ਪਾਕਿਸਤਾਨ ‘ਚ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਪਲਾਜਾ ਬਣਾਉਣ ਵਿਰੁੱਧ ਸਿੱਖ ਸੰਗਤਾਂ ਘਟਨਾ ਦਾ ਵਿਰੋਧ ਕਰਨ : ਗਿਆਨੀ ਗੁਰਬਚਨ ਸਿੰਘ
ਸ਼ਹੀਦੀ ਸਭਾ ‘ਤੇ ਸਿਆਸੀ ਕਾਨਫਰੰਸਾਂ ਮੌਕੇ ਦੂਸ਼ਣਬਾਜ਼ੀ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ
ਅੰਮ੍ਰਿਤਸਰ 19 ਦਸੰਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੜੇ ਦੁੱਖ ਭਰੇ ਲਹਿੰਜੇ ਵਿਚ ਬੋਲਦਿਆਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪਾਕਿਸਤਾਨ ਵਿਚ ਸ਼ਾਹੀਵਾਲ ਵਿਖੇ ਭੂਮੀ ਮਾਫੀਆ ਵਲੋਂ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਉਸ ਜਗ੍ਹਾ ਉੱਪਰ ਆਪਣੇ ਨਿੱਜੀ ਸੁਆਰਥਾਂ ਨੂੰ ਮੁੱਖ ਰੱਖਦਿਆਂ ਪਲਾਜਾ ਬਣਾਇਆ ਜਾ ਰਿਹਾ ਹੈ।ਜੋ ਬਹੁਤ ਨਿੰਦਣਯੋਗ ਘੱਟਨਾ ਹੈ।
ਕੋਈ ਸੱਚਾ ਮੁਸਲਮਾਨ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦਾ, ਸਾਰੇ ਧਰਮ ਇਨਸਾਨੀਅਤ ਹੀ ਸਿਖਾਉਂਦੇ ਹਨ ਭਾਵੇਂ ਕੋਈ ਸਿੱਖ ,ਹਿੰਦੂ ਜਾਂ ਮੁਸਲਮਾਨ ਹੋਵੇ, ਧਰਮੀ ਬੰਦਾ ਤਾਂ ਸਭ ਧਰਮਾਂ ਨੂੰ ਇਕੋ ਜਿਹਾ ਹੀ ਸਮਝਦਾ ਹੈ।ਸਿੰਘ ਸਾਹਿਬ ਜੀ ਨੇ ਕਿਹਾ ਕਿ ਪਾਕਿਸਤਾਨ ਵਿਚ ਰਿਹੰਦੀਆਂ ਸਿੱਖ ਸੰਗਤਾਂ ਇਕ ਮੁੱਠ ਹੋ ਕੇ ਇਸ ਘੱਟਨਾ ਦਾ ਵਿਰੋਧ ਕਰਨ ਅਤੇ ਪਾਕਿਸਤਾਨ ਸਰਕਾਰ ਦੇ ਨਾਲ ਰਾਫਤਾ ਕਾਇਮ ਕਰਕੇ ਇਸ ਘੱਟਨਾ ਸਬੰਧੀ ਗੱਲ ਬਾਤ ਕਰਨ। ਪਾਕਿਸਤਾਨ ਸਰਕਾਰ ਇਸ ਹੋਈ ਮੰਦਭਾਗੀ ਘੱਟਨਾ ਉਪਰ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਵਿਅਕਤੀਆਂ ਉਪਰ ਸਖਤ ਕਾਰਵਾਈ ਕਰੇ।ਜਿਸ ਨਾਲ ਅਗੋਂ ਵਾਸਤੇ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਕਾਰਵਾਈ ਕਰਨ ਦਾ ਹੋਂਸਲਾ ਨਾਂ ਕਰ ਸਕੇ।ਪਾਕਿਸਤਾਨ ਗੁ:ਪ੍ਰ:ਕਮੇਟੀ ਜਰੂਰੀ ਢੁੱਕਵੇਂ ਉਪਰਾਲੇ ਕਰਕੇ ਗੁਰਦੁਆਰਾ ਸਾਹਿਬਾਨਾਂ ਦੀ ਰਾਖੀ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਕਿ ਕੋਈ ਵੀ ਗੁਰੂ ਘਰ ਦੀ ਇਮਾਰਤ ਨੂੰ ਨੁਕਸਾਨ ਨਾਂ ਪਹੁੰਚਾ ਸਕੇ।
ਸਿੰਘ ਸਾਹਿਬ ਜੀ ਨੇ ਕਿਹਾ ਕਿ ਸਿੱਖ ਧਰਮ ਤਾਂ ਰੋਜ਼ ਵਾਹਿਗੁਰੂ ਅੱਗੇ ਅਰਦਾਸ ਕਰਦਿਆਂ ਸਰਬੱਤ ਦਾ ਭਲਾ ਮੰਗਦਾ ਹੈ ਪ੍ਰੰਤੂ ਪਤਾ ਨਹੀ ਕਿਉਂ ਸਿੱਖਾਂ ਨੂੰ ਹੀ ਨਿਸ਼ਾਨਾਂ ਬਣਾ ਕਿ ਅਜਿਹੀਆਂ ਘੱਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ।ਗੁਰਦੁਆਰਾ ਡਾਂਗਮਾਰ ਸਾਹਿਬ ਜੋ ਸਿਕਮ ਵਿਚ ਹੈ ਅਤੇ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪਾ੍ਰਪਤ ਹੈ।ਉਥੇ ਬੁੱਧ ਧਰਮ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਉੱਪਰ ਕਬਜਾ ਕਰਨ ਦੀ ਘੱਟਨਾ ਵਾਪਰੀ ਹੈ ਜਿਸ ਲਈ ਸ਼੍ਰੋ:ਗੁ:ਪ੍ਰ:ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰ: ਕਮੇਟੀ ਵਲੋਂ ਕਾਰਵਾਈ ਹੋ ਰਹੀ ਹੈ। ਸਿੰਘ ਸਾਹਿਬ ਨੇ ਸ਼੍ਰੋ:ਗੁ:ਪ੍ਰ:ਕਮੇਟੀ ਅਤੇ ਦਿੱਲੀ ਸਿੱਖ ਗੁ:ਪ੍ਰ: ਕਮੇਟੀ ਨੂੰ ਕਿਹਾ ਕਿ ਤੁਰੰਤ ਇਸ ਕੇਸ ਸਬੰਧੀ ਕੇਂਦਰ ਸਰਕਾਰ ਨਾਲ ਰਾਫਤਾ ਕਾਇਮ ਕਰਕੇ ਜਲਦੀ ਤੋਂ ਜਲਦੀ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਅਜਾਦ ਕਰਵਾਇਆ ਜਾਵੇ।
ਸਿੰਘ ਸਾਹਿਬ ਨੇ ਕਿਹਾ ਜੋ ਕਾਨਫਰੰਸਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਸਮੇਂ ਹੁੰਦੀਆਂ ਹਨ ਉਹਨਾਂ ਵਿਚ ਇਕ ਦੂਜੀ ਪਾਰਟੀ ਉੱਪਰ ਦੂਸ਼ਨਬਾਜੀ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸੰਗਤਾਂ ਵਿਚ ਸ਼ਹੀਦੀ ਸਮਾਗਮ ਸਬੰਧੀ ਗੁਰ ਇਤਿਹਾਸ ਦੀ ਗੱਲ ਕੀਤੀ ਜਾਵੇ।

