ਪੰਜਾਬਪਟਿਆਲਾ

ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫ. ਜਨਰਲ ਸ਼ੇਰਗਿੱਲ ਨਾਭਾ ਪੁੱਜੇ

ਬਿਹਤਰ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਲਈ ਖੁਸ਼ਹਾਲੀ ਦੇ ਰਾਖੇ ਅਹਿਮ ਭੂਮਿਕਾ ਨਿਭਾਉਣ- ਸ਼ੇਰਗਿੱਲ
ਨਾਭਾ ਤਹਿਸੀਲ ਦੇ 57 ਪਿੰਡਾਂ ‘ਚ ਤਾਇਨਾਤ ਖੁਸ਼ਹਾਲੀ ਦੇ ਰਾਖਿਆਂ ਨਾਲ ਕੀਤੀ ਮੀਟਿੰਗ
ਖੁਸ਼ਹਾਲੀ ਦੇ ਰਾਖਿਆਂ ਸਦਕਾ ਭਲਾਈ ਸਕੀਮਾਂ ਦਾ ਲਾਭ ਅਸਲ ਲਾਭਪਾਤਰੀਆਂ ਤੱਕ ਪੁੱਜਣ ਲੱਗਾ-ਧਰਮਸੋਤ
ਨਾਭਾ, 18 ਜੂਨ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਅਤੇ ਪੰਜਾਬ ਸਰਕਾਰ ਦੀ ਫਲੈਗਸ਼ਿਪ ਸਕੀਮ ‘ਗਾਰਡੀਅਨਜ ਆਫ਼ ਗਵਰਨੈਂਸ’ ਦੇ ਸੀਨੀਅਰ ਵਾਇਸ ਚੇਅਰਮੈਨ ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ. ਸ਼ੇਰਗਿੱਲ, ਪੀ.ਵੀ.ਐਸ.ਐਮ., ਅੱਜ ਨਾਭਾ ਤਹਿਸੀਲ ਦੇ 57 ਪਿੰਡਾਂ ‘ਚ ਤਾਇਨਾਤ ਖੁਸ਼ਹਾਲੀ ਦੇ ਰਾਖਿਆਂ ਨਾਲ ਮੀਟਿੰਗ ਕਰਨ ਲਈ ਨਾਭਾ ਵਿਖੇ ਪੁੱਜੇ।

ਇਸ ਸਕੀਮ ਨੂੰ ਸ਼ੁਰੂ ਕਰਨ ਪਿੱਛੇ ਮੁੱਖ ਮੰਤਰੀ ਦੀ ਸੋਚ ਤੋਂ ਜਾਣੂ ਕਰਵਾਉਂਦਿਆਂ ਸ੍ਰੀ ਸ਼ੇਰਗਿੱਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਲੋਕਾਂ ਦੇ ਮਨਾਂ ਅੰਦਰ ਇਮਾਨਦਾਰੀ ਅਤੇ ਜਿੰਮੇਦਾਰੀ ਦੀ ਭਾਵਨਾ ਪੈਦਾ ਕਰਨਾ ਚਾਹੁੰਦੇ ਹਨ, ਤਾਂ ਜੋ ਪੰਜਾਬ ਨੂੰ ਮੁੜ ਤੋਂ ਇੱਕ ਨੰਬਰ ਦਾ ਸੂਬਾ ਬਣਾਇਆ ਜਾ ਸਕੇ। ਇਸ ਤੋਂ ਬਿਨ੍ਹਾਂ ਪੰਜਾਬ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਬਿਹਤਰ ਪ੍ਰਸ਼ਾਸ਼ਨ ਦੇ ਨਾਲ-ਨਾਲ ਲੋਕ ਭਲਾਈ ਸਕੀਮਾਂ ਦਾ ਲਾਭ ਅਸਲ ਲਾਭਪਾਤਰੀਆਂ ਤੱਕ ਯਕੀਨੀ ਤੌਰ ‘ਤੇ ਦਿਵਾਉਣ ਲਈ ਇਨ੍ਹਾਂ ਖੁਸ਼ਹਾਲੀ ਦੇ ਰਾਖਿਆਂ ਦੀ ਭੂਮਿਕਾ ਨੂੰ ਅਹਿਮ ਬਣਾਇਆ ਗਿਆ ਹੈ।
ਇਸੇ ਦੌਰਾਨ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਵੀ ਪੁੱਜੇ ਅਤੇ ਖੁਸ਼ਹਾਲੀ ਦੇ ਰਾਖੇ ਸਕੀਮ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਨੂੰ ਪ੍ਰਸ਼ਾਸਨ ਅਤੇ ਸਰਕਾਰ ਚਲਾਉਣ ਲਈ ਅਹਿਮ ਦੱਸਿਆ। ਸ. ਧਰਮਸੋਤ ਨੇ ਕਿਹਾ ਕਿ ਇਸ ਸਕੀਮ ਦੇ ਆਉਣ ਨਾਲ ਨਾ ਸਿਰਫ ਭਲਾਈ ਸਕੀਮਾਂ ਸਹੀ ਤਰੀਕੇ ਨਾਲ ਲਾਗੂ ਹੋ ਰਹੀਆਂ ਹਨ ਸਗੋਂ ਇਨ੍ਹਾਂ ਦਾ ਲਾਭ ਵੀ ਸਹੀ ਜ਼ਰੂਰਤ ਮੰਦ ਲੋਕਾਂ ਤੱਕ ਪਹੁੰਚਣਾ ਯਕੀਨੀ ਬਣਾਇਆ ਜਾ ਰਿਹਾ ਹੈ।
ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ. ਸ਼ੇਰਗਿੱਲ ਨੇ ਦੱਸਿਆ ਕਿ ਹੁਣ ਤੱਕ ਪਟਿਆਲਾ ਜ਼ਿਲ੍ਹੇ ਦੇ 151 ਪਿੰਡਾਂ ‘ਚ ਖੁਸ਼ਹਾਲੀ ਦੇ ਰਾਖੇ ਤਾਇਨਾਤ ਹੋ ਚੁੱਕੇ ਹਨ ਅਤੇ ਬਾਕੀ ਪਿੰਡਾਂ ‘ਚ ਇਨ੍ਹਾਂ ਦੀ ਤਾਇਨਾਤੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ‘ਖੁਸ਼ਹਾਲੀ ਦੇ ਰਾਖੇ’ ਸਰਕਾਰ ਦੀਆਂ 20 ਦੇ ਕਰੀਬ ਲੋਕ ਭਲਾਈ ਸਕੀਮਾਂ ‘ਤੇ ਬਰੀਕੀ ਨਾਲ ਨਜ਼ਰ ਰੱਖਦੇ ਹਨ ਤੇ ਇਸ ਦੀ ਹਾਂ ਪੱਖੀ ਜਾਂ ਕਮੀਆਂ ਪੇਸ਼ੀਆਂ ਦੀ ਸੁਤੰਤਰ ਰਿਪੋਰਟ ਇੱਕ ਐਪ ਜਰੀਏ ਮੁੱਖ ਮੰਤਰੀ ਦਫ਼ਤਰ ‘ਚ 24 ਘੰਟੇ ਕਾਰਜਸ਼ੀਲ ਕੰਟਰੋਲ ਰੂਮ ਤੱਕ ਪਹੁੰਚਾਉਂਦੇ ਹਨ। ਇਸ ਦੀ ਮੋਨੀਟਰਿੰਗ ਮੁੱਖ ਮੰਤਰੀ ਖ਼ੁਦ ਅਤੇ ਉਹ ਕਰਦੇ ਹਨ, ਜਿਸ ਦੀ ਸੂਚਨਾ ਸਬੰਧਤ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਵੀ ਮਿਲਦੀ ਹੈ, ਜਿਸ ਨਾਲ ਇਸ ਸਕੀਮ ਦਾ ਆਮ ਲੋਕਾਂ ਨੂੰ ਬਹੁਤ ਲਾਭ ਮਿਲਣ ਦੇ ਨਾਲ-ਨਾਲ ਸਰਕਾਰ ਤੱਕ ਜਮੀਨੀ ਪੱਧਰ ਦੀ ਫੀਡਬੈਕ ਵੀ ਪੁੱਜ ਰਹੀ ਹੈ।
ਜਨਰਲ ਸ਼ੇਰਗਿੱਲ ਨੇ ਖੁਸ਼ਹਾਲੀ ਦੇ ਰਾਖਿਆਂ ਨੂੰ ਪ੍ਰੇਰਿਤ ਕੀਤਾ ਕਿ ਉਨ੍ਹਾਂ ਲਈ ਜਿਵੇਂ ਫ਼ੌਜ ‘ਚ ਨੌਕਰੀ ਦੌਰਾਨ ਦੇਸ਼ ਦੀ ਸੇਵਾ ਨੂੰ ਪਹਿਲ ਦੇਣ ਦੀ ਕਸਮ ਖਾਧੀ ਸੀ, ਉਸੇ ਤਰ੍ਹਾਂ ਉਹ ਹੁਣ ਸੇਵਾਮੁਕਤੀ ਮਗਰੋਂ ਸਟੀਕ ਤੇ ਤੱਥਪੂਰਨ ਸੂਚਨਾ ਮੁਹੱਈਆ ਕਰਵਾ ਕੇ ਆਮ ਲੋਕਾਂ ਨੂੰ ਪ੍ਰਸ਼ਾਸਨਿਕ ਖੱਜਲ ਖੁਆਰੀ ਤੋਂ ਬਚਾਉਣ ਅਤੇ ਸਰਕਾਰੀ ਸਕੀਮਾਂ ਲੋਕਾਂ ਤੱਕ ਪਹੁੰਚਾਉਣ ‘ਚ ਆਪਣਾ ਯੋਗਦਾਨ ਪਾਉਣ, ਇਸ ‘ਤੇ ਹਾਜ਼ਰ ਖੁਸ਼ਹਾਲੀ ਦੇ ਰਾਖਿਆਂ ਨੇ ਇੱਕ ਅਵਾਜ ‘ਚ ਜੋਸ਼ ਤੇ ਜ਼ਜਬੇ ਨਾਲ ਹਾਂ ਪੱਖੀ ਹੁੰਗਾਰਾ ਦਿੱਤਾ।
ਇਸ ਸਮੇਂ ਸਕੀਮ ਦੇ ਜ਼ਿਲ੍ਹਾ ਮੁਖੀ ਮੁਖੀ ਬ੍ਰਿਗੇਡੀਅਰ ਡੀ.ਐਸ. ਗਰੇਵਾਲ ਨੇ ਵੀ ਸੰਬੋਧਨ ਕੀਤਾ। ਜਦੋਂਕਿ ਐਸ.ਡੀ.ਐਮ. ਨਾਭਾ ਜਸ਼ਨਪ੍ਰੀਤ ਕੌਰ, ਨੇ ਪ੍ਰਸ਼ਾਸਨ ਵੱਲੋਂ ਵਿਸ਼ਵਾਸ਼ ਦੁਆਇਆ ਕਿ ਖੁਸ਼ਹਾਲੀ ਦੇ ਰਾਖਿਆਂ ਵੱਲੋਂ ਜਿਹੜੀ ਵੀ ਸੂਚਨਾ ਉਨ੍ਹਾਂ ਕੋਲ ਆਵੇਗੀ, ਉਸ ‘ਤੇ ਪੂਰੀ ਇਮਾਨਦਾਰੀ ਨਾਲ ਤੁਰੰਤ ਕਾਰਵਾਈ ਕਰਕੇ ਨਿਪਟਾਰਾ ਕੀਤਾ ਜਾਵੇਗਾ। ਮੀਟਿੰਗ ‘ਚ ਕਰਨਲ ਐਨ.ਐਸ. ਸਿੱਧੂ, ਤਹਿਸੀਲ ਨਾਭਾ ਮੁਖੀ ਕਰਨਲ ਜੇ.ਬੀ. ਸਿੰਘ, ਡੀ.ਐਸ.ਪੀ. ਨਾਭਾ ਸ. ਚੰਦ ਸਿੰਘ, ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਨੁਮਾਇੰਦੇ ਅਤੇ ਹੋਰ ਵਿÎਭਾਗਾਂ ਦੇ ਅਧਿਕਾਰੀਆਂ ਸਮੇਤ ਸਰਪੰਚ, ਨੰਬਰਦਾਰ ਤੇ ਹੋਰ ਪਤਵੰਤੇ ਵੀ ਹਾਜਰ ਸਨ।

Leave a Reply

Your email address will not be published. Required fields are marked *