ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੂਰੁ ਤੇ ਸੁਖਦੇਵ ਨੂੰ ਸ਼ਰਧਾਂਜਲੀ
ਪਟਿਆਲਾ 23 ਮਾਰਚ (ਮਧੂਸਾਰ ਬਿਊਰੋ) ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੂਰੁ ਤੇ ਸੁਖਦੇਵ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਤਰਕਸ਼ੀਲ ਹਾਲ ਪਟਿਆਲਾ ਵਿਖੇ ਸਮਾਗਮ ਕਰਵਾਇਆ ਗਿਆ।
ਇਸ ਸਾਂਝੇ ਕਰਵਾਏ ਗਏ ਪੋਗਰਾਮ ਵਿਚ ਤਰਕਸ਼ੀਲ ਸੁਸਾਇਟੀ ਪੰਜਾਬ, ਪਟਿਆਲਾ ਇਕਾਈ, ਤਰਕਯੁੱਗ ਪੀਪਲ ਫਾਉਂਡੇਸ਼ਨ ਰਜ਼ਿ., ਨਰੇਗਾ ਵਰਕਰਜ਼ ਯੁਨੀਅਨ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਇਸ ਪ੍ਰੋਗਰਾਮ ਵਿਚ ਮੁੱਖ ਬੁਲਾਰੇ ਦੇ ਤੌਰ ਤੇ ਪਹੁੰਚੇ ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਸਾਰਥਿਕਤਾ ਪਹਿਲਾਂ ਨਾਲੋਂ ਵੀ ਅੱਜ ਜਿਆਦਾ ਹੈ। ਅੰਗ੍ਰੇਜਾਂ ਵਾਂਗ ਅਜੋਕਾ ਭਾਰਤੀ ਕਾਰਪੋਰੇਟ ਦੇਸ਼ ਦੀ ਲੁੱਟ ਕਰ ਰਿਹਾ ਹੈ। ਨਤੀਜੇ ਵੱਜੋ ਦੇਸ਼ ਦਾ ਜਿਆਦਾ ਸਰਮਾਇਆ ਕੁੱਝ ਅਮੀਰਾਂ ਦੇ ਹੱਥਾਂ ਵਿਚ ਚਲਾ ਗਿਆ ਹੈ। ਜਿਸ ਨਾਲ ਆਮ ਲੋਕਾਂ ਦੀ ਜਿੰਦਗੀ ਹੋਰ ਮੁਸ਼ਕਲ ਹੋ ਗਈ ਹੈ। ਕਿਸਾਨ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹਨ। ਅੰਗ੍ਰੇਜ਼ਾਂ ਤੋਂ ਵਧ ਭਾਰਤ ਦੀ ਕੇਂਦਰ ਸਰਕਾਰ ਲੋਕਾਂ ਵਿਚ ਫਿਰਕਾਪ੍ਰਸਤੀ ਫੈਲਾ ਕੇ ਨਫਰਤ ਭਰ ਰਹੀ ਹੈ ਜੋ ਦੇਸ਼ ਲਈ ਖਤਰੇ ਦੀ ਘੰਟੀ ਹੈ।
ਇਸ ਮੌਕੇ ਸ੍ਰੀ ਰਾਮ ਸਿੰਘ ਬੰਗ, ਰੇਸ਼ਮ ਸਿੰਘ ਕਾਹਲੋਂ ਤੇ ਮਜਦੂਰ ਯੂਨੀਅਨ ਦੇ ਆਗੂ ਹਰੀ ਸਿੰਘ ਨੇ ਕਿਹਾ ਕਿ ਭਾਰਤ ਦਾ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਕਾਰਪੋਰੇਟ ਘਰਾਨਿਆਂ ਦਾ ਮੁਖੋਟਾ ਬਣ ਕੇ ਰਹਿ ਗਿਆ ਲਗਦਾ ਹੈ। ਜਿਸ ਨਾਲ ਦੇਸ਼ ਦੀ ਆਰਥਿਕ ਸਥਿਤੀ ਡੁਬਣ ਵੱਲ ਵਧ ਰਹੀ ਹੈ। ਇਸ ਨੂੰ ਰੋਕਣ ਲਈ ਦੇਸ਼ ਦੇ ਅਗਾਂਹਵਧੂ ਲੋਕਾਂ, ਮਾਰਕਸਵਾਦੀਆਂ ਅਤੇ ਅੰਬੇਦਕਰ ਵਾਦੀਆਂ ਨੂੰ ਰਲ ਕੇ ਇਕ ਸਾਂਝਾ ਕੋਮਨ ਮਿਨੀਮਮ ਪ੍ਰੋਗਰਾਮ ਬਣਾ ਕੇ ਅਗੇ ਆਉਣਾ ਹੋਵੇਗਾ ਤਾਂ ਹੀ ਸਰਮਾਏਦਾਰੀ ਦੇ ਇਸ ਖਤਰਨਾਕ ਹੱਲੇ ਨੂੰ ਠੱਲ ਪਾਈ ਜਾ ਸਕਦੀ ਹੈ ਅਤੇ ਭਾਰਤ ਦੇ ਗਰੀਬ ਲੋਕਾਂ ਦਾ ਭਵਿੱਖ ਬੱਚ ਸਕਦਾ ਹੈ। ਇਸ ਮੌਕੇ ਸ੍ਰੀ ਹਰਦੀਪ ਸਿੰਘ ਸਨੋਰ, ਰਾਮਕੁਮਾਰ ਢੱਕੜਬਾ, ਡਾ. ਜਗਤਾਰ ਸਿੰਘ, ਸੰਜੀਵ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਵਿਚ ਸ੍ਰੀ ਰਮਣੀਕ ਸਿੰਘ, ਸ਼ਤੀਸ਼ ਕੁਮਾਰ ਆਲੋਵਾਲ, ਹਰੀਦੱਤ ਹਬੀਬ, ਗੁਰਚਰਨ ਸਿੰਘ ਪਬਾਰਾਲੀ, ਠੇਕੇਦਾਰ ਸੋਮ ਸਿੰਘ, ਸੰਤੋਖ ਸਿੰਘ, ਡਾ. ਅਮਰਜੀਤ ਕੌਰ, ਰਾਜਕੁਮਾਰ ਮਿਠਾਰੀਆ, ਹਰਪਾਲ ਸਿੰਘ, ਸੁਰਿੰਦਰ ਪਾਲ, ਡਾ. ਏ. ਕੇ. ਸ਼ਰਮਾ, ਪਰਮਜੀਤ ਸਿੰਘ, ਜਤਿੰਦਰ ਪਾਲ ਸਿੰਘ ਨੇ ਵੀ ਸਵਾਲ-ਜਵਾਬ ਸੈਸਨ ਵਿਚ ਹਿੱਸਾ ਲਿਆ। ਪ੍ਰੋਗਰਾਮ ਦੀ ਸਟੇਜ ਸੰਚਾਲਨਾ ਸ੍ਰੀ ਜਨਕ ਰਾਜ ਪ੍ਰਧਾਨ ਤਰਕਯੁੱਗ ਪੀਪਲ ਫਾਉਂਡੇਸ਼ਨ ਨੇ ਬਾ-ਖੁਬੀ ਨਿਭਾਈ।

