ਪਟਿਆਲਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ

ਪਟਿਆਲਾ 6 ਜੂਨ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਮ੍ਰਿਤਾ ਸ਼ੇਰਗਿੱਲ ਹੋਸਟਲ ਵਿਖੇ ਫੁੱਲਾਂ ਵਾਲ਼ੇ ਕਈ ਬੂਟੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਹੋਸਟਲ ਵਾਰਡਨ ਡਾ. ਰਿਚਾ ਸ਼ਰਮਾ ਦੀ ਅਗਵਾਈ ਵਿਚ ਹੋਏ ਇਸ ਪ੍ਰੋਗਰਾਮ ਵਿਚ ਯੂਨੀਵਰਸਿਟੀ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।

ਇਸ ਮੌਕੇ ਡਾ. ਘੁੰਮਣ ਵੱਲੋਂ ਰੁੱਖਾਂ ਅਤੇ ਹੋਰ ਕੁਦਰਤੀ ਸੋਮਿਆਂ ਦੀ ਅਹਿਮੀਅਤ ਬਾਰੇ ਬੋਲਦਿਆਂ ਕਿਹਾ ਗਿਆ ਕਿ ਇਹ ਸਾਡਾ ਅਸਲ ਸਰਮਾਇਆ ਹਨ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਜਿਸ ਖਿੱਤੇ ਦਾ ਨਾਮਕਰਨ ਹੀ ਪੰਜ ਦਰਿਆਵਾਂ ਦੇ ਅਧਾਰ ਤੇ ਹੋਇਆ ਹੋਵੇ, ਓਸੇ ਖਿੱਤੇ ਦੇ ਇਨ੍ਹਾਂ ਦਰਿਆਵਾਂ ਦਾ ਪਲੀਤ ਹੋਣ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੁਦਰਤੀ ਸੋਮਿਆਂ ਦੀ ਵਰਤੋਂ ਸੰਬੰਧੀ ਬੇਹੱਦ ਸੰਜਮੀ ਰਵਈਆ ਅਖਤਿਆਰ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਨ੍ਹਾਂ ਸੋਮਿਆਂ ਤੋਂ ਵਾਂਝੀਆਂ ਨਾ ਰਹਿਣ। ਪੌਦੇ ਲਾਉਣ ਦੀ ਰਸਮ ਸਮੇਂ ਉਨ੍ਹਾਂ ਵੱਲੋਂ ਸਮੂਹ ਬੱਚਿਆਂ ਅਤੇ ਸਟਾਫ ਤੋਂ ਵਿਸ਼ੇਸ ਰੂਪ ਵਿਚ ਵਾਅਦਾ ਲਿਆ ਗਿਆ ਕਿ ਇਸ ਮੌਕੇ ਲਗਾਏ ਗਏ ਸਾਰੇ ਪੌਦੇ ਯਕੀਨੀ ਤੌਰ ਤੇ ਵਧਣੇ ਫੁੱਲਣੇ ਚਾਹੀਦੇ ਹਨ, ਇਸ ਦਿਨ ਦੀ ਸਾਰਥਿਕਤਾ ਇਸੇ ਗੱਲ ਵਿਚ ਹੈ। ਆਪਣੀ ਨਿੱਜੀ ਜ਼ਿੰਦਗੀ ਦਾ ਇਕ ਪ੍ਰੇਰਣਾਤਮਕ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ 1981 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਆਪਣੇ ਕੈਰੀਅਰ ਦੀ ਸ਼ੁਰੂਆਤ ਸਮੇਂ ਇਕ ਰੁੱਖ ਲਗਾਇਆ ਗਿਆ ਸੀ, ਜੋ ਕਿ ਅੱਜ ਉਨ੍ਹਾਂ ਦੀ ਪਛਾਣ ਬਣ ਚੁੱਕਿਆ ਹੈ। ਇਸ ਮੌਕੇ ਹਾਜਰ ਡੀਨ ਵਿਦਿਆਰਥੀ ਭਲਾਈ ਡਾ. ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਸਾਨੂੰ ਵਾਤਾਵਰਣ ਸੰਤੁਲਨ ਨੂੰ ਕਾਇਮ ਰੱਖਣ ਲਈ ਆਪਣੇ ਅੰਦਰ ਛੋਟੀਆਂ ਛੋਟੀਆਂ ਸਾਰਥਿਕ ਆਦਤਾਂ ਦਾ ਵਿਕਾਸ ਕਰਨਾ ਚਾਹੀਦਾ ਹੈ। ਇਸ ਮੌਕੇ ਸ੍ਰੀਮਤੀ ਸਲਿੰਦਰ ਕੌਰ, ਸੀਨੀਅਰ ਵਾਰਡਨ, ਸਟਾਫ ਮੈਂਬਰ ਅਤੇ ਵਿਦਿਆਰਥਣਾਂ ਮੌਜੂਦ ਸਨ

Leave a Reply

Your email address will not be published. Required fields are marked *