ਪੰਜਾਬਪਟਿਆਲਾ

1200 ਐਸ.ਸੀ ਵਿਦਿਆਰਥੀਆਂ ਦੇ ਫੀਸ ਭਰਨ ਦਾ ਮਾਮਲਾ ਪਹੁੰਚਿਆ ਪੰਜਾਬ ਸਰਕਾਰ ਕੋਲ

ਪਟਿਆਲਾ 30 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਚ ਵੱਖ ਵੱਖ ਵਿਸ਼ਿਆਂ ਵਿਚ ਸਿੱਖਿਆ ਹਾਸਿਲ ਕਰ ਰਹੇ ਅਨੁਸੂਚਿਤ ਜਾਤੀਆਂ ਅਤੇ ਓ.ਬੀ.ਸੀ ਵਰਗ ਦੇ 1200 ਦੇ ਲਗਭਗ ਵਿਦਿਆਰਥੀਆਂ ਦੇ ਇਮਤਿਹਾਨਾਂ ਲਈ ਫੀਸ ਨਾ ਦੇ ਸਕਣ ਦਾ ਮਾਮਲਾ ਹੁਣ ਪੰਜਾਬ ਸਰਕਾਰ ਕੋਡ ਪਹੁੰਚ ਚੁੱਕਾ ਹੈ।

ਵਿਦਿਆਰਥੀਆਂ ਦੇ ਇਸ ਮਾਮਲੇ ਨੂੰ ਉਠਾਉਣ ਵਾਲੇ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਅੱਜ ਨਾਭਾ ਵਿਖੇ ਐਸ.ਸੀ/ਬੀ.ਸੀ ਵੈਲਫੇਅਰ ਵਿਭਾਗ ਦੇ ਸਬੰਧਿਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਵਿਦਿਆਰਥੀਆਂ ਦੀ ਮੁਸ਼ਕਿਲ ਬਾਰੇ ਦੱਸਦਿਆਂ ਇਸ ਮਾਮਲੇ ਨੂੰ ਫੌਰੀ ਤੌਰ ‘ਤੇ ਹੱਲ ਕਰਨ ਲਈ ਮੰਗ ਪੱਤਰ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਐਸ.ਸੀ ਭਾਈਚਾਰੇ ਦੇ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ 25 ਅਪ੍ਰੈਲ 2018 ਨੂੰ ਜਿਲਾ ਭਲਾਈ ਅਫਸਰ ਵਲੋਂ ਕਾਲਜ ਪ੍ਰਸ਼ਾਸ਼ਨ ਨੂੰ ਪੰਜਾਬ ਸਰਕਾਰ ਦੇ ਇਕ ਪੱਤਰ 3/94/2016-ਐਸ.ਏ.ਆਈ/493 ਮਿਤੀ 22 ਜੁਲਾਈ 2016 ਦਾ ਹਵਾਲਾ ਦਿੰਦਿਆਂ ਹੁਕਮ ਕੀਤੇ ਸਨ, ਕਿ ਇਮਤਿਹਾਨਾਂ ਵਿਚ ਬੈਠਣ ਲਈ ਬਿਨਾਂ ਫੀਸ ਭਰਾਏ ਬੱਚਿਆਂ ਨੂੰ ਫੌਰੀ ਰੋਲ ਨੰਬਰ ਜਾਰੀ ਕੀਤੇ ਜਾਣ ਪਰ ਅਜੇ ਤੱਕ ਬੱਚਿਆਂ ਨੂੰ ਰੋਲ ਨੰਬਰ ਨਹੀਂ ਮਿਲ ਸਕੇ।ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਇੰਨਾਂ ਬੱਚਿਆਂ ਵਿਚ ਜਿਆਦਾਤਰ ਬੱਚੇ ਅਜਿਹੇ ਹਨ ਜਿੰਨਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਆਨ ਲਾਈਨ ਅਰਜੀਆਂ ਦੇਣ ਲਈ ਕਈ ਕਈ ਦਿਨ ਸਾਈਬਰ ਹੱਟਾਂ ਦੇ ਚੱਕਰ ਕੱਟੇ ਪਰ ਉਨਾਂ ਦੀ ਆਨ ਲਾਈਨ ਰਜਿਸਟਰੇਸ਼ਨ ਵਾਲਾ ਪ੍ਰੋਸੈਸ ਕਾਮਯਾਬ ਨਹੀਂ ਹੋ ਸਕਿਆ। ਇਸੇ ਤਰਾਂ ਇਕ ਕੈਟਾਗਿਰੀ ਉਨਾਂ ਬੱਚਿਆਂ ਦੀ ਵੀ ਹੈ ਜਿੰਨਾਂ ਨੇ ਸਾਰੀਆਂ ਸ਼ਰਤਾਂ ਪੂਰੀਆਂ ਕਰਦਿਆਂ ਆਨ ਲਾਈਨ ਰਜਿਸਟਰੇਸ਼ਨ ਕਰਵਾ ਦਿੱਤੀ ਅਤੇ ਉਨਾਂ ਨੂੰ ਇਸਦਾ ਪ੍ਰਿੰਟ ਆਊਟ ਵੀ ਮਿਲ ਗਿਆ ਪਰ ਹੁਣ ਆ ਕੇ ਇੰਨਾਂ ਵਿਦਿਆਰਥੀਆਂ ਨੂੰ ਆਪਣੇ ਵਿਭਾਗਾਂ ਤੋਂ ਚਿੱਠੀਆਂ ਮਿਲ ਰਹੀਆਂ ਹਨ ਕਿ ਤੁਹਾਡੇ ਕੇਸ ਸੈਂਕਸ਼ਨ ਨਹੀਂ ਹੋਏ। ਤੀਜੀ ਕੈਟਾਗਿਰੀ ਵਿਚ ਅਜਿਹੇ ਬੱਚੇ ਵੀ ਬਹੁਤ ਜਿਆਦਾ ਹਨ ਜਿੰਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਬਾਰੇ ਪਤਾ ਨਹੀਂ ਲੱਗਿਆ ਜਿਸ ਕਾਰਣ ਉਹ ਆਨ ਲਾਈਨ ਫਾਰਮ ਹੀ ਨਹੀਂ ਭਰ ਸਕੇ। ਇਸ ਸਮੱਸਿਆ ਕਾਰਣ ਵਿਦਿਆਰਥੀ ਵਰਗ ਵਿਚ ਬਹੁਤ ਪਰੇਸ਼ਾਨੀ ਅਤੇ ਰੋਸ ਹੈ। ਐਸ.ਸੀ ਭਾਈਚਾਰੇ ਦੇ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਮੰਗਲਵਾਰ ਉਹ ਚੰਡੀਗੜ ਜਾ ਕੇ ਵਿਦਿਆਰਥੀਆਂ ਦੀ ਇਸ ਸਮੱਸਿਆ ਦਾ ਹੱਲ ਕਰਨਗੇ। ਡਾ. ਜਤਿੰਦਰ ਸਿੰਘ ਮੱਟੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਇਮਤਿਹਾਨ ਸਿਰ ‘ਤੇ ਹਨ ਅਤੇ ਵਿਦਿਆਰਥੀ ਪੜਾਈ ਦੀ ਬਜਾਏ ਫੀਸਾਂ ਕਿੱਥੋਂ ਲਿਆਵਾਂਗੇ, ਇਸ ਬਾਰੇ ਸੋਚ ਰਹੇ ਹਨ। ਅਜਿਹੇ ਵਿਚ ਵਿਦਿਆਰਥੀਆਂ ਦੀ ਪੰਜਾਬ ਸਰਕਾਰ ਬਾਂਹ ਫੜੇ ਅਤੇ ਇੰਨਾਂ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋਣ ਤੋਂ ਬਚਾਏ। ਜਦੋਂ ਤੱਕ ਫੀਸਾਂ ਦੇ ਮਾਮਲੇ ਦਾ ਨਿਪਟਾਰਾ ਨਹੀਂ ਹੋ ਜਾਂਦਾ ਉਦੋਂ ਤੱਕ ਘੱਟੋ ਘੱਟ ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਤੋਂ ਨਾ ਰੋਕਿਆ ਜਾਵੇ ਅਤੇ ਫੌਰੀ ਵਿਦਿਆਰਥੀਆਂ ਨੂੰ ਰੋਲ ਨੰਬਰ ਦਿੱਤੇ ਜਾਣ। ਇਸ ਮੌਕੇ ਕਰਮਚਾਰੀ ਫੈਡਰੇਸ਼ਨ ਦੇ ਨੁਮਾਇੰਦਿਆਂ ਵਿਚ ਡਾ. ਗਿਆਨ ਸਿੰਘ, ਸ. ਬਲਬੀਰ ਸਿੰਘ, ਰਿਸਰਚ ਸਕਾਲਰ ਰਵੀ ਕੁਮਾਰ, ਕਾਲਜ ਵਿਦਿਆਰਥੀਆਂ ਵਿਚ ਦਲਬੀਰ ਸਿੰਘ, ਹਨੀ ਸਿੰਘ, ਸਨੀ ਸਿੰਘ, ਗੁਰਧਿਆਨ ਤਰੈਂ, ਹਰਪ੍ਰੀਤ ਸਿੰਘ, ਜੱਗੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜਰ ਸਨ।

Leave a Reply

Your email address will not be published. Required fields are marked *