ਪਟਿਆਲਾ ‘ਚ ਮੱਛੀ ਪਾਲਣ ਅਧੀਨ 41.5 ਏਕੜ ਰਕਬਾ ਵਧਿਆ
ਨਵੇਂ ਮੱਛੀ ਪਾਲਣ ਫਾਰਮਾਂ ਨੂੰ 4.15 ਲੱਖ ਪੂੰਗ ਮੁਹੱਈਆ ਕਰਵਾਇਆ
ਮੱਛੀ ਪਾਲਕਾਂ ਨੂੰ ਪੰਜ ਦਿਨਾਂ ਸਿਖਲਾਈ ਤੇ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿਵਾਉਂਦੀ ਹੈ ਪੰਜਾਬ ਸਰਕਾਰ -ਡਿਪਟੀ ਕਮਿਸ਼ਨਰ
ਪਟਿਆਲਾ, 25 ਜੂਨ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਪਟਿਆਲਾ ‘ਚ ਕਿਸਾਨ ਰਵਾਇਤੀ ਕਣਕ-ਝੋਨੇ ਦੀ ਖੇਤੀ ਦੇ ਨਾਲ-ਨਾਲ ਮੱਛੀ ਪਾਲਣ ਕਿੱਤੇ ਵੱਲ ਰੁਚਿਤ ਹੋ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਥੇ ਮਿਆਰੀ ਫ਼ਸਲਾਂ, ਫਲ਼ਾਂ, ਸਬਜ਼ੀਆਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ, ਉਥੇ ਹੀ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਸਥਾਨਕ ਪੱਧਰ ‘ਤੇ ਮੱਛੀ ਉਤਪਾਦਨ ਵਿੱਚ ਵਾਧਾ ਕਰਕੇ ਉਚ ਮਿਆਰ ਦੀ ਮੱਛੀ ਉਪਲਬਧ ਕਰਵਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਜ਼ਿਲ੍ਹੇ ਅੰਦਰ ਮੱਛੀ ਪਾਲਣ ਹੇਠ 41.5 ਏਕੜ ਰਕਬੇ ਦਾ ਵਾਧਾ ਚਾਲੂ ਮਾਲੀ ਸਾਲ ‘ਚ ਹੀ ਹੋਇਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 30 ਮਈ ਤੱਕ ਦੇ ਪਹਿਲੇ ਦੋ ਮਹੀਨਿਆਂ ਦੌਰਾਨ ਹੋਏ ਇਸ ਵਾਧੇ ‘ਚ ਅਪ੍ਰੈਲ ਮਹੀਨੇ ਦੇ 13 ਏਕੜ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬੀਤੇ ਇੱਕ ਸਾਲ ‘ਚ ਮੱਛੀ ਪਾਲਣ ਅਧੀਨ ਲਗਪਗ 350 ਏਕੜ ਖੇਤਰਫ਼ਲ ਦਾ ਵਾਧਾ ਦਰਜ ਕੀਤਾ ਜਾ ਚੁੱਕਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 41.5 ਏਕੜ ‘ਚ ਬਣੇ ਨਵੇਂ ਪੱਛੀ ਪਾਲਣ ਫਾਰਮਾਂ ਨੂੰ ਨਾਭਾ ਦੇ ਸਰਕਾਰੀ ਫ਼ਾਰਮ ਤੋਂ 4.15 ਲੱਖ ਪੂੰਗ ਦਿੱਤਾ ਗਿਆ ਹੈ। ਜਦੋਂਕਿ ਹੋਰ ਫ਼ਾਰਮਾਂ ਲਈ ਮਈ ਮਹੀਨੇ ‘ਚ 9.36 ਲੱਖ ਪੂੰਗ ਮੁਹੱਈਆ ਕਰਵਾਇਆ ਗਿਆ ਹੈ। ਚਾਲੂ ਸੀਜਨ ‘ਚ ਹੁਣ ਤੱਕ 30 ਲੱਖ ਪੂੰਗ ਦਿੱਤਾ ਜਾ ਚੁੱਕਾ ਹੈ। ਅਜਿਹੇ ‘ਚ ਜ਼ਿਲ੍ਹੇ ਅੰਦਰ ਆਉਣ ਵਾਲੇ ਸੀਜਨ ਦੌਰਾਨ ਮੱਛੀ ਪਾਲਣ ਦਾ ਉਤਪਾਦਨ ਕਾਫ਼ੀ ਵਧਣ ਦੀ ਸੰਭਾਵਨਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਸਰਕਾਰ ਦੇ ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਕਾਂ ਨੂੰ ਪੰਜ ਦਿਨਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ, ਜਿਥੇ ਤਕਨੀਕੀ ਜਾਣਕਾਰੀ ਦੇ ਨਾਲ-ਨਾਲ ਮਾਰਕੀਟਿੰਗ ਤੱਕ ਹਰ ਤਰ੍ਹਾਂ ਕਿਸਾਨਾਂ ਨੂੰ ਇਸ ਸਹਾਇਕ ਕਿੱਤੇ ਲਈ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮੱਛੀ ਪਾਲਣ ਧੰਦਾ ਸ਼ੁਰੂ ਕਰਨ ਵਾਲੇ ਕਿਸਾਨ ਨੂੰ 10 ਲੱਖ ਰੁਪਏ ਤੱਕ ਕਰਜ਼ਾ, ਸਸਤੀਆਂ ਵਿਆਜ ਦਰਾਂ ‘ਤੇ ਦਿਵਾਉਣ ਦੇ ਪ੍ਰਬੰਧ ਵੀ ਸਰਕਾਰ ਵੱਲੋਂ ਕੀਤੇ ਜਾਂਦੇ ਹਨ।
ਇਸੇ ਦੌਰਾਨ ਮੱਛੀ ਪਾਲਣ ਵਿਭਾਗ ਦੇ ਪਟਿਆਲਾ ਸਥਿਤ ਦਫ਼ਤਰ ਦੇ ਸਹਾਇਕ ਡਾਇਰੈਕਟਰ ਸ. ਅਮਰਜੀਤ ਸਿੰਘ ਬੱਲ ਨੇ ਦੱਸਿਆ ਕਿ ਮੌਜੂਦਾ ਸੀਜਨ ‘ਚ 37 ਕਿਸਾਨਾਂ ਨੂੰ 5 ਦਿਨਾਂ ਸਿਖਲਾਈ ਦਿਵਾਈ ਗਈ ਹੈ। ਜ਼ਿਲ੍ਹੇ ਅੰਦਰ ਹੁਣ ਤੱਕ 625 ਕਿਸਾਨ ਸਿੱਧੇ ਤੌਰ ‘ਤੇ ਇਸ ਕਿੱਤੇ ਨਾਲ ਜੁੜੇ ਹੋਏ ਹਨ ਅਤੇ 2500 ਏਕੜ ਰਕਬੇ ‘ਚ ਮੱਛੀ ਪਾਲਣ ਕੀਤਾ ਜਾ ਰਿਹਾ ਹੈ। ਸ. ਬੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ 86 ਕਿਸਾਨਾਂ ਦਾ ਮੁਫ਼ਤ ਬੀਮਾ ਵੀ ਕਰਵਾਇਆ ਗਿਆ ਹੈ।

