ਅਮਰਿੰਦਰ 84 ਸਿੱਖ ਕਤਲੇਆਮ ਉੱਤੇ ਸੰਜੀਦਾ ਹਨ, ਤਾਂ ਕਾਂਗਰਸ ਤੋਂ ਅਸਤੀਫ਼ਾ ਦੇਣ:ਸੁਖਬੀਰ
ਅਮਰਿੰਦਰ ਦੇ ਸੱਜਣ ਅਤੇ ਧਰਮਦਾਸ ਸਾਸ਼ਤਰੀ ਉੱਤੇ ਆਏ ਬਿਆਨ ਮਗਰੋਂ ਸੁਖਬੀਰ ਨੇ ਦਿੱਤਾ ਪ੍ਰਤੀਕ੍ਰਮ
ਚੰਡੀਗੜ੍ਹ/11 ਜਨਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇ ਉਹ 1984 ਦੇ ਸਿੱਖ ਵਿਰੋਧੀ ਕਤਲੇਆਮ ਉੱਤੇ ਸੰਜੀਦਾ ਹਨ ਤਾਂ ਉਹ ਕਾਂਗਰਸ ਪਾਰਟੀ ਅਤੇ ਗਾਂਧੀਆਂ ਨੂੰ ਛੱਡ ਦੇਣ।
ਸੁਖਬੀਰ ਬਾਦਲ ਦਾ ਕੈਪਟਨ ਨੂੰ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਨੂੰ ਛੱਡ ਦੇਣ ਸੰਬੰਧੀ ਆਖਣ ਵਾਲਾ ਬਿਆਨ ਕੈਪਟਨ ਦੇ ਉਸ ਬਿਆਨ ਤੋਂ ਕੁੱਝ ਘੰਟੇ ਬਾਅਦ ਆਇਆ ਜਿਸ ਵਿਚ ਕੈਪਟਨ ਨੇ 1984 ਵਿਚ ਨਵੀਂ ਦਿੱਲੀ ਵਿਖੇ ਸਿੱਖ ਵਿਰੋਧੀ ਕਤਲੇਆਮ ਲਈ ਕਾਂਗਰਸੀ ਆਗੂਆਂ ਸੱਜਣ ਕੁਮਾਰ ਅਤੇ ਧਰਮ ਦਾਸ ਸਾਸ਼ਤਰੀ ਨੂੰ ਦੋਸ਼ੀ ਮੰਨਿਆ ਸੀ। ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਗਾਂਧੀਆਂ ਨੇ ਹੀ ਕੈਪਟਨ ਨੂੰ ਪੰਜਾਬ ਵਿਚ ਕਾਂਗਰਸ ਦਾ ਆਗੂ ਬਣਾਇਆ ਹੈ। ਕੀ ਉਹ ਸਿੱਖਾਂ ਦੇ ਕਾਤਲਾਂ ਵੱਲੋਂ ਦਿੱਤੇ ਤੋਹਫੇ ਨੂੰ ਚਿੰਬੜਿਆ ਰਹੇਗਾ?
ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਦਾ ਬਿਆਨ ਸਾਬਿਤ ਕਰਦਾ ਹੈ ਕਿ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਪਿੱਛੇ ਉਸ ਸਮੇਂ ਕੇਂਦਰ ‘ਚ ਬਣੀ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਹੱਥ ਸੀ। ਹੁਣ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਕਤਲੇਆਮ ਦਾ ਹੁਕਮ ਨਹਿਰੂ-ਗਾਂਧੀ ਪਰਿਵਾਰ ਨੇ ਦਿੱਤਾ ਸੀ ਅਤੇ ਉਹਨਾਂ ਨੇ ਹੀ ਇਸ ਨੂੰ ਅਮਲੀ ਜਾਮਾ ਪਹਿਨਾਇਆ ਸੀ। ਮੈਂ ਇਸ ਸੰਬੰਧ ਵਿਚ ਕੈਪਟਨ ਦੇ ਬਿਆਨ ਦਾ ਸਵਾਗਤ ਕਰਦਾ ਹਾਂ, ਪਰ ਮੇਰਾ ਸੁਆਲ ਹੁਣ ਇਹ ਹੈ ਕਿ ਤੁਸੀਂ ਅਜੇ ਵੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲ ਕਰਵਾਉਣ ਵਾਲੀ ਪਾਰਟੀ ਬੈਠੇ ਅੰਦਰ ਕੀ ਕਰ ਰਹੇ ਹੋ?

