ਪੰਜਾਬੀ ਯੂਨੀਵਰਸਿਟੀ ਵਿਖੇ ਐਂਟੀ ਡਰੱਗਜ਼ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ
ਪਟਿਆਲਾ 1 ਫਰਵਰੀ (ਮਧੂਸਾਰ ਬਿਊਰੋ) ਔਰਤਾਂ ਅਤੇ ਨੌਜਵਾਨ, ਖਾਸ ਕਰਕੇ ਜਿਨ੍ਹਾਂ ਨੂੰ ਸਿੱਖਿਆ ਦੇ ਅਧਿਕਾਰ ਦਿੱਤੇ ਜਾਂਦੇ ਹਨ, ਸਮਾਜ ਵਿਚ ਨਸ਼ਾਖੋਰੀ ਨੂੰ ਖ਼ਤਮ ਕਰਨ ਜਾਂ ਨਸ਼ਾਖੋਰੀ ਨੂੰ ਘਟਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਉਹ ਗੈਰ-ਸਰਕਾਰੀ ਸੰਸਥਾਵਾਂ, ਸਮਾਜਿਕ ਅਤੇ ਰਾਜਨੀਤਿਕ ਏਜੰਸੀਆਂ ਦੇ ਨਾਲ ਮਿਲਕੇ ਉਹਨਾਂ ਲੋਕਾਂ ਵਿਚ ਸਾਡੇ ਸਮਾਜਿਕ ਢਾਂਚੇ ਨੂੰ ਤਹਿਸ-ਨਹਿਸ ਕਰ ਰਹੀ ਇਸ ਬੁਰਾਈ ਪ੍ਰਤੀ ਜਾਗਰੂਕਤਾ ਪੈਦਾ ਕਰ ਸਕਦੇ ਹਨ। ਇਹ ਸਹਿਮਤੀ ਅੱਜ ਇਥੇ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚ ਪੰਜਾਬ ਸਰਕਾਰ ਦੇ ਵਿਸ਼ੇਸ਼ ਟਾਸਕ ਫੋਰਸ ਦੀ ਜਾਗਰੂਕਤਾ ਮੁਹਿੰਮ ਦੇ ਰੂਪ ‘ਚ ਐਂਟੀ ਡਰੱਗਜ਼ ਜਾਗਰੂਕਤਾ ਅਭਿਆਨ ਪ੍ਰੋਗਰਾਮ ਦੇ ਉਦਘਾਟਨ ਮੌਕੇ ਬਣੀ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਭਾਰਤ ਸਰਕਾਰ ਦੇ ਸਾਬਕਾ ਵਿਦੇਸ਼ ਰਾਜ ਮੰਤਰੀ, ਸ਼੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਰਾਜ ਵਿੱਚ ਕਿਸਾਨਾਂ ਦੀ ਖੁਦਕੁਸ਼ੀ ਦੇ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕਰਨ ਦੇ ਨਾਲ ਨਾਲ ਇਸ ਪ੍ਰੋਗਰਾਮ ਨੂੰ ਵੀ ਆਪਣੇ ਕੈਂਪਸ ਤੋਂ ਸ਼ੁਰੂ ਕਰਨ ਲਈ ਪ੍ਰਸ਼ੰਸਾ ਦੀ ਹੱਕਦਾਰ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਸੰਸਥਾਵਾਂ, ਨਸ਼ੇ ਵੇਚਣ ਵਾਲਿਆਂ ਲਈ ਨੌਜਵਾਨਾਂ ਅਤੇ ਨਾਬਾਲਗ ਕਿਸ਼ੋਰਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਢੁੱਕਵੀਆਂ ਥਾਵਾਂ ਸਾਬਤ ਹੁੰਦੀਆਂ ਹਨ। ਉਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਖੁਸ਼ਹਾਲ ਸਮਾਜ ਨੂੰ ਘੁਣ ਵਾਂਗ ਖਾ ਰਹੀ ਇਸ ਬੁਰਾਈ ਨੂੰ ਖਤਮ ਕਰਨ ਲਈ ਰਾਜਨੀਤਕ ਦਾਇਰੇ ਵਿਚੋਂ ਬਾਹਰ ਨਿਕਲ ਕੇ ਇਕ ਦੂਜੇ ਦੀ ਮਦਦ ਕਰਨ।
ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਉਦਘਾਟਨੀ ਭਾਸ਼ਣ ਵਿੱਚ ਪੰਜਾਬ ਸਰਕਾਰ ਨੂੰ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰਨ ਵਾਲੇ ਇਸ ਰੋਗ ਨੂੰ ਦੂਰ ਕਰਨ ਲਈ ‘ਸ਼ੁਰੂਆਤੀ ਕੇਂਦਰ’ ਵਜੋਂ ਪੰਜਾਬੀ ਯੂਨੀਵਰਸਿਟੀ ਦੀ ਚੋਣ ਕਰਨ ਲਈ ਧੰਨਵਾਦ ਕੀਤਾ। ਜਾਗਰੂਕਤਾ ਦੀ ਘਾਟ, ਸਿੱਖਿਆ ਅਤੇ ਬੇਰੁਜ਼ਗਾਰੀ ਤੱਕ ਪਹੁੰਚ ਵਰਗੇ ਤਿੰਨ ਮੁੱਖ ਕਾਰਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਵਿਦਿਅਕ, ਧਾਰਮਿਕ, ਸਾਹਿਤਕ ਅਤੇ ਸਿਹਤ ਸਬੰਧੀ ਗੈਰ-ਸਰਕਾਰੀ ਸੰਸਥਾਵਾਂ ਨੂੰ ਸਾਡੇ ਸਮਾਜਿਕ ਤਾਣੇਬਾਣੇ ਨੂੰ ਵਿੰਨ੍ਹਣ ਵਾਲੀ ਇਸ ਬੀਮਾਰੀ ਤੋਂ ਪੀੜਤ ਮੌਜੂਦਾ ਪੀੜ੍ਹੀ ਦੇ ਬਚਾਅ ਲਈ ਅੱਗੇ ਆਉਣ ਲਈ ਕਿਹਾ।
ਸ਼੍ਰੀ ਆਰ.ਕੇ. ਜਸਵਾਲ, ਆਈ.ਜੀ.ਪੀ, ਸਪੈਸ਼ਲ ਟਾਸਕ ਫੋਰਸ ਜਿਸ ਨੂੰ ਸਾਡੇ ਸਮਾਜ ਨੂੰ ਦਰਪੇਸ਼ ਇਸ ਭਿਆਨਕ ਖਤਰੇ ਨੂੰ ਖ਼ਤਮ ਕਰਨ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ, ਨੇ ਕਿਹਾ ਕਿ ਸਾਨੂੰ ਆਪਣੇ ਸਮਾਜਿਕ ਆਰਥਿਕ ਪ੍ਰਬੰਧਾਂ ਨੂੰ ਨੁਕਸਾਨ ਪਹੁੰਚਾ ਰਹੇ ਇਸ ਬੁਰਾਈ ਦੀ ਰੋਕਥਾਮ ਲਈ ਕੁਝ ਨਵੇਂ ਪ੍ਰੋਗਰਾਮ ਤਿਆਰ ਕਰਨ ਦੀ ਲੋੜ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਨਿਯੁਕਤ ਨੋਡਲ ਅਫਸਰ ਡਾ. ਮਮਤਾ ਸ਼ਰਮਾ ਨੇ ਇਸ ਮਕਸਦ ਲਈ ਮਨੋਵਿਗਿਆਨਕ ਬੁੱਧੀਜੀਵੀਆਂ ਅਤੇ ਅਧਿਆਪਕਾਂ ਦੁਆਰਾ ਇਸ ਤੂਫਾਨ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਲੋੜੀਂਦੇ ਕਾਰਨਾਂ, ਟੀਚਿਆਂ, ਰਣਨੀਤੀਆਂ ਅਤੇ ਹੁਨਰਾਂ ਬਾਰੇ ਵਿਸਥਾਰ ਵਿਚ ਦੱਸਿਆ। ਡਾ. ਜੀ.ਐਸ. ਬੱਤਰਾ, ਡੀਨ, ਅਕਾਦਮਿਕ ਮਾਮਲੇ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨੇ ਧੰਨਵਾਦ ਦਾ ਪ੍ਰਸਤਾਵ ਪੇਸ਼ ਕੀਤਾ।

