ਦੇਸ਼-ਵਿਦੇਸ਼ਪੰਜਾਬ

ਦੂਸ਼ਿਤ ਪਾਣੀ ਨਾਲਂ ਭਰੀਆਂ ਬੋਤਲਾਂ ਕੈਪਟਨ ਨੂੰ ਸੌਂਪਣ ਜਾਂਦੇ ਰਸਤੇ ‘ਚ ਹੀ ਰੋਕੇ ਆਪ ਆਗੂ

ਦੂਸ਼ਿਤ ਪਾਣੀ ਦੇ ਮੁੱਦੇ ‘ਤੇ ‘ਆਪ’ ਵੱਲੋਂ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਮੰਗ
ਡਾ. ਬਲਬੀਰ ਸਿੰਘ, ਐਮਪੀ ਸਾਧੂ ਸਿੰਘ, ਵਿਧਾਇਕ ਰੋੜੀ ਸਮੇਤ 100 ਤੋਂ ਵੱਧ ਆਗੂਆਂ ਨੇ ਦਿੱਤੀਆਂ ਗ੍ਰਿਫ਼ਤਾਰੀਆਂ
ਕੈਪਟਨ ਦੇ ਓ.ਐਸ.ਡੀ ਸੰਦੀਪ ਸੰਧੂ ਨੇ ਥਾਣੇ ਆ ਕੇ ਲਿਆ ਮੰਗ ਪੱਤਰ ਤੇ ਦੂਸ਼ਿਤ ਪਾਣੀ ਦੀਆਂ ਬੋਤਲਾਂ
ਚੰਡੀਗੜ੍ਹ, 30 ਮਈ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਦੂਸ਼ਿਤ ਕੀਤੇ ਜਾ ਰਹੇ ਦਰਿਆਵਾਂ ਅਤੇ ਕੁਦਰਤੀ ਜਲ ਸਰੋਤਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਵਿਧਾਨ ਸਭਾ ਦਾ ਤੁਰੰਤ ਵਿਸ਼ੇਸ਼ ਸੈਸ਼ਨ ਬੁਲਾਉਣ ਤੇ ਇਸ ਗੰਭੀਰ ਮੁੱਦੇ ‘ਤੇ ਵਿਸਥਾਰ ਸਹਿਤ ਸਮਾਂ ਬੱਧ ‘ਵਾਈਟ ਪੇਪਰ’ ਜਾਰੀ ਕਰਨ ਦੀ ਮੰਗ ਕੀਤੀ ਹੈ।

ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਪੰਜਾਬ ਭਰ ਦੇ ਦਰਿਆਵਾਂ ਅਤੇ ਨਦੀਆਂ-ਨਾਲਿਆਂ ‘ਚੋਂ ਭਰ ਕੇ ਲਿਆਂਦੀਆਂ ਪਾਣੀ ਦੀਆਂ ਬੋਤਲਾਂ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਣ ਲਈ ‘ਆਪ’ ਆਗੂਆਂ ਤੇ ਵਲੰਟੀਅਰਾਂ ਦਾ ਕਾਫ਼ਲਾ ਮੁੱਖ ਮੰਤਰੀ ਰਿਹਾਇਸ਼ ਵੱਲ ਵਧਿਆ ਤਾਂ ਭਾਰੀ ਗਿਣਤੀ ‘ਚ ਤੈਨਾਤ ਪੁਲਸ ਫੋਰਸ ਨੇ ਐਮ.ਐਲ.ਏ ਹੋਸਟਲ ਦੇ ਗੇਟ ‘ਤੇ ਹੀ ਰੋਕ ਲਿਆ। ਇਸ ਮੌਕੇ ‘ਆਪ’ ਆਗੂਆਂ ਅਤੇ ਵਲੰਟੀਅਰਾਂ ਨੇ ਦੂਸ਼ਿਤ-ਜ਼ਹਿਰੀਲੇ ਪਾਣੀਆਂ ਦੀਆਂ ਬੋਤਲਾਂ ਹੱਥਾਂ ‘ਚ ਚੁੱਕ ਕੇ ਕੈਪਟਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਉੱਤੇ ਪੰਜਾਬ ਅਤੇ ਰਾਜਸਥਾਨ ਤੱਕ ਸ਼ਰੇਆਮ ਮੌਤ ਵੰਡ ਰਹੇ ਰਸੂਖਦਾਰ ਕਾਰਖ਼ਾਨੇਦਾਰਾਂ ਅਤੇ ਸ਼ਰਾਬ ਮਾਫ਼ੀਆ ਨੂੰ ਸਰਕਾਰੀ ਛਤਰ ਛਾਇਆ ਦੇਣ ਦੇ ਦੋਸ਼ ਲਗਾਏ। ਮੁੱਖ ਮੰਤਰੀ ਦਫ਼ਤਰ ‘ਚ ਅਗਾਂਹ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਜਦ ਕੋਈ ਵੀ ਸਰਕਾਰੀ ਨੁਮਾਇੰਦਾ ਦੂਸ਼ਿਤ ਪਾਣੀ ਦੇ ਸੈਂਪਲ ਲੈਣ ਨਾ ਪੁੱਜਾ ਤਾਂ ‘ਆਪ’ ਆਗੂਆਂ ਤੇ ਵਲੰਟੀਅਰਾਂ ਨੇ ਪੁਲਸ ਨਾਕਾ ਤੋੜਦੇ ਹੋਏ ਮੁੱਖ ਮੰਤਰੀ ਨਿਵਾਸ ਵੱਲ ਵਧਣ ਦਾ ਯਤਨ ਕੀਤਾ ਤਾਂ ਪੁਲਿਸ ਨੇ ਧੱਕਾਮੁੱਕੀ ਕਰਦੇ ਹੋਏ 100 ਦੇ ਕਰੀਬ ‘ਆਪ’ ਆਗੂਆਂ ਤੇ ਵਲੰਟੀਅਰਾਂ ਨੂੰ ਗ੍ਰਿਫ਼ਤਾਰ ਕਰ ਕੇ ਸੈਕਟਰ 3 ਦੇ ਪੁਲਸ ਥਾਣੇ ‘ਚ ਬੰਦ ਕਰ ਦਿੱਤਾ। ਗ੍ਰਿਫ਼ਤਾਰ ਕੀਤੇ ਪ੍ਰਮੁੱਖ ਆਗੂਆਂ ‘ਚ ਡਾ. ਬਲਬੀਰ ਸਿੰਘ, ਫ਼ਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਸੂਬਾ ਸਕੱਤਰ ਜਗਤਾਰ ਸਿੰਘ ਸੰਘੇੜਾ, ਕੁਲਦੀਪ ਸਿੰਘ ਧਾਲੀਵਾਲ, ਗੁਰਦਿੱਤ ਸਿੰਘ ਸੇਖੋਂ, ਦਲਬੀਰ ਸਿੰਘ ਢਿੱਲੋਂ, ਅਨਿਲ ਠਾਕੁਰ (ਸਾਰੇ ਜ਼ੋਨ ਪ੍ਰਧਾਨ), ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਸੰਗਠਨਾਤਮਕ ਇੰਚਾਰਜ ਗੈਰੀ ਵੜਿੰਗ, ਮੋਹਾਲੀ ਨਗਰ ਨਿਗਮ ਤੇ ਹਲਕਾ ਪ੍ਰਧਾਨ ਨਰਿੰਦਰ ਸਿੰਘ ਸ਼ੇਰਗਿੱਲ, ਪਟਿਆਲਾ ਦੇਹਾਤੀ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਹਲਕਾ ਪ੍ਰਧਾਨ ਕਰਨਬੀਰ ਸਿੰਘ ਟਿਵਾਣਾ, ਸਮਾਣਾ ਹਲਕਾ ਪ੍ਰਧਾਨ ਜਗਤਾਰ ਸਿੰਘ ਰਾਜਲਾ, ਹਲਕਾ ਲੰਬੀ ਨਰਿੰਦਰ ਸਿੰਘ ਸਰਪੰਚ, ਦੇਵ ਮਾਨ, ਬਲਵਿੰਦਰ ਸਿੰਘ ਚੌਂਦਾ, ਦਿਲਾਵਰ ਸਿੰਘ, ਦਲਜੀਤ ਸਿੰਘ, ਸਪੋਕਸਮੈਨ ਜਸਤੇਜ ਸਿੰਘ ਅਰੋੜਾ, ਗੋਬਿੰਦਰ ਮਿੱਤਲ, ਸਤਵੀਰ ਵਾਲੀਆ, ਯੂਥ ਆਗੂ ਅਮਨ ਮੋਹੀ, ਸੁਖਜਿੰਦਰ ਸਿੰਘ, ਕੁਲਜਿੰਦਰ ਸਿੰਘ ਢੀਂਡਸਾ, ਮਨੂ, ਹਰਮਨ ਹੁੰਦਲ ਅਤੇ ਤੇਜਪਾਲ ਗਿੱਲ ਸਮੇਤ ਹੋਰ ਆਗੂ ਅਤੇ ਵਲੰਟੀਅਰ ਸ਼ਾਮਲ ਸਨ।
ਚੰਡੀਗੜ੍ਹ ਪੁਲਿਸ ਨੇ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਦੂਸ਼ਿਤ ਪਾਣੀ ਸੌਂਪਣ ਲਈ ਬੋਤਲਾਂ ਨਾਲ ਭਰਿਆ ਟੈਂਪੂ ਵੀ ਹਿਰਾਸਤ ‘ਚ ਲੈ ਲਿਆ। ‘ਆਪ’ ਆਗੂਆਂ ਵੱਲੋਂ ਥਾਣੇ ਅੰਦਰ ਵੀ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਓ.ਐਸ.ਡੀ. ਸੰਦੀਪ ਸੰਧੂ ਥਾਣੇ ਪਹੁੰਚਿਆ ਅਤੇ ‘ਆਪ’ ਆਗੂਆਂ ਨੇ ਘੱਗਰ, ਬਿਆਸ ਅਤੇ ਸਤਲੁਜ ‘ਚ ਮਿਲਦੇ ਬੁੱਢੇ ਨਾਲੇ ‘ਚੋਂ ਭਰੇ ਪਾਣੀ ਦੇ ਸੈਂਪਲ ਅਤੇ ਮੰਗ ਪੱਤਰ ਸੌਂਪਿਆ। ਇਸ ਉਪਰੰਤ ਰਸਮੀ ਕਾਰਵਾਈ ਕਰਦੇ ਹੋਏ ਸਾਰੇ ਆਗੂਆਂ ਨੂੰ ਰਿਹਾ ਕਰ ਦਿੱਤਾ ਗਿਆ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਾਰਟੀ ਦੇ ਸੰਬੰਧਿਤ ਆਗੂਆਂ ਤੇ ਵਲੰਟੀਅਰਾਂ ਵੱਲੋਂ ਹੁਣ ਸਾਰੇ ਵਿਧਾਇਕਾਂ, ਰਾਜ ਸਭਾ ਮੈਂਬਰਾਂ ਅਤੇ ਲੋਕ ਸਭਾ ਮੈਂਬਰਾਂ ਨੂੰ ਦੂਸ਼ਿਤ ਪਾਣੀ ਦੀਆਂ ਬੋਤਲਾਂ ਸੌਂਪੀਆਂ ਜਾਣਗੀਆਂ ਤਾਂ ਕਿ ਉਹ ਵਿਧਾਨ ਸਭਾ ਅਤੇ ਲੋਕ ਸਭਾ ‘ਚ ਇਸ ਅਤਿ ਗੰਭੀਰ ਮੁੱਦੇ ਨੂੰ ਉਠਾ ਕੇ ਇਸ ਦਾ ਸਥਾਈ ਹੱਲ ਕਰਾਉਣ।
ਇਸ ਤੋਂ ਪਹਿਲਾਂ ਡਾ. ਬਲਬੀਰ ਸਿੰਘ, ਪ੍ਰੋ. ਸਾਧੂ ਸਿੰਘ, ਵਿਧਾਨ ਸਭਾ ‘ਚ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਦਲਜੀਤ ਸਿੰਘ ਭੋਲਾ ਗਰੇਵਾਲ, ਦਰਸ਼ਨ ਸਿੰਘ ਸ਼ੰਕਰ ਅਤੇ ਹੋਰ ਆਗੂਆਂ ਵਲੰਟੀਅਰਾਂ ਨੇ ਲੁਧਿਆਣਾ ਦੇ ਗੌਂਸਪੁਰ ਪਿੰਡ ਨੇੜੇ ਬੁੱਢੇ ਨਾਲੇ ਦੇ ਅਤਿ ਪਲੀਤ ਪਾਣੀ ਦੇ ਸੈਂਪਲ ਭਰੇ। ਚੰਡੀਗੜ੍ਹ ‘ਚ ਰੋਸ ਪ੍ਰਦਰਸ਼ਨ ਮੌਕੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸੂਬਾ ਖ਼ਜ਼ਾਨਚੀ ਸੁਖਵਿੰਦਰ ਸੁੱਖੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

Leave a Reply

Your email address will not be published. Required fields are marked *