ਪੰਜਾਬ ਸਰਕਾਰ ਹਰ ਬਲਾਕ ‘ਚ ਇੱਕ-ਇੱਕ ਸਮਾਰਟ ਸਕੂਲ ਬਣਾਏਗੀ: ਚੰਨੀ
ਪਹਿਲੇ ਸਾਲ ਪ੍ਰਾਇਮਰੀ ਸਕੂਲਾਂ ‘ਚ ਪਹਿਲੀ ਕਲਾਸ ਤੋਂ ਅੰਗਰੇਜੀ ਦੀ ਪੜ੍ਹਾਈ ਹੋਵੇਗੀ ਸ਼ੁਰੂ
ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਲਾਇਬ੍ਰੇਰੀ ਅਤੇ ਆਡੀਟੋਰੀਅਮ ਨੂੰ ਕੈਬਨਿਟ ਮੰਤਰੀ ਨੇ ਦਿੱਤੇ ਪੰਜ-ਪੰਜ ਲੱਖ ਰੁਪਏ
ਰਾਜਪੁਰਾ ਦੇ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਸੰਸਥਾਂ ਦੀ ਬਿਲਡਿੰਗ ਦਾ ਵੱਡਾ ਹਿੱਸਾ ਪੀ.ਐਮ.ਐਨ. ਨੂੰ ਦੇਣ ਤੇ ਸਰਕਾਰ ਕਰੇਗੀ ਵਿਚਾਰ ਅਤੇ ਕੇਂਦਰ ਦੀ ਮਦਦ ਨਾਲ ਹੋਸਟਲ ਵੀ ਬਣਵਾਇਆ ਜਾਵੇਗਾ
ਰਾਜਪੁਰਾ (ਪਟਿਆਲਾ), 6 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਆਉਣ ਵਾਲੇ ਅਕਾਦਮਿਕ ਸ਼ੈਸ਼ਨ ਤੋਂ ਰਾਜ ਦੇ ਹਰ ਬਲਾਕ ‘ਚ ਚੱਲ ਰਹੇ ਸਰਕਾਰੀ ਸਕੂਲਾਂ ਚੋਂ ਇੱਕ ਸਕੂਲ ਨੂੰ ਸਮਾਰਟ ਸਕੂਲ ਬਣਾਏਗੀ। ਇਹ ਐਲਾਨ ਤਕਨੀਕੀ ਸਿੱਖਿਆ ਅਤੇ ਇੰਡਸਟਰੀਅਲ ਟ੍ਰੇਨਿੰਗ ਵਿਭਾਗ ਦੇ ਕੈਬਨਿਟ ਮੰਤਰੀ ਸ:ਚਰਨਜੀਤ ਸਿੰਘ ਚੰਨੀ ਨੇ ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਸਲਾਨਾ ਇਨਾਮ ਵੰਡ ਸਮਾਰੋਹ ‘ਤੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ ਹੈ।
ਸ੍ਰੀ ਚੰਨੀ ਨੇ ਕਿਹਾ ਕਿ ਪੰਜਾਬ ‘ਚ ਪਿਛਲੀਆਂ ਦੋ ਸਰਕਾਰਾਂ ਨੇ ਸਿੱਖਿਆ ਦੇ ਖੇਤਰ ਵਿੱਚ ਕੋਈ ਸੁਧਾਰ ਨਹੀਂ ਕੀਤਾ ਜਿਸ ਕਰਕੇ ਸਰਕਾਰੀ ਸਕੂਲਾਂ ਦੀ ਹਾਲਤ ਕਾਫੀ ਵਿਗੜ ਗਈ ਹੈ ਜਦ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਚੱਲ ਰਹੀ ਕਾਂਗਰਸ ਸਰਕਾਰ ਦਾ ਪਹਿਲਾ ਏਜੰਡਾ ਸਿੱਖਿਆ ਅਤੇ ਸਿਹਤ ਦੇ ਖੇਤਰ ‘ਚ ਵਿਕਾਸ ਕਰਨਾ ਹੈ। ਉਹਨਾਂ ਕਿਹਾ ਕਿ ਰਾਜ ਵਿੱਚ ਚੱਲ ਰਹੇ ਸਰਕਾਰੀ ਸਕੂਲਾਂ ਚੋਂ ਹੀ ਹਰ ਬਲਾਕ ‘ਚ ਕਿਸੇ ਇੱਕ ਨੂੰ ਸਮਾਰਟ ਸਕੂਲ ਬਣਾਇਆ ਜਾਵੇਗਾ ਅਤੇ ਅੰਗਰੇਜ਼ੀ ਮੀਡੀਅਮ ਵਿੱਚ ਪੜ੍ਹਾਈ ਕਰਵਾਈ ਜਾਵੇਗੀ ਇਸੇ ਤਰ੍ਹਾਂ ਹੋਰ ਸਰਕਾਰੀ ਸਕੂਲਾਂ ‘ਚ ਵੀ ਪਹਿਲੀ ਕਲਾਸ ਤੋਂ ਅੰਗਰੇਜੀ ਦੀ ਪੜ੍ਹਾਈ ਸ਼ੁਰੂ ਕਰਵਾਈ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਹਿਲੇ ਸਾਲ ਵਿੱਚ ਪ੍ਰਾਇਮਰੀ ਸਕੂਲਾਂ ਚ ਪਹਿਲੀ ਕਲਾਸ ਤੋਂ ਅੰਗਰੇਜੀ ਦੀ ਪੜ੍ਹਾਈ ਸ਼ੁਰੂ ਹੋਵੇਗੀ ਅਤੇ ਫਿਰ ਅਗਲੇ ਸਾਲ ਪਹਿਲੀ ਅਤੇ ਦੂਜੀ ਕਲਾਸ ‘ਚ ਅੰਗਰੇਜ਼ੀ ਦਾ ਸਿਲੇਬਸ ਲਾਗੂ ਕੀਤਾ ਜਾਵੇਗਾ ਇਸੇ ਤਰ੍ਹਾਂ ਇਹ ਸਿਲਸਿਲਾ ਇੱਕ ਤੋਂ ਬਾਅਦ ਇੱਕ ਕਲਾਸ ਵਿੱਚ ਵਧਦਾ ਜਾਵੇਗਾ।
ਕੈਬਨਿਟ ਮੰਤਰੀ ਨੇ ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਵਿੱਚ ਕਈ ਪ੍ਰਾਈਵੇਟ ਕਾਲਜਾਂ ‘ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਘੁਟਾਲਾ ਹੋਇਆ ਹੈ ਇਸ ਦੀ ਜਾਂਚ ਜਾਰੀ ਹੈ ਅਤੇ ਜਾਪਦਾ ਹੈ ਕਿ ਇਹ ਕਰੀਬ 500 ਕਰੋੜ ਦਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਐਸ.ਸੀ ਜਾਂ ਐਸ.ਟੀ ਬੱਚੇ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਪ੍ਰੇਸ਼ਾਨੀ ਨਹੀਂ ਆਵੇਗੀ ਅਤੇ ਨਾ ਹੀ ਫੀਸ ਜਮ੍ਹਾ ਕਰਵਾਉਣੀ ਪਵੇਗੀ।
ਸਮਾਗਮ ਦੌਰਾਨ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ਼ ਵੱਲੋਂ ਰੱਖੀ ਗਈ ਮੰਗ ਤੇ ਕੈਬਨਿਟ ਮੰਤਰੀ ਨੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਲਾਇਬ੍ਰੇਰੀ ਅਤੇ ਆਡੀਟੋਰੀਅਮ ਨੂੰ ਪੰਜ-ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸੇ ਤਰ੍ਹਾਂ ਸ੍ਰੀ ਚੰਨੀ ਨੇ ਰਾਜਪੁਰਾ ਦੇ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਸੰਸਥਾ ਦੀ ਬਿਲਡਿੰਗ ਦਾ ਵੱਡਾ ਹਿੱਸਾ ਪੀ.ਐਮ.ਐਨ.ਕਾਲਜ ਨੂੰ ਦੇਣ ਤੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਸਰਕਾਰ ਇਸ ਪ੍ਰਕ੍ਰਿਆ ‘ਤੇ ਵਿਚਾਰ ਕਰੇਗੀ। ਉਹਨਾਂ ਕਿਹਾ ਕਿ ਪੀ.ਐਮ.ਐਨ ਕਾਲਜ ਟਰਸੱਟ ਜਿਸ ਤਰ੍ਹਾਂ ਨਾਲ ਨੋ ਪ੍ਰੋਫਿਟ ਨੋ ਲੋਸ ‘ਤੇ ਕੰਮ ਕਰ ਰਹੀ ਹੈ ਅਤੇ ਇਲਾਕੇ ਵਿੱਚ 5 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਸਕੂਲ ਤੋਂ ਲੈ ਕੇ ਕਾਲਜ ਤੱਕ ਦੀ ਸਸਤੀ ਸਿੱਖਿਆ ਦੇ ਰਹੀ ਹੈ ਉਸਨੂੰ ਦੇਖਦੇ ਹੋਏ ਕਾਲਜ ਲਈ ਕੇਂਦਰ ਦੀ ਮੱਦਦ ਨਾਲ ਹੋਸਟਲ ਵੀ ਬਣਵਾਇਆ ਜਾਵੇਗਾ। ਇਸ ਮੌਕੇ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਨਗਰ ਕੌਸਲ ਰਾਜਪੁਰਾ ਦੇ ਪ੍ਰਧਾਨ ਸ੍ਰੀ ਨਰਿੰਦਰ ਸ਼ਾਸਤਰੀ, ਉਪ ਪ੍ਰਧਾਨ ਅਮਨਦੀਪ ਸਿੰਘ ਨਾਗੀ, ਟਰਸੱਟ ਦੇ ਮੈਂਬਰ, ਕਾਲਜ ਦੀ ਫੈਕਲਟੀ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।

