ਪਟਿਆਲਾ ਜ਼ਿਲ੍ਹੇ ਦੇ ਬਾਕੀ ਪਿੰਡਾਂ ਵਿੱਚ ਖ਼ੁਸ਼ਹਾਲੀ ਦੇ ਰਾਖੇ ਜਲਦੀ ਤਾਇਨਾਤ ਕੀਤੇ ਜਾਣਗੇ: ਕਮਾਂਡਰ ਵਿਰਕ
ਰਾਜਪੁਰਾ ਅਤੇ ਪਾਤੜਾਂ ਦੇ ਮੁਖੀਆਂ ਦੀਆਂ ਅਸਾਮੀਆਂ ਵੀ ਭਰੀਆਂ ਜਾਣਗੀਆਂ
– ਬਿਨੈਪੱਤਰ 14 ਤੱਕ ਲਏ ਜਾਣਗੇ ਤੇ ਚੋਣ 17 ਤੇ 18 ਨੂੰ
ਪਟਿਆਲਾ, 8 ਮਈ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਚੱਲ ਰਹੀਆਂ ਭਲਾਈ ਸਕੀਮਾਂ ਦੇ ਮਿਆਰ ਦਾ ਜਾਇਜ਼ਾ ਲੈਣ ਲਈ ਗਾਰਡੀਅਨਜ਼ ਆਫ਼ ਗਵਰਨੈਂਸ ਸਕੀਮ ਅਧੀਨ ਪਿੰਡਾਂ ਵਿੱਚ ਖ਼ੁਸ਼ਹਾਲੀ ਦੇ ਰਾਖੇ ਤਾਇਨਾਤ ਕੀਤੇ ਹਨ ਜੋ ਸਮੇਂ-ਸਮੇਂ ‘ਤੇ ਮੁੱਖ ਮੰਤਰੀ ਦਫ਼ਤਰ, ਸਬੰਧਤ ਵਿਭਾਗ ਦੇ ਸਕੱਤਰ ਅਤੇ ਡਿਪਟੀ ਕਮਿਸ਼ਨਰ ਨੂੰ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਦਿੰਦੇ ਹਨ।
ਪਟਿਆਲਾ ਜ਼ਿਲ੍ਹੇ ਵਿੱਚ ਇਸ ਸਕੀਮ ਅਧੀਨ 150 ਪਿੰਡਾਂ ਵਿੱਚ ਖ਼ੁਸ਼ਹਾਲੀ ਦੇ ਰਾਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਪਟਿਆਲਾ ਕਮਾਂਡਰ ਬਲਜਿੰਦਰ ਵਿਰਕ ਨੇ ਦੱਸਿਆਂ ਕਿ ਇਸ ਸਕੀਮ ਦੇ ਆਉਣ ਨਾਲ ਨਾ ਸਿਰਫ਼ ਭਲਾਈ ਸਕੀਮਾਂ ਸਹੀ ਤਰੀਕੇ ਨਾਲ ਲਾਗੂ ਹੋ ਰਹੀਆਂ ਹਨ ਸਗੋਂ ਇਨ੍ਹਾਂ ਦਾ ਲਾਭ ਵੀ ਸਹੀ ਜ਼ਰੂਰਤ ਮੰਦ ਲੋਕਾਂ ਤੱਕ ਪਹੁੰਚਣਾ ਯਕੀਨੀ ਬਣਾਇਆ ਜਾ ਰਿਹਾ ਹੈ।
ਕਮਾਂਡਰ ਬਲਜਿੰਦਰ ਵਿਰਕ ਨੇ ਦੱਸਿਆਂ ਕਿ ਪਟਿਆਲਾ ਜ਼ਿਲ੍ਹੇ ਦੇ ਬਾਕੀ ਰਹਿੰਦੇ ਪਿੰਡਾਂ ਵਿੱਚ ਵੀ ਖ਼ਸ਼ਹਾਲੀ ਦੇ ਰਾਖੇ ਲਗਾਉਣ ਦੀ ਤਜਵੀਜ਼ ਹੈ। ਇਸ ਮੌਕੇ ਉਨ੍ਹਾਂ ਸਾਬਕਾ ਸੈਨਿਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਪਿੰਡਾਂ ਵਿੱਚ ਹੁਣ ਤੱਕ ਕੋਈ ਵੀ ਖ਼ੁਸ਼ਹਾਲੀ ਦਾ ਰਾਖਾ ਤਾਇਨਾਤ ਨਹੀਂ ਕੀਤਾ ਗਿਆ ਉਸ ਪਿੰਡ ਦੇ ਸਾਬਕਾ ਸੈਨਿਕ ਮਿਤੀ 14 ਮਈ 2018 ਤੱਕ ਜ਼ਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਦਫ਼ਤਰ ਪਟਿਆਲਾ ਵਿਖੇ ਬਿਨੈ ਪੱਤਰ ਨਾਲ ਆਪਣੇ ਆਰਮੀ ਰਿਕਾਰਡ ਦੇ ਦਸਤਾਵੇਜ਼ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆਂ ਕਿ ਚਾਹਵਾਨ ਉਮੀਦਵਾਰ ਕੋਲ ਆਪਣਾ ਸਮਾਰਟ ਫ਼ੋਨ ਹੋਣਾ ਜ਼ਰੂਰੀ ਹੈ ਕਿਉਂਕਿ ਖ਼ੁਸ਼ਹਾਲੀ ਦੇ ਰਾਖਿਆਂ ਵੱਲੋਂ ਸਾਰੀਆਂ ਰਿਪੋਰਟਾਂ ਜੀ.ਓ.ਜੀ. ਦੀ ਐਪ ਰਾਹੀਂ ਹੀ ਭੇਜੀਆਂ ਜਾਂਦੀ ਹਨ। ਉਨ੍ਹਾਂ ਦੱਸਿਆਂ ਕਿ ਖ਼ੁਸ਼ਹਾਲੀ ਦੇ ਰਾਖੇ ਦੀ ਅਸਾਮੀ ਲਈ ਸਬੰਧਤ ਪਿੰਡਾਂ ਦਾ ਵਸਨੀਕ ਹੀ ਬਿਨੈ ਕਰ ਸਕਦਾ ਹੈ।
ਜ਼ਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫ਼ਸਰ ਨੇ ਦੱਸਿਆਂ ਕਿ ਪਾਤੜਾਂ ਅਤੇ ਰਾਜਪੁਰਾ ਤਹਿਸੀਲ ਮੁਖੀਆਂ ਦੀਆਂ ਅਸਾਮੀਆਂ ਵੀ ਭਰੀਆਂ ਜਾਣੀਆਂ ਹਨ ਜਿਸ ਲਈ ਮੇਜਰ ਅਤੇ ਇਸ ਦੇ ਬਰਾਬਰ ਦੇ ਰੈਂਕ ਦੇ ਜਾਂ ਇਸ ਤੋਂ ਉਪਰ ਦੇ ਰੈਂਕ ਦੇ ਅਫ਼ਸਰ ਉਮੀਦਵਾਰ ਵਜੋਂ ਅਪਲਾਈ ਕਰ ਸਕਦੇ ਹਨ।
ਕਮਾਂਡਰ ਬਲਜਿੰਦਰ ਵਿਰਕ ਨੇ ਦੱਸਿਆਂ ਕਿ ਗਾਰਡੀਅਨਜ਼ ਆਫ਼ ਗਵਰਨੈਂਸ ਜ਼ਿਲ੍ਹਾ ਹੈਡਕੁਆਟਰ ਵਿਖੇ ਡਾਟਾ ਐਂਟਰੀ ਓਪਰੇਟਰ-ਕਮ-ਬਿਲਿੰਗ ਕਲਰਕ ਦੀ ਆਸਾਮੀ ਵੀ ਭਰੀ ਜਾਣੀ ਹੈ ਜਿਸ ਲਈ ਉਮੀਦਵਾਰ ਨੇ ਦਸਵੀਂ ਪੱਧਰ ਤੱਕ ਪੰਜਾਬੀ ਪੜ੍ਹੀ ਹੋਵੇ, ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ਹੋਵੇ, ਕੰਪਿਊਟਰ ਵਿੱਚ ਐਮ.ਐਸ.ਐਕਸਲ ਅਤੇ ਅਕਾਊਂਟ ਦੀ ਜਾਣਕਾਰੀ ਰੱਖਦਾ ਹੋਵੇ ਅਤੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ 30 ਸ਼ਬਦ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਟਾਈਪ ਕਰਨ ਦੀ ਸਮਰੱਥਾ ਰੱਖਦਾ ਹੋਵੇ।
ਜ਼ਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫ਼ਸਰ ਨੇ ਦੱਸਿਆਂ ਕਿ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਚੋਣ 17 ਅਤੇ 18 ਮਈ 2018 ਨੂੰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਪਟਿਆਲਾ ਵਿਖੇ ਕੀਤੀ ਜਾਵੇਗੀ।

