ਦੇਸ਼-ਵਿਦੇਸ਼ਪੰਜਾਬ

ਆਜ਼ਾਦੀ ਦੀ ਲੜਾਈ ‘ਚ ਸ਼ਹੀਦੀਆਂ ਪਾਉਣ ਵਾਲਿਆਂ ਨੂੰ ਸਲਾਮ

ਪਿਆਰੇ ਨਾਗਰਿਕੋ,
ਸਾਡੇ 69ਵੇਂ ਗਣਤੰਤਰ ਦਿਵਸ ਦੇ ਸ਼ੁਭ ਦਿਹਾੜੇ ਉਤੇ ਮੈਂ ਪੰਜਾਬ ਵਿੱਚ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਲੋਕਾਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ। ਮੈਂ, ਸਾਡੀਆਂ ਹਥਿਆਰਬੰਦ ਫੌਜਾਂ ਦੇ ਬਹਾਦਰ ਜਵਾਨਾਂ ਨੂੰ ਵੀ ਵਧਾਈ ਦਿੰਦਾ ਹਾਂ ਜੋ ਕਿ ਸਾਡੇ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਕੇ ਇਸ ਦੀ ਏਕਤਾ ਤੇ ਅਖੰਡਤਾ ਨੂੰ ਯਕੀਨੀ ਬਣਾਉਂਦੇ ਹਨ।

ਇਸ ਪਵਿੱਤਰ ਦਿਹਾੜੇ ਮੌਕੇ ਮੈਂ ਆਜ਼ਾਦੀ ਅੰਦੋਲਨ ਦੇ ਉਹਨਾਂ ਅਨੇਕਾਂ ਹੀ ਗੁਮਨਾਮ ਸ਼ਹੀਦਾਂ ਨੂੰ ਯਾਦ ਕਰਦਾ ਹਾਂ ਜਿਹਨਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਂਦੇ ਹੋਏ ਸ਼ਹੀਦੀਆਂ ਦਿੱਤੀਆਂ ਅਤੇ ਮੈਂ, ਉਹਨਾਂ ਅਣਗਿਣਤ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਵੀ ਸਲਾਮ ਕਰਦਾ ਹਾਂ ਜਿਹਨਾਂ ਨੇ ਆਜ਼ਾਦੀ ਖਾਤਰ ਅਨੇਕਾਂ ਮੁਸੀਬਤਾਂ ਝੱਲੀਆਂ। ‘ਗਣਤੰਤਰ’ ਕੋਈ ਸਾਧਾਰਨ ਸ਼ਬਦ ਨਹੀਂ ਹੈ। ਇਹ ਇਸ ਗੱਲ ਦੀ ਤਰਜਮਾਨੀ ਕਰਦਾ ਹੈ ਕਿ ਸਾਡੇ ਦੇਸ਼ ਵਿੱਚ ਲੋਕਾਂ ਕੋਲ ਹੀ ਅਸਲ ਤਾਕਤ ਹੈ। ਇਹ ਇਤਿਹਾਸਿਕ ਦਿਹਾੜਾ ਬੇਹੱਦ ਖੁਸ਼ੀਆਂ ਭਰਿਆ ਹੈ ਜਦੋਂ ਅਸੀਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਾਗਰਿਕ ਹੋਣ ਦਾ ਮਾਣ ਮਹਿਸੂਸ ਕਰ ਰਹੇ ਹਾਂ। ਹਾਲ ਹੀ ਦੇ ਵਰ੍ਹਿਆਂ ਵਿੱਚ ਕੌਮੀ ਤੇ ਸੂਬਾਈ ਪੱਧਰ ਉਤੇ ਇਸ ਪੱਖ ਵੱਲ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਕਿ ਗਰੀਬੀ ਘਟਾ ਕੇ ਅਤੇ ਸੁਚੱਜੀ ਯੋਜਨਾਬੰਦੀ ਰਾਹੀਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸਮੱਰਥ ਬਣਾ ਕੇ ਸਮਾਜਿਕ ਬਰਾਬਰੀ ਦੀ ਸਿਰਜਣਾ ਕੀਤੀ ਜਾ ਸਕੇ।
ਸਾਡੇ ਦੇਸ਼ ਦੀ ਆਜ਼ਾਦੀ ਲਈ ਪੰਜਾਬ ਦਾ ਯੋਗਦਾਨ ਬੇਹੱਦ ਸ਼ਾਨਦਾਰ ਹੈ, ਜਿਸ ਦੀ ਮਿਸਾਲ ਦੁਨੀਆਂ ਵਿੱਚ ਕਿਧਰੇ ਵੀ ਨਹੀਂ ਮਿਲਦੀ। ਮਹਾਨ ਸ਼ਹੀਦਾਂ ਭਗਤ ਸਿੰਘ, ਲਾਲਾ ਲਾਜਪਤ ਰਾਏ, ਸ਼ਹੀਦ ਉਧਮ ਸਿੰਘ, ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ ਅਤੇ ਕਈ ਹੋਰਾਂ ਨੇ ਆਪਣੇ ਖੂਨ ਦਾ ਆਖਰੀ ਕਤਰਾ ਵਹਾ ਕੇ ਅਤੇ ਜੇਲ੍ਹਾਂ ਵਿੱਚ ਅਨੇਕਾਂ ਤਸੀਹੇ ਸਹਿ ਕੇ ਸਾਡੇ ਲਈ ਅਜਿਹਾ ਅਮੀਰ ਵਿਰਸਾ ਅਤੇ ਸ਼ਾਨਦਾਰ ਮਿਸਾਲ ਛੱਡ ਗਏ ਹਨ, ਜ਼ੋ ਇਹ ਮੰਗ ਕਰਦਾ ਹੈ ਕਿ ਅਸੀਂ ਆਪਣੀ ਮਾਤਰ-ਭੂਮੀ ਲਈ ਪਿਆਰ ਅਤੇ ਸਤਿਕਾਰ ਦੀ ਭਾਵਨਾ ਰੱਖਦੇ ਹੋਏ ਭਾਰਤ ਦੀ ਆਜ਼ਾਦੀ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਪ੍ਰਤੀਬੱਧ ਹੋਈਏ।
ਹਾਲਾਂਕਿ ਇਹ ਜਸ਼ਨ ਮਨਾਉਣ ਦਾ ਮੌਕਾ ਹੈ, ਪਰ ਇਸ ਮੌਕੇ ਸਾਨੂੰ ਅੰਤਰ-ਝਾਤ ਰਾਹੀਂ ਸਾਡੇ ਸੰਵਿਧਾਨ ਵਿੱਚ ਤਹਿ ਕੀਤੇ ਗਏ ਟੀਚਿਆਂ ਨੂੰ ਹਾਸਲ ਕਰਨ ਦੇ ਰਾਹ ਵਿੱਚ ਅਤੇ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੇ ਪ੍ਰਵਾਨਿਆਂ ਦੇ ਸੁਪਨਿਆਂ ਦੀ ਪੂਰਤੀ ਦੇ ਮਕਸਦ ਵਿੱਚ ਸਾਨੂੰ ਮਿਲੀਆਂ ਕਾਮਯਾਬੀਆਂ ਅਤੇ ਨਾ-ਕਾਮੀਆਂ ਦੀ ਪੜਚੋਲ ਕਰਨੀ ਚਾਹੀਦੀ ਹੈ। ਇਸ ਮੌਕੇ ਮੈਂ, ਤੁਹਾਡਾ ਧਿਆਨ ਸਾਡੇ ਸਮਾਜ ਵੱਲੋਂ ਤਕਨੀਕੀ ਖੇਤਰ ਵਿੱਚ ਕੀਤੀ ਗਈ ਤਰੱਕੀ ਵੱਲ ਦਿਵਾਉਣਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਇਸ ਵਰਤਾਰੇ ਨੇ ਸਾਡੇ ਰੋਜ਼ਾਨਾ ਜ਼ਿੰਦਗੀ ਉਤੇ ਅਸਰ ਪਾਇਆ ਹੈ। ਸਾਡੇ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਸਾਡੇ ਦੁਆਰਾ ਕੀਤੇ ਜਾਣ ਵਾਲੇ ਕਿਸੇ ਵੀ ਲੈਣ-ਦੇਣ ਦੀ ਅਦਾਇਗੀ ਸਬੰਧੀ ਡਿਜੀਟਲ ਤਰੀਕਾ ਅਪਣਾਏ ਜਾਣ ਦੇ ਚੁੱਕੇ ਗਏ ਕਦਮ ਨੇ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ ਹੈ। ਸਾਡੇ ਲਈ ਇਹ ਬਹੁਤ ਅਹਿਮ ਹੋ ਜਾਂਦਾ ਹੈ ਕਿ ਅਸੀਂ ਈ-ਬੈਂਕਿੰਗ ਦੀ ਨਵੀਂ ਡਿਜੀਟਲ ਪ੍ਰਣਾਲੀ ਨੂੰ ਅਪਣਾਈਏ ਅਤੇ ਦੇਸ਼ ਦੇ ਵਿਕਾਸ ਦੇ ਰਾਹ ਵਿੱਚ ਆਪਣਾ ਸਕਾਰਤਮਕ ਯੋਗਦਾਨ ਪਾਈਏ। ਅਸੀਂ ਆਪਣੇ ਕਿਸਾਨਾਂ, ਮਜਦੂਰਾਂ, ਉਦਯੋਗਪਤੀਆਂ ਅਤੇ ਵਪਾਰੀਆਂ ਦੇ ਸ਼ੁਕਰਗੁਜ਼ਾਰ ਹਾਂ, ਜਿਹਨਾਂ ਦੇ ਅਣਥੱਕ ਸਹਿਯੋਗ ਸਦਕਾ ਅਸੀਂ ਸੂਬੇ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਉਤੇ ਲਿਜਾਣ ਵਿੱਚ ਕਾਮਯਾਬ ਹੋਏ ਹਾਂ। ਪੰਜਾਬ ਨੇ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਕੇਂਦਰੀ ਪੂਲ ਵਿੱਚ ਸਭ ਤੋਂ ਵੱਧ ਖੁਰਾਕ ਪਦਾਰਥਾਂ ਦਾ ਯੋਗਦਾਨ ਪਾ ਕੇ ਦੇਸ਼ ਦੀ ਬਾਂਹਫੜੀ ਹੈ। ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੌਦੀ ਦੇ ਰੂਪ ਵਿੱਚ ਸਾਨੂੰ ਇੱਕ ਬੇਹੱਦ ਕਰਮਸ਼ੀਲ, ਸਮਰਪਿਤ ਅਤੇ ਮਜ਼ਬੂਤ ਇਰਾਦਿਆਂ ਵਾਲਾ ਆਗੂ ਮਿਲਿਆ ਹੈ ਜੋ ਕਿ ਇੱਕ ਅਰਬ ਤੋਂ ਜ਼ਿਆਦਾ ਲੋਕਾਂ ਦੀਆਂ ਭਾਵਨਾਵਾਂ ਅਤੇ ਉਮੀਦਾਂ ਦਾ ਰਹਿਬਰ ਹੈ। ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਚੁੱਕੇ ਗਏ ਅਨੇਕਾਂ ਵਿਕਾਸਮੁਖੀ ਕਦਮਾਂ ਸਦਕਾ ਭਾਰਤ ਦੇ ਵਿਕਾਸ ਦੇ ਰਾਹ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ।
ਪ੍ਰਧਾਨ ਮੰਤਰੀ ਜਨ-ਧਨ ਅਤੇ ਜਨ-ਮੁਦਰਾ ਯੋਜਨਾ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਵਿੱਤੀ ਸੁਰੱਖਿਆ ਦੇ ਘੇਰੇ ਵਿੱਚ ਲਿਆਉਣ ਲਈ ਮੋਹਰੀ ਰੋਲ ਅਦਾ ਕੀਤਾ ਹੈ। ਇਸ ਤੋਂ ਇਲਾਵਾ ‘ਮੇਕ ਇਨ ਇੰਡੀਆ’, ‘ਸਟਾਰਟਅੱਪ ਇੰਡੀਆ’ ਅਤੇ ‘ਡਿਜੀਟਲ ਇੰਡੀਆ’ ਵਰਗੀਆਂ ਨਿਵੇਕਲੀਆਂ ਪਹਿਲ-ਕਦਮੀਆਂ ਨੇ ਭਾਰਤ ਦੇ ਰੋਜ਼ਗਾਰਮੁਖੀ ਵਿਕਾਸ ਦੀ ਕਹਾਣੀ ਵਿੱਚ ਸ਼ਾਨਦਾਰ ਅਧਿਆਏ ਜੋੜੇ ਹਨ।
ਆਓ, ਅਸੀਂ ਇਸ ਇਤਿਹਾਸਿਕ ਦਿਹਾੜੇ ‘ਤੇ ਧਰਮ-ਨਿਰਪੱਖਤਾ, ਰਾਸ਼ਟਰਵਾਦ ਅਤੇ ਦੇਸ਼ਭਗਤੀ ਦੇ ਉੱਚੇ ਅਤੇ ਸੁੱਚੇ ਆਦਰਸ਼ਾਂ ਵੱਲ ਆਪਣੀ ਪ੍ਰਤੀਬੱਧਤਾ ਦੁਹਰਾਈਏ ਅਤੇ ਪੰਜਾਬ ਤੇ ਦੇਸ਼ ਨੂੰ ਮਜ਼ਬੂਤ ਤੇ ਖੁਸ਼ਹਾਲ ਬਣਾਉਣ ਪ੍ਰਤੀ ਕੰਮ ਕਰਨ ਲਈ ਸਮਰਪਿਤ ਹੋਈਏ।
ਜੈ ਹਿੰਦ

Leave a Reply

Your email address will not be published. Required fields are marked *