ਪਟਿਆਲਾ

ਖਾਲਸਾ ਕਾਲਜ ਗਲੋਬਲ ਪੰਜਾਬੀ ਕਾਨਫਰੰਸ ਸ਼ੁਰੂ

ਨੌਂ ਦੇਸ਼ਾਂ ਦੇ ਲਗਪਗ ਦੋ ਸੌ ਡੈਲੀਗੇਟਾਂ ਨੇ ਲਿਆ ਹਿੱਸਾ
ਪਟਿਆਲਾ 21 ਫਰਵਰੀ (ਮਧੂਸਾਰ ਬਿਊਰੋ) ਖਾਲਸਾ ਕਾਲਜ ਪਟਿਆਲਾ ਵੱਲੋਂ ਕਰਵਾਈ ਜਾ ਰਹੀ ਖਾਲਸਾ ਕਾਲਜ ਗਲੋਬਲ ਪੰਜਾਬੀ ਕਾਨਫ਼ਰੰਸ ਦਾ ਬਹੁਤ ਹੀ ਭਰਵੇਂ ਤਰੀਕੇ ਨਾਲ ਆਗਾਜ ਹੋਇਆ। ਕਾਨਫਰੰਸ ਵਿੱਚ ਨੌਂ ਵੱਖ ਵੱਖ ਦੇਸ਼ਾਂ ਦੇ ਲਗਭਗ ਦੋ ਸੌ ਡੈਲੀਗੇਟਾਂ ਨੇ ਕਾਨਫਰੰਸ ਵਿੱਚ ਹਿੱਸਾ ਲਿਆ।

ਕਾਨਫਰੰਸ ਵਿੱਚ ਸਰਦਾਰ ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਪੰਜਾਬ ਸਰਕਾਰ ਅਤੇ ਆਨਰੇਰੀ ਸਕੱਤਰ ਕਾਲਜ ਗਵਰਨਿੰਗ ਬਾਡੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਕੈਨੇਡਾ ਤੋਂ ਸਰਦਾਰ ਅਜੈਬ ਸਿੰਘ ਚੱਠਾ ਨੇ ਇਸ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਸਮੁੱਚਾ ਕਾਲਜ ਰਵਾਇਤੀ ਪੰਜਾਬੀ ਸੱਭਿਆਚਾਰ ਦੇ ਹਰ ਰੰਗ ਵਿੱਚ ਰੰਗਿਆ ਹੋਇਆ ਸੀ। ਕਾਲਜ ਵਿੱਚ ਕਿਸੇ ਪਾਸੇ ਅਕਾਦਮਿਕ ਸੈਸ਼ਨ ਚੱਲ ਰਹੇ ਸਨ ਕਿਸੇ ਪਾਸੇ ਬਾਜ਼ੀਗਰ ਬਾਜ਼ੀਆਂ ਪਾ ਰਹੇ ਸਨ, ਅਤੇ ਕਿਸੇ ਪਾਸੇ ਢਾਡੀ ਅਤੇ ਕਵੀਸ਼ਰ ਵਾਰਾਂ ਤੇ ਕਵੀਸ਼ਰੀਆਂ ਦੇ ਨਾਲ ਰੰਗ ਬੰਨ੍ਹ ਰਹੇ ਸਨ। ਸਮੁੱਚਾ ਕਾਲਜ ਪੰਜਾਬੀ ਸੱਭਿਆਚਾਰ­ ਪੰਜਾਬੀ ਮਾਂ ਬੋਲੀ ਦਾ ਬਹੁਤ ਵੱਡਾ ਅਕਸ ਪੇਸ਼ ਕਰ ਰਿਹਾ ਸੀ। ਵਰਨਣਯੋਗ ਹੈ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਇਹ ਕਾਨਫਰੰਸ ਪੰਜਾਬੀ ਭਾਸ਼ਾ ਦੀ ਗਲੋਬਲੀ ਸਥਿਤੀ ਉੱਪਰ ਕਰਵਾਈ ਜਾ ਰਹੀ ਹੈ।
ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਬੋਲਦੇ ਹੋਏ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਖ਼ਾਲਸਾ ਕਾਲਜ ਪਟਿਆਲਾ ਨੇ ਇਹ ਕਾਨਫਰੰਸ ਕਰਵਾ ਕੇ ਇੱਕ ਨਿਵੇਕਲਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਕਾਲਜ ਵੱਲੋਂ ਵੱਖ ਵੱਖ ਦੇਸ਼ਾਂ ਦੇ ਡੈਲੀਗੇਟਾਂ ਨੂੰ ਬੁਲਾਇਆ ਗਿਆ ਹੈ ਤਾਂ ਜੋ ਸਮੁੱਚੇ ਵਿਸ਼ਵ ਵਰਤਾਰੇ ਵਿੱਚ ਪੰਜਾਬੀ ਮਾਂ ਬੋਲੀ ਦੀ ਸਥਿਤੀ ਅਤੇ ਸੰਭਾਵਨਾਵਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ ਅਤੇ ਨਾਲ ਦੀ ਨਾਲ ਦਰਪੇਸ਼ ਚੁਣੌਤੀਆਂ ਦਾ ਅਨੁਮਾਨ ਵੀ ਲਗਾਇਆ ਜਾਣਾ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਲਜ ਵੱਲੋਂ ਕੀਤੇ ਇਸ ਉੱਦਮ ਨਾਲ ਅੰਤਰਰਾਸ਼ਟਰੀ ਪੱਧਰ ਤੇ ਕਾਲਜ ਦੁਆਰਾ ਪੰਜਾਬੀ ਮਾਂ ਦੀ ਸੇਵਾ ਲਈ ਕੀਤੇ ਯਤਨਾਂ ਦਾ ਪ੍ਰਗਟਾਵਾ ਹੋਵੇਗਾ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਪਹੁੰਚੀਆਂ ਸਾਰੀਆਂ ਸਖ਼ਸੀਅਤਾਂ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਇਸ ਕਾਨਫਰੰਸ ਰਾਹੀਂ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਜੋੜਨ ਦਾ ਉੱਤਮ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਹਰ ਸਾਲ ਇਸ ਦਿਹਾੜੇ ਨੂੰ ਸਮਰਪਿਤ ਵਿਸ਼ਵੀ ਪੱਧਰ ਦੀ ਕਾਨਫਰੰਸ ਆਯੋਜਿਤ ਕਰਕੇ ਪੰਜਾਬੀ ਸਭਿਆਚਾਰ ਦੇ ਪਸਾਰ ਅਤੇ ਸੰਭਾਲ ਦੀ ਕੋਸ਼ਿਸ਼ ਕਰਦੇ ਰਹਿਣਗੇ।
ਡਾ. ਸ਼ਤੀਸ ਕੁਮਾਰ ਵਰਮਾ ਨੇ ਕਿਹਾ ਕਿ ਸਾਨੂੰ ਪੰਜਾਬੀ ਮਾਤ-ਭਾਸ਼ਾ ਨਾਲ ਜੁੜ ਕੇ ਅੰਬਰਾਂ ਨੂੰ ਛੂਹਣ ਦਾ ਦ੍ਰਿੜ ਇਰਾਦਾ ਰੱਖਣਾ ਚਾਹੀਦਾ ਹੈ।
ਉਦਘਾਟਨੀ ਸੈਸਨ ਦੀ ਪ੍ਰਧਾਨਗੀ ਕਰ ਰਹੇ ਸਰਦਾਰ ਅਜੈਬ ਸਿੰਘ ਚੱਠਾ ਨੇ ਖ਼ਾਲਸਾ ਕਾਲਜ ਪਟਿਆਲਾ ਦੇ ਉਪਰਾਲਿਆਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਨਾ ਕੇਵਲ ਮੌਜੂਦਾ ਸਮੇਂ ਦੀ ਲੋੜ ਹਨ ਬਲਕਿ ਸਾਰੇ ਹੀ ਨੌਜਵਾਨ ਵਰਗ ਵਿੱਚ ਚੇਤਨਤਾ ਪੈਦਾ ਕਰਨ ਲਈ ਇਹ ਕਾਨਫ਼ਰੰਸਾਂ ਬਹੁਤ ਮਹੱਤਵਪੂਰਨ ਸਿੱਧ ਹੋਣਗੀਆਂ।
ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਰਦਾਰ ਰਵੇਲ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਪੰਜਾਬੀ ਭਾਸ਼ਾ ਦੀ ਗਲੋਬਲੀ ਸਥਿਤੀ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬੀ ਭਾਸ਼ਾ ਦੀ ਬਣਤਰ ਹੀ ਗਲੋਬਲੀ ਧਾਰਾ ਵਾਲੀ ਹੈ । ਉਨ੍ਹਾਂ ਕਿਹਾ ਕਿ ਪੰਜਾਬੀ ਤਬਦੀਲੀਆਂ ਦੇ ਸਨਮੁਖ ਹੋਣ ਕਾਰਨ ਨਵੀਆਂ ਚੇਤੰਨਯੋਗ ਥਾਵਾਂ ਸਿਰਜਣ ਦੇ ਯੋਗ ਹੋਇਆ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੰਜਾਬੀ ਭਾਸਾ ਦਾ ਪੁਨਰ ਵਿਸ਼ਲੇਸ਼ਣ ਕਰਨਾ ਕਾਨਫਰੰਸ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਭਾਸਾ ਵਿੱਚ ਪਰਿਵਰਤਨ ਸਹਿਜ ਸੁਭਾਅ ਹੈ ਅਤੇ ਸਾਨੂੰ ਇਹ ਸਾਰੇ ਪਰਿਵਰਤਨ ਕਬੂਲ ਕਰਨੇ ਪੈਣਗੇ।
ਉਦਘਾਟਨੀ ਸੈਸ਼ਨ ਦੌਰਾਨ ਪ੍ਰੋ. ਪਰਮਜੀਤ ਕੌਰ­ ਮੁਖੀ­ ਪੰਜਾਬੀ ਵਿਭਾਗ ਅਤੇ ਸੰਵਾਦ ਸੈਸ਼ਨ ਦੌਰਾਨ ਡਾ. ਪੁਸ਼ਪਿੰਦਰ ਕੌਰ ਨੇ ਪਹੁੰਚੇ ਹੋਏ ਵਿਦਵਾਨਾਂ ਦਾ ਧੰਨਵਾਦ ਕੀਤਾ।
ਕਾਨਫਰੰਸ ਦੇ ਦੂਸਰੇ ਸੰਵਾਦ ਸੈਸ਼ਨ ਵਿੱਚ ਮੁੱਖ ਤੌਰ ਤੇ ਗੁਰਭਜਨ ਗਿੱਲ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬੀ ਭਾਸ਼ਾ ਦਾ ਬਚਾਅ ਅਤੇ ਸੰਭਾਲ ਦੀ ਜ਼ਿੰਮੇਵਾਰੀ ਸਾਨੂੰ ਆਪਣੇ ਘਰ ਤੋਂ ਉਠਾਉਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਧਿਆਪਕ ਵਰਗ ਨੂੰ ਆਪਣੀ ਮਾਤ ਭਾਸ਼ਾ ਦੀ ਅਮਾਰੀ ਤੇ ਮਾਣ ਮਹਿਸੂਸ ਕਰਦੇ ਹੋਏ ਇਸ ਵਿਚ ਵੱਧ ਤੋਂ ਵੱਧ ਸਾਹਿਤ ਰਚਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।
ਸੰਵਾਦ ਸੈਸ਼ਨ ਦੌਰਾਨ ਵਿਦਵਾਨ ਜਿਨ੍ਹਾਂ ਵਿੱਚ ਸ੍ਰ. ਜਗੀਰ ਸਿੰਘ ਕਾਹਲੋਂ ਕਨੇਡਾ­ ਸ੍ਰ. ਮੋਹਨ ਸਿੰਘ ਗਿੱਲ ਕਨੇਡਾ­ ਸ੍ਰੀ ਮੰਗਾ ਬਾਸੀ ਜੀ ਕਨੇਡਾ­ ਸ੍ਰ. ਮਹਿੰਦਰਦੀਪ ਸਿੰਘ ਗਰੇਵਾਲ ਅਮਰੀਕਾ­ ਸ੍ਰੀ ਵਿਸ਼ਾਲ ਇਟਲੀ ਅਤੇ ਸ੍ਰ. ਸੁਲੱਖਣ ਸਿੰਘ ਅਸਟ੍ਰੇਲੀਆ ਨੇ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਇਸ ਦੇ ਵਿਕਾਸ ਲਈ ਕੀਤੇ ਜਾਂਦੇ ਉਪਰਾਲਿਆਂ ਤੇ ਚਾਨਣਾ ਪਾਇਆ।
ਡਾ. ਦਵਿੰਦਰ ਸਿੰਘ ਕੰਪਿਊਟਰ ਤਕਨਾਲੋਜੀ ਵਿਸ਼ੇ ‘ਤੇ ਪੇਸ਼ਕਾਰੀ ਦੌਰਾਨ ਆਧੁਨਿਕ ਤਕਨੀਕੀ ਯੁੱਗ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਤੇ ਚਾਨਣਾ ਪਾਇਆ। ਵੱਖ ਵੱਖ ਸਥਾਨਾਂ ਤੇ ਚੱਲ ਰਹੇ ਤਿੰਨ ਤਕਨੀਕੀ ਸੈਸ਼ਨਾਂ ਦੌਰਾਨ ਡਾ. ਰਜਿੰਦਰਪਾਲ ਸਿੰਘ ਬਰਾੜ­ ਪੰਜਾਬੀ ਯੂਨੀਵਰਸਿਟੀ­ ਪਟਿਆਲਾ­ ਸ੍ਰ. ਸੁਲੱਖਣ ਸਿੰਘ ਸਰਹੰਦੀ­ ਸ੍ਰ. ਜਗੀਰ ਸਿੰਘ ਕਾਹਲੋਂ ਨੇ ਪ੍ਰਧਾਨਗੀ ਭਾਸ਼ਣ ਦਿੱਤਾ ਅਤੇ ਕੋ-ਚੇਅਰ ਭਾਸ਼ਣ ਸ੍ਰੀ ਹਨਮੰਤ ਭੋਪਾਲੇ ਨੇ ਕੀਤਾ।
ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਸ੍ਰ. ਕਿਰਪਾਲ ਸਿੰਘ ਕਜ਼ਾਕ­ ਸ੍ਰ. ਨਛੱਤਰ ਸਿੰਘ­ ਸ੍ਰ. ਸਰਦੂਲ ਸਿੰਘ ਖਹਿਰਾ­ ਸਵਿੰਦਰ ਸਿੰਘ ਸੱਭਰਵਾਲ­ ਸ੍ਰ. ਲਾਭ ਸਿੰਘ ਮੈਂਬਰ ਸ਼੍ਰੋ. ਗੁ. ਪ੍ਰ.ਕਮੇਟੀ­ ਇੰਦਰਜੀਤ ਸਿੰਘ ਖਰੌਡ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ­ ਸਾਬਕਾ ਅਧਿਆਪਕ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਉਦਘਾਟਨੀ ਸੈਸ਼ਨ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਜਸਪ੍ਰੀਤ ਕੌਰ ਨੇ ਅਤੇ ਤਕਨੀਕੀ ਸੈਸ਼ਨਾਂ ਦੌਰਾਨ ਪ੍ਰੋ. ਸੁਖਮੋਹਨ ਕੌਰ­ ਡਾ. ਦਵਿੰਦਰ ਸਿੰਘ­ ਡਾ. ਸਰਬਜੀਤ ਸਿੰਘ ਅਤੇ ਪ੍ਰੋ. ਪ੍ਰਭਜੋਤ ਸਿੰਘ ਨੇ ਬਾਖੂਬੀ ਕੀਤਾ।

Leave a Reply

Your email address will not be published. Required fields are marked *