ਸਨੌਰ ‘ਚ ਬੇਰਹਿਮੀ ਨਾਲ ਗੋਲੀ ਮਾਰ ਕੇ ਕਤਲ
ਪਟਿਆਲਾ, 28 ਫਰਵਰੀ (ਮਧੂਸਾਰ ਬਿਊਰੋ) : ਥਾਣਾ ਸਨੌਰ ਦੇ ਅਧੀਨ ਪੈਂਦੇ ਬੱਸ ਸਟੈਂਡ ਨੇੜੇ ਛੋਟੇ ਹਾਥੀ ਟੈਂਪੂ ਦੇ ਡਰਾਈਵਰ ਦਾ ਬੇਰਹਿਮੀ ਨਾਲ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਿਸ ਦੀ ਖੂਨ ਨਾਲ ਲੱਥ-ਪੱਥ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ।
ਮ੍ਰਿਤਕ ਦੀ ਪਛਾਣ ਗੁਰਪਾਲ ਸਿੰਘ 25 ਸਾਲ ਪੁੱਤਰ ਕਪੂਰ ਸਿੰਘ ਵਾਸੀ ਪਿੰਡ ਕਰਾਹਲੀ ਸਾਹਿਬ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਨੌਰ ਦੇ ਇੰਚਾਰਜ ਅਤੇ ਏ.ਐਸ.ਆਈ. ਸੁਖਚੈਨ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜ ਗਏ ਅਤੇ ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਏ.ਐਸ.ਆਈ. ਸੁਖਚੈਨ ਸਿੰਘ ਨੇ ਦੱਸਿਆ ਮ੍ਰਿਤਕ ਜੋ ਕਿ ਟੈਂਪੂ ਚਲਾਉਣ ਦਾ ਕੰਮ ਕਰਦਾ ਸੀ ਅਤੇ ਕਥਿਤ ਦੋਸ਼ੀ ਉਸ ਨੂੰ ਸਬਜ਼ੀ ਲੈਣ ਦੇ ਬਹਾਨੇ ਸਨੌਰ ਮੰਡੀ ਵੱਲ ਲੈ ਆਏ ਅਤੇ ਗੁਰਪਾਲ ਸਿੰਘ ‘ਤੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਅਤੇ ਗੋਲੀ ਗੁਰਪਾਲ ਦੀ ਗਰਦਨ ‘ਤੇ ਲੱਗੀ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਗੁਰਪਾਲ ਆਪਣੇ ਦੋਸਤ ਨਾਲ ਪਿੰਡ ਕਰਾਹਲੀ ਸਾਹਿਬ ਤੋਂ ਆਇਆ ਸੀ, ਜਿਸ ਤੋਂ ਬਾਅਦ ਪਰਿਵਾਰ ਨੂੰ ਬੁੱਧਵਾਰ ਸਵੇਰੇ ਕਿਸੇ ਨੇ ਫੋਨ ਕਰਕੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਮ੍ਰਿਤਕ ਦੇ ਪਿਤਾ ਕਪੂਰ ਸਿੰਘ ਦੀ ਸ਼ਿਕਾਇਤ ‘ਤੇ ਦੋ ਕਥਿਤ ਦੋਸ਼ੀਆਂ ਖਿਲਾਫ ਧਾਰਾ 302, 34 ਆਈ.ਪੀ.ਸੀ., ਅਤੇ 25, 54, 59 ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

