ਪੰਜਾਬਪਟਿਆਲਾ

ਦਲਿਤ ਵਿਦਿਆਰਥਣ ਵੀਰਪਾਲ ਕੌਰ ਦਾ ਮਾਮਲੇ ਨੇ ਲਿਆ ਨਵਾਂ ਮੋੜ : ਰਾਮੂਵਾਲੀਆ ਵਲੋਂ ਬਿਹਾਰ ਰਾਜ ਵਿਚ ਪੜਾਈ ਉੱਪਰੰਤ ਨੌਕਰੀ ਦੇਣ ਦਾ ਐਲਾਨ

ਜਾਤੀਵਾਦ ਖਿਲਾਫ ਜੰਗ ਜਾਰੀ ਰਹੇਗੀ : ਡਾ. ਜਤਿੰਦਰ ਸਿੰਘ ਮੱਟੂ
ਪਟਿਆਲਾ 7 ਜਨਵਰੀ (ਮਧੂਸਾਰ ਬਿਊਰੋ) ਪਟਿਆਲਾ ਜਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਦੀ 11ਵੀਂ ਜਮਾਤ ਦੀ ਵਾਲਮੀਕਿ ਸਮਾਜ ਦੀ ਵਿਦਿਆਰਥਣ ਵੀਰਪਾਲ ਕੌਰ ਨਾਲ ਸਕੂਲ ਵਿਚ ਹੋ ਰਹੇ ਜਾਤੀ ਵਤਕਰੇ ਅਤੇ ਉਸ ਨਾਲ ਲੰਬੇ ਸਮੇਂ ਤੋਂ ਹੋ ਰਹੀ ਧੱਕੇਸ਼ਾਹੀ ਵਾਲੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਅੱਜ ਐਤਵਾਰ ਉੱਤਰ ਪ੍ਰਦੇਸ਼ ਸਰਕਾਰ ਦੇ ਸਾਬਕਾ ਜੇਲ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦਲਿਤ ਵਿਦਿਆਰਥਣ ਨਾਲ ਹੋ ਰਹੇ ਦੁਰਾਚਾਰ ਅਤੇ ਜਾਤੀ ਭੇਦਭਾਵ ਬਾਰੇ ਜਾਣਕਾਰੀ ਲੈਣ ਲਈ ਉਨਾਂ ਦੇ ਪਿੰਡ ਰਾਮਪੁਰ ਸਾਹੀਵਾਲ ਪਹੁੰਚੇ ਹੋਏ ਸਨ।

ਇਸ ਮੌਕੇ ਪੀੜਿਤ ਬੱਚੀ ਦੇ ਮਾਮਲੇ ਵਿਚ ਇਨਸਾਫ ਦਿਵਾਉਣ ਲਈ ਆਵਾਜ ਬੁਲੰਦ ਕਰਨ ਵਾਲੇ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਅਤੇ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਅਤੇ ਭਾਰਤੀਯ ਵਾਲਮੀਕਿ ਧਰਮ ਸਮਾਜ ਭਾਵਾਧਸ ਤੋਂ ਜਿਲਾ ਪ੍ਰਧਾਨ ਵੀਰ ਅਰੁਣ ਧਾਲੀਵਾਲ ਵੀ ਪਹੁੰਚੇ ਹੋਏ ਸਨ।
ਬਿਹਾਰ ਦੇ ਸਾਬਕਾ ਕੈਬਨਿਟ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਬੱਚੀ ਨਾਲ ਹੋਏ ਸਾਰੇ ਘਟਨਾਕ੍ਰਮ ਨੂੰ ਜਾਨਣ ਤੋਂ ਬਾਅਦ ਐਲਾਨ ਕੀਤਾ ਕਿ ਵੀਰਪਾਲ ਕੌਰ ਜੇ ਚਾਹੇ ਤਾਂ ਉਸ ਲਈ ਬਿਹਾਰ ਵਿਚ ਮਾਤਾ ਗੁਜਰੀ ਮੈਡੀਕਲ ਕਾਲਜ, ਕਿਸ਼ਨਗੜ (ਬਿਹਾਰ) ਵਿਚ ਬਾਰ੍ਹਵੀਂ ਤੱਕ ਮੈਡੀਕਲ ਦੀ ਪੜਾਈ ਮੁਫਤ ਕਰ ਸਕਦੀ ਹੈ। ਵੀਰਪਾਲ ਲਈ ਹੋਸਟਲ ਫਰੀ ਹੋਵੇਗਾ ਅਤੇ ਖਾਣਾ ਪੀਣਾ ਬਿਲਕੁਲ ਫਰੀ ਹੋਵੇਗਾ। ਇੰਨਾਂ ਹੀ ਨਹੀਂ ਇਸ ਨਰਸਿੰਗ ਕਾਲਜ ਵਿਚ ਪੜਾਈ ਕਰਨ ਤੋਂ ਬਾਅਦ ਉਸ ਲਈ ਉਸੇ ਕਾਲਜ ਵਿਚ ਨਰਸਿੰਗ ਕਰਮਚਾਰੀ ਵਜੋਂ ਨੌਕਰੀ ਦਿੱਤੀ ਜਾਵੇਗੀ। ਜਿਸ ਲਈ ਬਲਵੰਤ ਸਿੰਘ ਰਾਮੂਵਾਲੀਆ ਨੇ ਵੀਰਪਾਲ ਕੌਰ ਨੂੰ ਲਿਖ ਕੇ ਦਿੱਤਾ। ਇਸ ਮੌਕੇ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਨੇ ਬਿਹਾਰ ਦੇ ਸਾਬਕਾ ਕੈਬਨਿਟ ਮੰਤਰੀ ਦੇ ਕੀਤੇ ਐਲਾਨ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਵੀਰਪਾਲ ਬਿਹਾਰ ਵਿਚ ਜਾ ਕੇ ਪੜਾਈ ਕਰਨਾ ਚਾਹੁੰਦੀ ਹੈ ਤਾਂ ਉਹ ਅਤੇ ਉਸਦਾ ਪਰਿਵਾਰ ਫੈਸਲਾ ਲੈ ਸਕਦਾ ਹੈ।
ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਵੀਰਪਾਲ ਕੌਰ ਪੜਾਈ ਵਿਚ ਹੁਸ਼ਿਆਰ ਹੋਣ ਕਾਰਣ ਜਾਤੀ ਵਿਤਕਰੇ ਅਤੇ ਤਸ਼ੱਦਦ ਦਾ ਸ਼ਿਕਾਰ ਹੋਈ ਹੈ। ਅਜੇ ਵੀ ਉਸ ਨੂੰ ਹੌਂਸਲਾ ਦੇਣ ਵਾਲੇ ਬਹੁਤ ਘੱਟ ਹਨ ਪਰ ਜਿਆਦਾਤਰ ਲੋਕ ਉਸਦੇ ਆਵਾਜ ਬੁਲੰਦ ਕਰਨ ਨੂੰ ਗਲਤ ਠਹਿਰਾ ਕੇ ਉਸ ਉੱਪਰ ਦਬਾਅ ਪਾਉਣਾ ਚਾਹੁੰਦੇ ਹਨ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਿਰਫ ਵੀਰਪਾਲ ਹੀ ਨਹੀਂ ਜਿੱਥੇ ਵੀ ਕਿਤੇ ਐਸ.ਸੀ ਵਰਗ ਅਤੇ ਸਮਾਜ ਦੇ ਦੱਬੇ ਕੁਚਲੇ ਅਤੇ ਸਾਲਾਂ ਤੋਂ ਲਤਾੜੇ ਜਾ ਚੁੱਕੇ ਸਮਾਜ ਨਾਲ ਕਿਸੇ ਤਰਾਂ ਦਾ ਜਾਤੀ ਵਿਤਕਰਾ ਅਤੇ ਧੱਕੇਸ਼ਾਹੀ ਹੋਵੇਗੀ ਅਜਿਹੀਆਂ ਧੱਕੇਸ਼ਾਹੀਆਂ ਖਿਲਾਫ ਸਾਡੀ ਲੜਾਈ ਜਾਰੀ ਰਹੇਗੀ। ਇਸ ਮੌਕੇ ਹਾਜਰ ਆਗੂਆਂ ਵਿਚ ਰਾਜਿੰਦਰ ਸਿੰਘ ਮੱਟੂ, ਪਿੰਡ ਦੀ ਸਰਪੰਚ ਦੇ ਪਤੀ ਹੰਸ ਰਾਜ ਸਿੰਘ ਅਤੇ ਕਈ ਹੋਰ ਸਖਸ਼ੀਅਤਾਂ ਹਾਜਰ ਸਨ।

Leave a Reply

Your email address will not be published. Required fields are marked *