ਭਾਸ਼ਾ ਵਿਭਾਗ, ਪੰਜਾਬ ਵੱਲੋ ਸਰਵੋਤਮ ਸਾਹਿਤਕ ਅਤੇ ਵਧੀਆ ਛਪਾਈ ਪੁਰਸਕਾਰਾਂ ਲਈ ਪੁਸਤਕਾਂ ਦੀ ਮੰਗ
ਚਾਰੇ ਭਾਸ਼ਾਵਾਂ ਦੀਆਂ ਵੱਖ-ਵੱਖ ਵਿਧਾਵਾਂ ਨਾਲ ਸਬੰਧਿਤ 21 ਪੁਰਸਕਾਰ ਦਿੱਤੇ ਜਾਣਗੇ
ਪੁਸਤਕਾਂ ਦੇ ਪ੍ਰਕਾਸ਼ਕਾਂ/ ਛਾਪਕਾਂ ਨੂੰ ਵੀ ਵਧੀਆ ਛਪਾਈ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ
ਪਟਿਆਲਾ 3 ਜਨਵਰੀ (ਮਧੂਸਾਰ ਬਿਊਰੋ) ਭਾਸ਼ਾ ਵਿਭਾਗ,ਪੰਜਾਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਸਰਵੋਤਮ ਸਾਹਿਤਕ’ ਅਤੇ ‘ਵਧੀਆ ਛਪਾਈ ਪੁਰਸਕਾਰ’ (2018-19) ਲਈ 1 ਜਨਵਰੀ,2017 ਤੋਂ ਲੈ ਕੇ 31, ਦਸੰਬਰ 2017 ਦੌਰਾਨ ਛਪੀਆਂ ਪੰਜਾਬੀ, ਹਿੰਦੀ, ਉਰਦੂ ਅਤੇ ਸੰਸਕ੍ਰਿਤ ਪੁਸਤਕਾਂ ਦੀ ਮੰਗ ਕੀਤੀ ਗਈ ਹੈ।
ਜਾਣਕਾਰੀ ਦਿੰਦਿਆ ਭਾਸ਼ਾ ਵਿਭਾਗ ਦੇ ਡਾਇਰੈਕਟਰ ਗੁਰਸ਼ਰਨ ਕੌਰ ਨੇ ਦੱਸਿਆ ਕਿ ‘ਸਰਵੋਤਮ ਸਾਹਿਤਕ ਪੁਰਸਕਾਰ ਮੁਕਾਬਲੇ ਲਈ ਪੰਜਾਬੀ ਵਿਚ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਟੀਕਾਕਾਰੀ/ਕੋਸ਼ਕਾਰੀ), ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ(ਨਿਬੰਧ/ਸਫ਼ਰਨਾਮਾ), ਗਿਆਨੀ ਗੁਰਮੁਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ), ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ਇਕਾਂਗੀ), ਤੇਜਾ ਸਿੰਘ ਪੁਰਸਕਾਰ (ਸੰਪਾਦਨ), ਐਮ.ਐਸ.ਰੰਧਾਵਾ ਪੁਰਸਕਾਰ (ਗਿਆਨ ਸਾਹਿਤ), ਭਾਈ ਕਾਨ੍ਹ ਸਿੰਘ ਨਾਭਾ ਪਰੁਸਕਾਰ (ਵਿਆਕਰਣ/ਭਾਸ਼ਾ ਵਿਗਿਆਨ/ ਹਵਾਲਾ ਗ੍ਰੰਥ), ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ), ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ), ਅਤੇ ਸ. ਨਾਨਕ ਸਿੰਘ (ਨਾਵਲ) ਪੁਰਸਕਾਰ ਲਈ ਪੁਸਤਕਾਂ ਭੇਜਣ ਲਈ ਬੇਨਤੀ ਕੀਤੀ ਜਾਂਦੀ ਹੈ। ਪੰਜਾਬੀ ਦੇ ਇਨ੍ਹਾਂ 10 ਪੁਰਸਕਾਰਾਂ ਲਈ ਚਾਰ-ਚਾਰ ਪੁਸਤਕਾਂ ਦੀ ਮੰਗ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਹਿੰਦੀ ਦੇ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ), ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ), ਮੋਹਨ ਰਾਕੇਸ਼ ਪੁਰਸਕਾਰ (ਨਾਟਕ/ਇਕਾਂਗੀ), ਇੰਦਰ ਨਾਥ ਮਦਾਨ ਪੁਰਸਕਾਰ (ਆਲੋਚਨਾ/ਸੰਪਾਦਨ), ਗਿਆਨੀ ਗਿਆਨ ਸਿੰਘ ਪੁਰਸਕਾਰ(ਜੀਵਨੀ/ਸਫ਼ਰਨਾਮਾ) ਅਤੇ ਬਾਲ ਸਾਹਿਤ ਆਦਿ 6 ਪੁਰਸਕਾਰਾਂ ਲਈ ਚਾਰ-ਚਾਰ ਪੁਸਤਕਾਂ ਦੀ ਮੰਗ ਕੀਤੀ ਜਾਂਦੀ ਹੈ। ਨਾਲ ਹੀ ਉਰਦੂ ਦੇ ਸਾਹਿਰ ਲੁਧਿਆਣੀ ਪੁਰਸਕਾਰ (ਨਜ਼ਮ), ਕਨ੍ਹਈਆ ਲਾਲ ਕਪੂਰ ਪੁਰਸਕਾਰ (ਨਸਰ), ਰਜਿੰਦਰ ਸਿੰਘ ਬੇਦੀ ਪੁਰਸਕਾਰ (ਨਾਵਲ/ ਕਹਾਣੀ/ ਨਾਟਕ/ ਇਕਾਂਗੀ) ਅਤੇ ਮਹਿਮੂਦ ਸ਼ਿਰਾਨੀ ਪੁਰਸਕਾਰ (ਆਲੋਚਨਾ) ਆਦਿ ੪ ਪੁਰਸਕਾਰਾਂ ਲਈ ਚਾਰ-ਚਾਰ ਪੁਸਤਕਾਂ ਦੀ ਮੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਦੇ ਇਕੋ ਇਕ ਕਾਲੀਦਾਸ ਪੁਰਸਕਾਰ ਲਈ ਲੇਖਕ ਆਪਣੀਆਂ ਉਕਤ ਸਮੇਂ ਦੌਰਾਨ ਛਪੀਆਂ ਪੁਸਤਕਾਂ ਦੀਆਂ ਚਾਰ-ਚਾਰ ਕਾਪੀਆਂ ਭੇਜਣ ਦੀ ਖੇਚਲ ਕਰਨ।
ਇਸ ਦੇ ਨਾਲ ਹੀ ਡਾਇਰੈਕਟਰ ਨੇ ਕਿਹਾ ਕਿ ਵਧੀਆ ਛਪਾਈ ਪੁਰਸਕਾਰ ਲਈ ਪੰਜਾਬੀ,ਹਿੰਦੀ ਅਤੇ ਉਰਦੂ ਦੇ ਪ੍ਰਕਾਸ਼ਕ/ ਛਾਪਕ ਵੀ ਇਸ ਪੁਰਸਕਾਰ ਲਈ ਸਾਲ 2017 ਦੌਰਾਨ ਛਪੀਆਂ ਪੁਸਤਕਾਂ ਦੀਆਂ ਦੋ-ਦੋ ਕਾਪੀਆਂ ਵਿਭਾਗ ਨੂੰ ਭੇਜਣ ਦੀ ਖੇਚਲ ਕਰਨ।
ਪੁਰਸਕਾਰਾਂ ਸਬੰਧੀ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਗੁਰਸ਼ਰਨ ਕੌਰ ਡਾਇਰੈਕਟਰ, ਭਾਸ਼ਾ ਵਿਭਾਗ,ਪੰਜਾਬ ਨੇ ਦੱਸਿਆ ਕਿ ਉਕਤ ਚਾਰੇ ਭਾਸ਼ਾਵਾਂ ਦੀਆਂ ਵੱਖ-ਵੱਖ ਵਿਧਾਵਾਂ ਨਾਲ ਸਬੰਧਿਤ 21 ਪੁਰਸਕਾਰ ਰੱਖੇ ਗਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਭਾਗ ਵਲੋਂ ਉਕਤ ਤੋਂ ਇਲਾਵਾ ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਸਾਲ 2017 ਦੌਰਾਨ ਛਪੀਆਂ ਵਧੀਆ ਪੁਸਤਕਾਂ ਦੇ ਪ੍ਰਕਾਸ਼ਕਾਂ/ ਛਾਪਕਾਂ ਨੂੰ ਵੀ ਵਧੀਆ ਛਪਾਈ ਪੁਰਸਕਾਰ ਪ੍ਰਦਾਨ ਕੀਤੇ ਜਾਣੇ ਹਨ।
ਉਨ੍ਹਾਂ ਨੇ ਹੋਰ ਦੱਸਿਆ ਕਿ ਹਿੰਦੀ, ਉਰਦੂ ਅਤੇ ਸੰਸਕ੍ਰਿਤ ਦੇ ਸਰਵੋਤਮ ਪੁਸਤਕ ਮੁਕਾਬਲੇ ਲਈ ਕੇਵਲ ਪੰਜਾਬ ਦੇ ਵਾਸੀ/ ਅਧਿਵਾਸ ਲੇਖਕ ਹੀ ਭਾਗ ਲੈ ਸਕਦੇ ਹਨ। ਜਦੋਂ ਕਿ ਪੰਜਾਬੀ ਦੇ ਪੁਰਸਕਾਰਾਂ ਲਈ ਅਜਿਹੀ ਕੋਈ ਸ਼ਰਤ ਨਹੀਂ ਹੈ। ਇਸੇ ਤਰ੍ਹਾਂ ਵਧੀਆ ਛਪਾਈ ਪੁਰਸਕਾਰ ਮੁਕਾਬਲੇ ਅਧੀਨ ਹਿੰਦੀ ਅਤੇ ਉਰਦੂ ਪੁਸਤਕਾਂ ਲਈ ਕੇਵਲ ਪੰਜਾਬ ਦੇ ਪ੍ਰਕਾਸ਼ਕ/ ਛਾਪਕ ਹੀ ਭਾਗ ਲੈ ਸਕਦੇ ਹਨ ਜਦੋਂ ਕਿ ਪੰਜਾਬੀ ਪੁਸਤਕਾਂ ਲਈ ਪੰਜਾਬ ਤੋਂ ਬਾਹਰਲੇ ਪ੍ਰਕਾਸ਼ਕ/ ਛਾਪਕ ਵੀ ਆਪਣੀਆਂ ਪੁਸਤਕਾਂ ਭੇਜ ਸਕਦੇ ਹਨ।
ਉਨ੍ਹਾਂ ਕਿਹਾ ਕਿ ਸਾਰੇ ਪੁਰਸਕਾਰਾਂ ਲਈ ਪੁਸਤਕਾਂ 30-04-2018 ਤੱਕ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਨੂੰ ਪਹੁੰਚਣੀਆਂ ਜ਼ਰੂਰੀ ਹਨ।

