ਮੀਨਾ ਨਵੀਨ ਦਾ ਪੁਆਧੀ ਨਾਵਲ ‘ਭੁਰਦੀਆਂ ਕੰਧਾਂ’ ਦਾ ਲੋਕ ਅਰਪਣ
ਮਨਜੀਤ ਕੌਰ ਅੰਬਾਲਵੀ ਅਤੇ ਕਰਮ ਸਿੰਘ ਹਕੀਰ ਨੂੰ ਦਿੱਤਾ ਵਿਸ਼ੇਸ਼ ਸਨਮਾਨ
ਰਾਜਪੁਰਾ/ਡਾ ਗੁਰਵਿੰਦਰ ਅਮਨ : ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿਚ ਹੋਈ। ਜਿਸ ਵਿਚ ਮੀਨਾ ਨਵੀਨ ਦਾ ਪੁਆਧੀ ਨਾਵਲ ‘ਭੁਰਦੀਆਂ ਕੰਧਾਂ ‘ਦਾ ਲੋਕ ਅਰਪਣ ਕੀਤਾ। ਇਸ ਮੌਕੇ ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਨਾਵਲਕਾਰ ਮੀਨਾ ਨਵੀਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੁਆਧ ਦੀ ਧਰਤੀ ਤੇ ਲੋਕ ਅਰਪਣ ਕੀਤਾ ਜਾਣਾ ਇੱਕ ਵਿਲੱਖਣਤਾ ਹੈ।
ਇਸ ਨਾਵਲ ਦੇ ਪਾਤਰ ਪੁਆਧ ਦੀ ਧਰਤੀ ਨਾਲ ਸੰਬੰਧ ਰੱਖਦੇ ਹਨ ਇਸ ਨਾਲ ਮੀਨਾ ਨਵੀਨ ਹੁਣ ਸੋਹਣ ਸਿੰਘ ਹੰਸ ,ਨਵਤੇਜ ਪੁਆਧੀ ਵਰਗੇ ਪੁਆਧੀ ਨਾਵਲਕਾਰਾਂ ਦੀ ਕਤਾਰ ਵਿਚ ਜਾ ਖਲੋਤੀ ਹੈ। ਇਸ ਮੌਕੇ ਸਭਾ ਦਾ ਆਗਾਜ ਅਵਤਾਰ ਪੁਆਰ ਦੀ ਗ਼ਜ਼ਲ ‘ਸਮਝ ਨੀ ਆਏ ਅੱਜ ਤੀਕਰ ਰੁਝੇਵੇਂ ਜਿੰਦਗੀ ਦੇ ‘ਸੁਣਾਕੇ ਚੰਗਾ ਰੰਗ ਬੰਨਿਆ। ਗੀਤਕਾਰ ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਦਾ ਗੀਤ ”ਅੱਗ ਲੱਟ ਲੱਟ ਬਲੇ ,ਰੇਤਾ ਗਰਮ ਬੜਾ ‘ਸੁਣਾਕੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਕੀਤੀ। ਲੋਕ ਕਵੀ ਕੁਲਵੰਤ ਸਿੰਘ ਜੱਸਲ ਦਾ ਗੀਤ ‘ਵੇਖ ਲਓ ਬਈ ਇਹ ਹੈ ਮੇਰਾ ਭਾਰਤ ਮਹਾਨ’ ਸੁਣਾਕੇ ਕਟਾਕਸ਼ ਕੀਤਾ ਤੇ ਚੰਗੀ ਵਾਹ ਵਾਹ ਖੱਟੀ। ਗੁਰਵਿੰਦਰ ਆਜ਼ਾਦ , ਨਿਰੰਜਨ ਸਿੰਘ ਸੈਲਾਨੀ ਅਤੇ ਸੁੱਚਾ ਸਿੰਘ ਗੰਢਾ ਦੀ ਰਚਨਾਵਾਂ ਵਧੀਆ ਸਨ। ਸੰਗਮ ਦੇ ਚੇਅਰਮੈਨ ਡਾ ਹਰਜੀਤ ਸਿੰਘ ਸੱਧਰ ਦਾ ਗੀਤ ‘ਜਿੰਦਗੀ ਨੂੰ ਰੋਗ ਲੱਗਾ ਕਦੋਂ ਜਾਊਗਾ ‘ਸੁਣਾਕੇ ਚੰਗਾ ਰੰਗ ਬੰਨਿਆ। ਮਨਜੀਤ ਕੌਰ ਅੰਬਾਲਵੀ ਦੀ ਕਵਿਤਾ ‘ਜਿੰਦਗੀ ਪੁਸਤੱਕ ਹੈ ਇਸ ਨੂੰ ਬਾਰ ਵਾਰ ਪੜ੍ਹਦਾ ਰਹੀ ‘ਅਤੇ ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਦੀ ਕਵਿਤਾ ‘ਬੋਟ ਦੀ ਆਵਾਜ਼ ‘ਸੁਣਾਕੇ ਸਮਾਜਿਕ ਕਟਾਕਸ਼ ਕੀਤਾ। ਹਰਬੰਸ ਸਿੰਘ ਅਹੂਜਾ ਦੀ ਗ਼ਜ਼ਲ ,ਬਲਦੇਵ ਸਿੰਘ ਖੁਰਾਣਾ ਦੇ ਸ਼ੇਅਰ ,ਭੀਮ ਸੈਨ ਝੂਲੇ ਲਾਲ ਦੀ ਸਰਾਇਕੀ ਕਵਿਤਾ ,ਜਮਨਾ ਪ੍ਰਕਾਸ਼ ਨਾਚੀਜ ,ਜਾਨੀ ਜੀਰਕ ਪੁਰੀਆ ,ਅਤੇ ਅੰਗਰੇਜ ਕਲੇਰ ,ਦੇਸ਼ ਰਾਜ ਨਿਰੰਕਾਰੀ ,ਸ਼ਰਤ ਚੰਦਰ ਭਾਵੂਕ ਅਤੇ ਗੁਰਮੀਤ ਅਮਨ ਨੇ ਵੀ ਆਪਣੀਆਂ ਰਚਨਾਵਾਂ ਸੁਣਾਕੇ ਚੰਗੀ ਵਾਹ ਵਾਹ ਖੱਟੀ। ਇਸ ਮੌਕੇ ਮਨਜੀਤ ਕੌਰ ਅੰਬਾਲਵੀ ਨੂੰ ਸਾਹਿਤ ਅਕਾਦਮੀ ਲੁਧਿਆਣਾ ਦੀ ਮੀਤ ਪ੍ਰਧਾਨ ਵਜੋਂ ਚੁਣੇ ਜਾਣ ਲਈ ਅਤੇ ਕਰਮ ਸਿੰਘ ਹਕੀਰ ਨੂੰ ਵਿਦੇਸ਼ ਫੇਰੀ ਕਾਰਨ ਲੋਕ ਸਾਹਿਤ ਸੰਗਮ ਨੇ ਵਿਸ਼ੇਸ਼ ਸਨਮਾਨ ਕੀਤਾ। ਬਲਦੇਵ ਸਿੰਘ ਖੁਰਾਣਾ ਨੇ ਸਟੇਜ ਦੀ ਕਾਰਵਾਈ ਬਾਖੂਬ ਚਲਾਈ।

