ਪਟਿਆਲਾ

ਪੰਜਾਬ ਕਾਂਗਰਸ ਦੋਫਾੜ, ਸਿੱਧੂ ਦੀ ਕੈਪਟਨ ਦੇ ਸ਼ਹਿਰ ਵਿਚ ਦਖਲ ਅੰਦਾਜੀ ਨਾਲ ਆਈ ਬਿੱਲੀ ਥੈਲੇ ਤੋਂ ਬਾਹਰ: ਹਰਪਾਲ ਜੁਨੇਜਾ

ਵਿਭਾਗੀ ਵਿਜੀਲੈਂਸ ਵੱਲੋਂ ਕੀਤੀ ਗਈ ਚੈਕਿੰਗ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ
ਕੈਪਟਨ ਮਨਾਲੀ ਅਤੇ ਮੇਅਰ ਅਮਰੀਕਾ, ਸ਼ਹਿਰ ਕਿਸ ਦੇ ਹਵਾਲੇ: ਐਸ.ਕੇ ਦੇਵ
ਪਟਿਆਲਾ, 31 ਮਈ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਮੇਅਰ ਘਰ ਵਿਜੀਲੈਂਸ ਦੀ ਰੇਡ ਨਾਲ ਕਾਂਗਰਸ ਦਾ ਭ੍ਰਿਸ਼ਟਾਚਾਰ ਖੁੱਲ ਕੇ ਸਾਹਮਣੇ ਆ ਗਿਆ ਹੈ, ਕਿ ਕਿਸ ਤਰ੍ਹਾਂ ਕਾਂਗਰਸੀ ਸਰਕਾਰੀ ਫੰਡਾਂ ਨੂੰ ਆਪਣੀਆਂ ਮਨਮਰਜੀਆਂ ਨਾਲ ਖਰਚ ਕਰਨ ਲੱਗ ਪਏ ਹਨ।

ਉਹਨਾਂ ਕਿਹਾ ਮੇਅਰ ਦੇ ਘਰ ਵਿਜੀਲੈਂਸ ਦੀ ਰੇਡ ਨਾਲ ਦੋ ਗੱਲਾਂ ਸਾਹਮਣੇ ਆ ਗਈਆਂ ਹਨ ਕਿ ਪਹਿਲਾਂ ਕਾਂਗਰਸ ਦਾ ਭ੍ਰਿਸਟਾਚਾਰ ਅਤੇ ਦੂਜਾ ਕਾਂਗਰਸ ਦਾ ਦੋਫਾੜ ਹੋਣਾ। ਕਿਸ ਤਰ੍ਹਾਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਪਟਿਆਲਾ ਸ਼ਹਿਰ ਵਿਚ ਸਿੱਧੇ ਤੌਰ ‘ਤੇ ਦਖਲ ਅੰਦਾਜ਼ੀ ਕਰ ਰਹੇ ਹਨ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਇਮਾਨਦਾਰ ਦੱਸਣ ਵਾਲੇ ਨਵਜੋਤ ਸਿੱਧੂ ਨੇ ਘਰ ਘਰ ਰੋਜਗਾਰ ਦੀ ਪਹਿਲ ਹੀ ਆਪਣੇ ਘਰ ਤੋਂ ਕਰ ਦਿੱਤੀ। ਪਹਿਲਾਂ ਪਤਨੀ ਨੂੰ ਚੇਅਰਮੈਨ ਬਣਾਇਆ ਅਤੇ ਫੇਰ ਪੁੱਤਰ ਨੂੰ ਸਹਾਇਕ ਐਡਵੋਕੇਟ ਜਨਰਲ। ਜਦੋਂ ਅਕਾਲੀ ਦਲ ਨੇ ਇਹ ਮੁੱਦਾ ਚੁੱਕਿਆ ਤਾਂ ਦੋਨਾ ਨੂੰ ਜੁਆਇੰਨ ਨਾ ਕਰਨ ਦਾ ਐਲਾਨ ਤਾਂ ਕਰ ਦਿੱਤਾ, ਪਰ ਅੰਦਰੋਂ ਤਰਲੋ ਮੱਛੀ ਹੋ ਕੇ ਗਿਆ ਹੈ। ਹਰਪਾਲ ਜੁਨੇਜਾ ਨੇ ਕਿਹਾ ਵਿਭਾਗੀ ਵਿਜੀਲੈਂਸ ਦੀ ਜਿਹੜੀ ਟੀਮ ਵੱਲੋਂ ਚੈਕਿੰਗ ਕੀਤੀ ਗਈ ਹੈ, ਉਸ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਸਿਰਫ ਚੈਕਿੰਗ ਦੇ ਡਰਾਮੇ ਨਾਲ ਭ੍ਰਿਸਟਾਚਾਰ ‘ਤੇ ਪਰਦਾ ਨਹੀਂ ਪਾਇਆ ਜਾ ਸਕਦਾ। ਉਹਨਾਂ ਕਿਹਾ ਕਿ ਕਾਂਗਰਸ ਦਾ ਸਾਰਾ ਜੋਰ ਭ੍ਰਿਸਟਾਚਾਰ ਕਰਨ ਅਤੇ ਆਪਣੇ ਭ੍ਰਿਸਟ ਅਧਿਕਾਰੀਆਂ ਨੂੰ ਬਚਾ ਕੇ ਰੱਖਣ ‘ਤੇ ਲੱਗਿਆ ਹੋਇਆ ਹੈ।
ਭਾਜਪਾ ਦੇ ਸ਼ਹਿਰੀ ਪ੍ਰਧਾਨ ਐਸ.ਕੇ ਦੇਵ ਨੇ ਕਿਹਾ ਕਿ ਕੈਪਟਨ ਮਨਾਲੀ ਵਿਚ ਹੈ ਅਤੇ ਮੇਅਰ ਅਮਰੀਕਾ ਘੁੰਮ ਰਿਹਾ ਹੈ। ਪਟਿਆਲਾ ਸ਼ਹਿਰ ਪਰਮਾਤਮ ਦੇ ਭਰੋਸੇ ਹੈ। ਇਹੀ ਕਾਰਨ ਹੈ ਕਿ ਸ਼ਹਿਰ ਵਿਚ ਘਰ ਗਲੀ ਕੋਨੇ ‘ਤੇ ਸੱਟੇ ਦੀ ਦੁਕਾਨਾ ਇੰਝ ਖੁਲ ਗਈਆਂ ਹਨ, ਜਿਵੇਂ ਪੀ.ਸੀ.ਓ. ਖੁੱਲੇ ਹੋਣ। ਨਾਜਾਇਜ਼ ਸ਼ਰਾਬ ਦਾ ਸ਼ਰੇਆਮ ਧੰਦਾ ਕੀਤਾ ਜਾ ਰਿਹਾ ਹੈ। ਧੱਕੇ ਨਾਲ ਜਿੱਤੇ ਕੌਂਸਲਰਾਂ ਵੱਲੋਂ ਲੋਕਾਂ ਨਾਲ ਸਰੇਆਮ ਧੱਕੇਸਾਹੀ ਕਰ ਰਹੇ ਹਨ। ਇਸ ਮੌਕੇ ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਅਵਤਾਰ ਹੈਪੀ, ਰਾਜੀਵ ਜੁਨੇਜਾ, ਗੋਬਿੰਦ ਬਡੁੰਗਰ, ਵਰੁਣ ਜਿੰਦਲ, ਹੈਪੀ ਲੋਹਟ, ਪ੍ਰਿੰਸ ਲਾਂਬਾ, ਨਵਨੀਤ ਵਾਲੀਆ, ਗਗਨਦੀਪ ਪੰਨੂੰ, ਮਨਪ੍ਰੀਤ ਚੱਢਾ, ਸੰਜੀਵ ਖਾਨ, ਰਮਨ ਕੋਹਲੀ, ਸੀਮਰ ਕੁੱਕਲ, ਪੀ.ਏ. ਅਕਾਸ਼ ਸ਼ਰਮਾ ਬਾਕਸਰ, ਮੋਨੂੰ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *