ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਮਜ਼ਬੂਤੀ ਲਈ ਪੰਜਾਬ ਸਰਕਾਰ ਵਚਨਬੱਧ : ਬ੍ਰਹਮ ਮਹਿੰਦਰਾ

ਪੰਜਾਬੀ ਯੂਨੀਵਰਸਿਟੀ ਆਪਣੀ ਸਥਾਪਤੀ ਦੇ ਮੰਤਵ ਦੀ ਪੂਰਤੀ ਲਈ ਯਤਨਸ਼ੀਲ : ਪ੍ਰੋ. ਘੁੰਮਣ
ਸੰਗੀਤਮਈ ਸ਼ਾਮ ਦੌਰਾਨ ਮਾਣਕ ਅਲੀ ਦੀ ਸੂਫ਼ੀ ਗਾਇਕੀ ਨੇ ਸਰੋਤੇ ਕੀਲੇ
ਪਟਿਆਲਾ, 1 ਮਈ (ਮਧੂਸਾਰ ਬਿਊਰੋ) ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਇੱਕ ਸੰਗੀਤਮਈ ਸ਼ਾਮ ਮੌਕੇ ਸ਼ਿਰਕਤ ਕਰਦਿਆਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ, ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਕਰਨ ਲਈ ਵਚਨਬੱਧ ਹੈ।

ਸ੍ਰੀ ਬ੍ਰਹਮ ਮਹਿੰਦਰਾ ਯੂਨੀਵਰਸਿਟੀ ਦੇ 57ਵੇਂ ਸਥਾਪਨਾ ਦਿਵਸ ਮੌਕੇ ਸੱਤਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਦੀ ਸੰਗੀਤਕ ਸ਼ਾਮ ਦੌਰਾਨ ਕਲਾ ਭਵਨ ਵਿਖੇ ਸੂਫ਼ੀ ਗਾਇਕ ਮਾਣਕ ਅਲੀ ਵੱਲੋਂ ਪੇਸ਼ ਕੀਤੇ ਗਏ ਸੂਫ਼ੀਆਨਾ ਕਲਾਮ ਦੇ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਰਾਜ ਸਭਾ ਮੈਂਬਰ ਸ੍ਰੀ ਐਚ.ਐਸ. ਹੰਸਪਾਲ ਨੇ ਸ਼ਿਰਕਤ ਕੀਤੀ।
ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਕਰਨ ਲਈ ਉਹ ਖ਼ੁਦ ਇੱਕ ਵਕੀਲ ਬਣਕੇ ਮੁੱਖ ਮੰਤਰੀ ਕੋਲ ਅਪੀਲ ਕਰਨਗੇ ਤਾਂ ਜੋ ਇਸ ਨੂੰ ਹੋਰ ਫੰਡ ਮੁਹੱਈਆ ਕਰਵਾਏ ਜਾਣ। ਉਨ੍ਹਾਂ ਆਪਣੇ ਆਪ ਨੂੰ ਇਸ ਪੱਖੋਂ ਭਾਗਸ਼ਾਲੀ ਦੱਸਿਆ ਕਿ ਉਨ੍ਹਾਂ ਦੇ ਹਲਕੇ ‘ਚ ਤਿੰਨ ਯੂਨੀਵਰਸਿਟੀਆਂ, ‘ਪੰਜਾਬੀ ਯੂਨੀਵਰਸਿਟੀ, ਲਾਅ ਯੂਨੀਵਰਸਿਟੀ ਅਤੇ ਥਾਪਰ ਯੂਨੀਵਰਸਿਟੀ’, ਪੈਂਦੀਆਂ ਹਨ।
ਸਿਹਤ ਮੰਤਰੀ ਨੇ ਇਸ ਗੱਲ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਸਮੇਤ ਇਸਦੀ ਪ੍ਰਫੁੱਲਤਾ ਲਈ ਯਤਨਸ਼ੀਲ ਹੈ। ਸ੍ਰੀ ਬ੍ਰਹਮ ਮਹਿੰਦਰਾ ਨੇ ਇਸ ਮੌਕੇ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਭਾਗ ਲਈ ਆਪਣੇ ਅਖ਼ਤਿਆਰੀ ਕੋਟੇ ‘ਚੋਂ 5 ਲੱਖ ਰੁਪਏ ਦਾ ਫੰਡ ਦੇਣ ਦਾ ਐਲਾਨ ਵੀ ਕੀਤਾ।
ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਬੀ.ਐਸ. ਘੁੰਮਣ ਨੇ ਸਿਹਤ ਮੰਤਰੀ ਦਾ ਸਵਾਗਤ ਕਰਦਿਆਂ ਇਸ ਗੱਲੋਂ ਧੰਨਵਾਦ ਕੀਤਾ ਕਿ ਸ੍ਰੀ ਬ੍ਰਹਮ ਮਹਿੰਦਰਾ ਨੇ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਵੱਲੋਂ 50 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿਵਾਉਣ ‘ਚ ਆਪਣੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਨੇ ਇਹ ਭਰੋਸਾ ਦਿਵਾਇਆ ਸੀ ਕਿ ਇਹ ਤਾਂ ਕੇਵਲ ਸ਼ੁਰੂਆਤ ਹੈ ਅਤੇ ਪੰਜਾਬ ਸਰਕਾਰ ਯੂਨੀਵਰਸਿਟੀ ਦੀ ਪੂਰੀ ਵਿੱਤੀ ਇਮਦਾਦ ਕਰੇਗੀ।
ਪ੍ਰੋ. ਘੁੰਮਣ ਨੇ ਦੱਸਿਆ ਕਿ ਮਾਲਵੇ ਦੀ ਧਰਤੀ ‘ਤੇ ਜਿਸ ਮੰਤਵ ਲਈ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ, ਇਹ ਯੂਨੀਵਰਸਿਟੀ ਉਸ ਮੰਤਵ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਉਪਰਾਲੇ ਕਰਨ ਦੇ ਨਾਲ-ਨਾਲ ਨਵੇਂ ਕਿੱਤਾਮੁਖੀ ਕੋਰਸ ਸ਼ੁਰੂ ਕਰਨ ਜਾ ਰਹੀ ਹੈ।
ਇਸ ਸੂਫ਼ੀ ਸ਼ਾਮ ਦੌਰਾਨ ਮਾਣਕ ਅਲੀ ਨੇ ਸ਼ਾਹ ਹੁਸੈਨ ਦੀ ਕਾਫ਼ੀ ‘ਰਹੀਓ ਵੋ ਨਾਲ ਸੱਜਣ ਦੇ’ ਸ਼ੁਰੂ ਕਰਕੇ ‘ਦਸਤਾਰ’ ਬਾਰੇ ਆਪਣਾ ਗੀਤ ਸੁਣਾਇਆ ਤੇ ਇਸ ਤੋਂ ਬਾਅਦ ‘ਵੜੇ ਇਸ਼ਕ ਪ੍ਰੇਮ ਦੀ ਨਗਰੀ ਵਿੱਚ ਅਸੀਂ ਆਪ ਗਵਾ ਬੈਠੇ’ ਅਤੇ ‘ਦਮਾ-ਦਮ ਮਸਤ ਕਲੰਦਰ’ ਆਦਿ ਦੀ ਪੇਸ਼ਕਾਰੀ ਕਰਕੇ ਸਰੋਤੇ ਝੂਮਣ ਲਾਏ।
ਇਸ ਮੌਕੇ ਪ੍ਰੋ. ਧਿਆਨ ਕੌਰ, ਡਾ. ਦੀਪਕ ਮਨਮੋਹਨ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਜੀ.ਐਸ. ਬੱਤਰਾ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ, ਡੀਨ ਕਾਲਜਿਜ ਡਾ. ਕੁਲਬੀਰ ਸਿੰਘ ਢਿੱਲੋਂ, ਡਾ. ਅੰਮ੍ਰਿਤਪਾਲ ਕੌਰ, ਸ੍ਰੀ ਸੰਤ ਬਾਂਗਾ, ਸ੍ਰੀ ਹਿਮਾਂਸ਼ੂ ਅਰੋੜਾ, ਫੈਕਲਟੀ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।

Leave a Reply

Your email address will not be published. Required fields are marked *