ਸੁਨੀਲ ਜਾਖੜ, ਸੁੱਖ ਸਰਕਾਰੀਆ, ਨਾਗਰਾ ਤੇ ਚੀਮਾ ਨੇ ਚਨਾਰਥਲ ਕਲਾਂ ਇਲਾਕੇ ‘ਚ ਅੱਗ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ
ਟੀਮ ਨੇ ਵਿਸ਼ੇਸ਼ ਗਿਰਦਾਵਰੀ ਉਪਰੰਤ ਪੀੜ੍ਹਤ ਕਿਸਾਨਾਂ ਨੂੰ ਜਲਦ ਮੁਆਵਜਾ ਦੇਣ ਦਾ ਦਿੱਤਾ ਭਰੋਸਾ
ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ (ਮਧੂਸਾਰ ਬਿਊਰੋ) ਬੀਤੇ ਦਿਨੀਂ ਫ਼ਤਹਿਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਦੇ ਚਨਾਰਥਲ ਕਲਾਂ ਕਾਨੂੰਨਗੋਈ ਦੇ ਕਈ ਪਿੰਡਾਂ ਵਿੱਚ ਕਰੀਬ 1500 ਏਕੜ ਵੱਢੀ ਹੋਈ ਕਣਕ ਦੇ ਨਾੜ ਅਤੇ ਕੁਝ ਖੜੀ ਕਣਕ ਦੇ ਖੇਤਾਂ ਵਿੱਚ ਅੱਗ ਲੱਗਣ ਨਾਲ ਕਿਸਾਨਾਂ ਦੇ ਹੋਏ ਭਾਰੀ ਨੁਕਸਾਨ ਦਾ ਜਾਇਜਾ ਲੈਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮੈਂਬਰ ਪਾਰਲੀਮੈਂਟ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਵਿਧਾਇਕ ਫ਼ਤਹਿਗੜ੍ਹ ਸਾਹਿਬ ਕੁਲਜੀਤ ਸਿੰਘ ਨਾਗਰਾ ਅਤੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਟੀਮ ਨੂੰ ਭੇਜਿਆ, ਜਿਨ੍ਹਾਂ ਨੇ ਸੰਗਤਪੁਰ ਸੋਢੀਆਂ, ਮਾਜਰੀ ਅਜ਼ੀਮ, ਖੋਜੇ ਮਾਜਰਾ, ਖਰੇ, ਮੀਰਪੁਰ, ਸਿੱਧਵਾਂ, ਚਨਾਰਥਲ ਖੁਰਦ, ਪੰਡਰਾਲੀ ਅਤੇ ਚਨਾਰਥਲ ਕਲਾਂ ਵਿਖੇ ਜਾ ਕੇ ਜਿਥੇ ਕਣਕ ਦੇ ਨੁਕਸਾਨ ਲਈ ਪੀੜ੍ਹਤ ਕਿਸਾਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਉਥੇ ਪੰਜਾਬ ਸਰਕਾਰ ਵੱਲੋਂ ਬਣਦਾ ਮੁਆਵਜਾ ਦਿਵਾਉਣ ਦਾ ਵੀ ਭਰੋਸਾ ਦਿਵਾਇਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਜਾਖੜ ਨੇ ਕੇਂਦਰ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਜਿਹੜੇ ਨੀਤੀ ਘਾੜੇ ਏ.ਸੀ. ਕਮਰਿਆਂ ਵਿੱਚ ਬੈਠ ਕੇ ਕਿਸਾਨਾਂ ‘ਤੇ ਆਮਦਨ ਕਰ ਲਗਾਉਣ ਅਤੇ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਖਤਮ ਕਰਨ ਦੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਆ ਕੇ ਸਮੇਂ-ਸਮੇਂ ‘ਤੇ ਕਿਸਾਨਾਂ ‘ਤੇ ਆਉਣ ਵਾਲੀਆਂ ਕੁਦਰਤੀ ਕਰੋਪੀਆਂ ਤੇ ਹੋਣ ਵਾਲੇ ਨੁਕਸਾਨਾਂ ਦਾ ਪਤਾ ਲਗਾਉਣਾ ਚਾਹੀਦਾ ਹੈ ਕਿਉਂਕਿ ਖੇਤੀ ਪੂਰੀ ਤਰ੍ਹਾਂ ਕੁਦਰਤ ‘ਤੇ ਨਿਰਭਰ ਹੈ। ਅੰਨਦਾਤਾ ਕਹਾਉਣ ਵਾਲਾ ਕਿਸਾਨ ਅੱਜ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਇਸ ਵਿੱਚੋਂ ਬਾਹਰ ਕੱਢਣ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਕਿਸਾਨ ਭਾਈਚਾਰੇ ਦੀ ਸਹਾਇਤਾ ਨਾਲ ਜੋ ਪੀੜ੍ਹਤ ਕਿਸਾਨਾਂ ਨੂੰ ਕਣਕ, ਤੂੜੀ ਅਤੇ ਹੋਰ ਆਰਥਿਕ ਪੱਧਰ ‘ਤੇ ਸਹਾਇਤਾ ਕਰਨ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ।
ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਸਪੈਸ਼ਲ ਗਿਰਦਾਵਰੀ ਦੇ ਹੁਕਮ ਜਾਰੀ ਕਰ ਦਿੱਤੇ ਸਨ । ਉਨ੍ਹਾਂ ਮੌਕੇ ‘ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੂੰ ਕਿਹਾ ਕਿ ਪੂਰੇ ਪਾਰਦਰਸ਼ੀ ਢੰਗ ਨਾਲ ਗਿਰਦਾਵਰੀ ਕੀਤੀ ਜਾਵੇ ਤਾਂ ਜੋ ਕੋਈ ਵੀ ਪੀੜ੍ਹਤ ਕਿਸਾਨ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮਾਲੀ ਸਹਾਇਤਾ ਤੋਂ ਵਾਂਝਾ ਨਾ ਰਹੇ। ਉਨ੍ਹਾਂ ਸਰਕਾਰ ਵੱਲੋਂ ਯਕੀਨ ਦਿਵਾਇਆ ਕਿ ਪੀੜ੍ਹਤ ਕਿਸਾਨਾਂ ਨੂੰ ਸਰਕਾਰ ਵੱਲੋਂ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਇਹ ਵੀ ਕਿਹਾ ਕਿ ਗਿਰਦਾਵਰੀ ਦੌਰਾਨ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਜਿਹੜੇ ਕਿਸਾਨ ਠੇਕੇ ‘ਤੇ ਜਮੀਨ ਲੈ ਕੇ ਖੇਤੀ ਕਰਦੇ ਹਨ, ਉਨ੍ਹਾਂ ਨੂੰ ਹੀ ਬਣਦਾ ਮੁਆਵਜਾ ਮਿਲੇ। ਇਸ ਮੌਕੇ ਕਿਸਾਨਾਂ ਨੇ 66 ਕੇ.ਵੀ. ਗਰਿੱਡ ਦੀਆਂ ਤਾਰਾਂ ਢਿੱਲੀਆਂ ਹੋਣ ਕਰਕੇ ਸਪਾਰਕ ਹੋਣ ਨਾਲ ਅੱਗ ਲੱਗਣ ਬਾਰੇ ਧਿਆਨ ਵਿੱਚ ਲਿਆਂਦਾ। ਇਸ ਸਬੰਧੀ ਮਾਲ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਅੱਗ ਲੱਗਣ ਦੇ ਕਾਰਨ ਦੀ ਪੜਤਾਲ ਕਰਕੇ ਜਿੰਮੇਵਾਰ ਅਧਿਕਾਰੀ ਨੂੰ ਸਖਤ ਸਜਾ ਦਿੱਤੀ ਜਾਵੇਗੀ।
ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਇਲਾਕੇ ਦੇ ਪੀੜ੍ਹਤ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜਿਥੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਬਣਦਾ ਮੁਆਵਜਾ ਦਿਵਾਇਆ ਜਾਵੇਗਾ ਉਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਪ੍ਰਵਾਸੀ ਪੰਜਾਬੀਆਂ ਤੇ ਕਿਸਾਨ ਭਾਈਚਾਰੇ ਦੀ ਸਹਾਇਤਾ ਨਾਲ ਪੀੜ੍ਹਤ ਪਰਿਵਾਰਾਂ ਨੂੰ ਕਣਕ, ਤੂੜੀ ਅਤੇ ਹੋਰ ਮਾਲੀ ਸਹਾਇਤਾ ਪਹੁੰਚਾਉਣ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਕਿਹਾ ਕਿ ਜਲਦੀ ਹੀ ਗਿਰਦਾਵਰੀ ਮੁਕੰਮਲ ਹੋਣ ‘ਤੇ ਸਰਕਾਰ ਨੂੰ ਰਿਪੋਰਟ ਭੇਜ ਦਿੱਤੀ ਜਾਵੇਗੀ। ਇਸ ਉਪਰੰਤ ਟੀਮ ਨੇ ਕਣਕ ਨੂੰ ਅੱਗ ਲੱਗਣ ਤੋਂ ਬਚਾਉਂਦਿਆਂ ਜਖ਼ਮੀ ਹੋਏ ਚਨਾਰਥਲ ਕਲਾਂ ਦੇ ਕਿਸਾਨ ਪਰਦੀਪ ਸਿੰਘ ਦੇ ਘਰ ਜਾ ਕੇ ਵੀ ਉਸ ਦਾ ਹਾਲ ਚਾਲ ਪੁੱਛਿਆ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ, ਸ਼੍ਰੀਮਤੀ ਮਨਦੀਪ ਕੌਰ ਨਾਗਰਾ ਅਤੇ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ. ਮਨਜੀਤ ਸਿੰਘ ਚੀਮਾ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਵੱਡੀ ਗਿਣਤੀ ਵਿੱਚ ਸੀਨੀਅਰ ਆਗੂ ਅਤੇ ਵਰਕਰ ਵੀ ਪੀੜ੍ਹਤ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਪਹੁੰਚੇ ਹੋਏ ਸਨ।

