ਖਾਲਸਾ ਕਾਲਜ ਪਟਿਆਲਾ ਵਿਖੇ ‘ਪੰਜਾਬੀ ਸੱਭਿਆਚਾਰ ਦਾ ਅੰਤਰਰਾਸ਼ਟਰੀ ਮੁਹਾਂਦਰਾ’ ਵਿਸ਼ੇ ‘ਤੇ ਰੂ–ਬ–ਰੂ ਸਮਾਗਮ
ਪਟਿਆਲਾ 10 ਜਨਵਰੀ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ‘ਪੰਜਾਬੀ ਸੱਭਿਆਚਾਰ ਦਾ ਅੰਤਰਰਾਸ਼ਟਰੀ ਮੁਹਾਂਦਰਾ’ ਵਿਸ਼ੇ ‘ਤੇ ਰੂ–ਬ–ਰੂ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ. ਸੁਖਜਿੰਦਰ ਸਿੰਘ ਬਾਠ (ਸੁੱਖੀ ਬਾਠ) ਸੰਸਥਾਪਕ ਪੰਜਾਬ ਭਵਨ ਕੈਨੇਡਾ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ।
ਸ. ਸੁੱਖੀ ਬਾਠ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਪੰਜਾਬੀ ਸੱਭਿਆਚਾਰ ਇੱਕ ਸੰਯੁਕਤ ਸੱਭਿਆਚਾਰ ਹੈ। ਪੰਜਾਬੀ ਸੱਭਿਆਚਾਰ ਦੀ ਇਸ ਖ਼ੂਬੀ ਕਾਰਨ ਹੀ ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਪਹੁੰਚੇ ਹਨ ਅਤੇ ਵੱਖ-ਵੱਖ ਖੇਤਰਾਂ ਵਿੱਚ ਪੰਜਾਬੀਆਂ ਨੇ ਵਡਮੁੱਲੇ ਕਾਰਜ ਕੀਤੇ ਹਨ। ਪੰਜਾਬੀਆਂ ਵੱਲੋਂ ਕੀਤੇ ਕਾਰਜ ਵਿਸ਼ਵ ਪੱਧਰੀ ਪਹਿਚਾਣ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਅਜੋਕੇ ਸਮੇ ਅੰਦਰ ਪੰਜਾਬੀਆਂ ਦਾ ਵਿਸ਼ੇਸ਼ ਮਾਣ ਸਤਿਕਾਰ ਹੈ ਜਿਸ ਦੇ ਪਿੱਛੇ ਪੰਜਾਬੀ ਲੋਕਾਂ ਵੱਲੋਂ ਘਾਲੀ ਗਈ ਸਖ਼ਤ ਘਾਲਣਾ ਹੈ। ਸ. ਸੁੱਖੀ ਬਾਠ ਨੇ ਪੰਜਾਬ ਭਵਨ ਦੀ ਸਥਾਪਨਾ ਦੇ ਮੁੱਖ ਮਕਸਦ ਬਾਰੇ ਚਰਚਾ ਕਰਦਿਆਂ ਕਿਹਾ ਕਿ ਸਾਡਾ ਮੁੱਖ ਮਕਸਦ ਪੰਜਾਬੀਅਤ ਦੀ ਭਾਵਨਾ ਦੇ ਵਿਕਾਸ ਦੇ ਨਾਲ ਨਾਲ ਅਜਿਹਾ ਮੰਚ ਸਥਾਪਤ ਕਰਨਾ ਹੈ ਜਿਥੇ ਵਿਸ਼ਵ ਭਰ ਦੇ ਪੰਜਾਬੀ ਰਲ ਮਿਲ ਕੇ ਪੰਜਾਬੀ ਮਾਂ ਬੋਲੀ ਦੀ ਪ੍ਰਫੁਲਤਾ ਵਿਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਆਰ ਹੀ ਜ਼ਿੰਦਗੀ ਦਾ ਆਧਾਰ ਹੈ। ਜਿਹੜਾ ਕੰਮ ਵਿਅਕਤੀ ਆਪਣੀ ਵੱਡੀ ਤੋਂ ਵੱਡੀ ਜਿੱਤ ਨਾਲ ਹਾਸਲ ਨਹੀਂ ਕਰ ਸਕਦਾ ਉਹ ਪਿਆਰ ਦੇ ਵਿਚ ਹਾਰ ਕੇ ਹਾਸਲ ਕੀਤਾ ਜਾ ਸਕਦਾ ਹੈ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਮੁੱਖ ਮਹਿਮਾਨ ਅਤੇ ਸਮੂਹ ਸਰੋਤਿਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਰਦਾਰ ਸੁੱਖੀ ਬਾਠ ਨੇ ਸਮਾਜ ਸੇਵਾ ਅਤੇ ਵਪਾਰਕ ਖੇਤਰ ਵਿੱਚ ਉੱਚਾ ਮੁਕਾਮ ਹਾਸਲ ਕਰਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਂਅ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਦਾਰ ਸੁੱਖੀ ਬਾਠ ਇੱਕ ਅਜਿਹੀ ਸ਼ਖ਼ਸੀਅਤ ਦੇ ਮਾਲਕ ਹਨ ਜਿਨ੍ਹਾਂ ਨੇ ਪਰਵਾਸੀ ਨੌਜਵਾਨਾਂ ਦੀਆਂ ਮੁਸਕਿਲਾਂ ਨੂੰ ਨਜਿੱਠਿਆ ਅਤੇ ਸਮੇਂ-ਸਮੇਂ ਤੇ ਲੋੜਵੰਦਾਂ ਦਾ ਸਹਾਰਾ ਬਣੇ। ਡਾ. ਉੱਭਾ ਨੇ ਕਿਹਾ ਕਿ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਕਾਬਿਲ-ਏ-ਤਾਰੀਫ਼ ਹੈ। ਡਾ. ਉੱਭਾ ਨੇ ਇਹ ਵੀ ਕਿਹਾ ਕਿ ਆਮ ਤੌਰ ਤੇ ਲੋਕ ਇਕ ਮਕਸਦ ਦੀ ਪੂਰਤੀ ਤੋਂ ਬਾਅਦ ਆਪਣੇ ਸਰਮਾਏ ਨੂੰ ਸਾਂਭਣ ਤੱਕ ਸੀਮਤ ਰਹਿੰਦੇ ਹਨ ਪਰ ਸ੍ਰ. ਸੁੱਖੀ ਬਾਠ ਨੇ ਸਮਾਜ ਦੇ ਇਸ ਵਰਤਾਰੇ ਤੋਂ ਛੁੱਟ ਦੂਜਾ ਪਾਸਾ ਅਪਣਾਇਆ ਹੈ ਉਨ੍ਹਾਂ ਨੇ ਸਿਰਫ਼ ਇਕ ਕੰਮ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਨਹੀਂ ਕੀਤਾ ਸਗੋਂ ਸਮਾਜ ਪ੍ਰਤੀ ਬਣਦੀ ਜ਼ਿੰਮੇਵਾਰੀ ਨੂੰ ਵੀ ਨਿਭਾਇਆ ਹੈ।
ਪ੍ਰੋ. ਪਰਮਜੀਤ ਕੌਰ ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸ. ਸੁੱਖੀ ਬਾਠ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਫੁੱਲਤ ਹੀ ਨਹੀਂ ਕੀਤਾ ਬਲਕਿ ਉਨ੍ਹਾਂ ਨੇ ਸਮਾਜ ਭਲਾਈ ਦੇ ਕੰਮ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਇਸ ਪ੍ਰੋਗਰਾਮ ਦੌਰਾਨ ਸ. ਸੁੱਖੀ ਬਾਠ ਨੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ। ਵਿਭਾਗ ਦੇ ਅਧਿਆਪਕ ਪ੍ਰੋ. ਪ੍ਰਭਜੋਤ ਸਿੰਘ ਨੇ ਬਾਖ਼ੂਬੀ ਮੰਚ ਦਾ ਸੰਚਾਲਨ ਕੀਤਾ। ਇਸ ਮੌਕੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਅਤੇ ਐੱਮ.ਫਿਲ. ਪੰਜਾਬੀ ਦੇ ਵਿਦਿਆਰਥੀ ਹਾਜ਼ਰ ਸਨ।

