ਲੈਣ। ਉਨਾਂ ਕਿਹਾ ਕਿ ਮਾਪੇ ਆਪਣੀ ਬੱਚੀ ਨੂੰ ਵਿਦਿਆ ਦਾ ਦਹੇਜ਼ ਦੇਣ ਜਿਹੜਾ ਸਾਰੀ ਉਮਰ ਉਸ ਬੱਚੀ ਦੇ ਕੋਲ ਰਹੇਗਾ ਅਤੇ ਕੋਈ ਵੀ ਉਸਨੂੰ ਖੋਹ ਨਹੀਂ ਸਕੇਗਾ। ਇਸ ਮੌਕੇ ਸੰਸਥਾਂ ਵਲੋਂ ਡਾ. ਨਵਜੋਤ ਕੌਰ ਸਿੱਧੂ ਨੂੰ ‘ਧੀ ਪੰਜਾਬ ਦੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਚ ਦੇ ਸੰਚਾਲਕ ਗੁਰਮੀਤ ਸਿੰਘ ਸੰਧੂ, ਪਿੰ੍ਰਸੀਪਲ ਜੁਗਿੰਦਰ ਕੌਰ, ਲਵਪ੍ਰੀਤ ਕੌਰ, ਰਮਨਪ੍ਰੀਤ ਕੌਰ, ਕੋਚ ਰਜਿੰਦਰ, ਅਮਨਜੀਤ ਕੌਰ, ਡਾ. ਰਨਬੀਰ ਸਿੰਘ, ਮਾਨਸੀ ਖੰਨਾ,ਪੂਜਾ, ਕੋਮਲ ਕਾਲੀਆ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *