ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਤੇ ਗ਼ੈਰ ਕਾਨੂੰਨੀ ਵਪਾਰ ਦਿਵਸ ਮੌਕੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਵਿਖੇ ਸੈਮੀਨਾਰ
ਜੇਲਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਸ਼ਿਆਂ ਖ਼ਿਲਾਫ਼ ਜੰਗ ਲੜਨ ਲਈ ਸੌਂਹ ਚੁਕਾਈ
ਪਟਿਆਲਾ 27 ਜੂਨ (ਮਧੂਸਾਰ ਬਿਊਰੋ) ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਅਤੇ ਗੈਰ ਕਾਨੂੰਨੀ ਵਪਾਰ ਦਿਵਸ ਮੌਕੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਸਮੇਤ ਹਿਮਾਚਲ ਰਾਜ ਦੀਆਂ ਜੇਲ੍ਹਾਂ ਦੇ ਅਫ਼ਸਰਾਂ ਅਤੇ ਮੁਲਾਜਮਾਂ ਨੇ ਹਿੱਸਾ ਲਿਆ।
ਸੈਮੀਨਾਰ ‘ਚ ਰਜਿੰਦਰਾ ਹਸਪਤਾਲ ਦੇ ਮਨੋਰੋਗ ਵਿਭਾਗ ਦੇ ਮੁਖੀ ਅਤੇ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਡਾ. ਬੀ.ਐਸ. ਸਿੱਧੂ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨ ਅਤੇ ਨਸ਼ਿਆਂ ਦੀ ਰੋਕਥਾਮ ਅਤੇ ਨਸ਼ੇੜੀਆਂ ਦੀ ਪਹਿਚਾਣ ਬਾਰੇ ਜਾਣਕਾਰੀ ਦਿੱਤੀ। ਡਾ. ਸਿੱਧੂ ਨੇ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਸ਼ੇੜੀਆਂ ਦਾ ਨਸ਼ਾ ਛੁਡਾਉਣ ਲਈ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਭਾਈ ਘਨੱਈਆ ਇੰਸਟੀਚਿਊਟ ਆਫ ਪੈਰਾ ਮੈਡੀਕਲ ਦੇ ਪ੍ਰਿੰਸੀਪਲ ਸ਼੍ਰੀ ਨੀਰਜ ਭਾਰਦਵਾਜ ਅਤੇ ਸਮਾਜ ਸੇਵਕ ਸ਼੍ਰੀ ਕਾਕਾ ਰਾਮ ਵਰਮਾ ਸਮੇਤ ਉਘੇ ਰੰਗ ਕਰਮੀ ਨਾਟਕਕਾਰ ਸ਼੍ਰੀ ਪ੍ਰਾਣ ਸਭਰਵਾਲ ਨੇ ਵੀ ਉਚੇਚੇ ਤੌਰ ਤੇ ਭਾਗ ਲਿਆ ਅਤੇ ਨਸ਼ਿਆਂ ਕਾਰਨ ਹੋ ਰਹੇ ਆਰਥਿਕ ਅਤੇ ਸਮਾਜਿਕ ਨੁਕਸਾਨ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ।
ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਦੇ ਵਾਇਸ ਪ੍ਰਿੰਸੀਪਲ ਸ਼੍ਰੀ ਰਾਕੇਸ਼ ਕੁਮਾਰ ਸ਼ਰਮਾ ਨਸ਼ਿਆਂ ਦੀ ਆਮਦ ਕਰਕੇ ਬਰਬਾਦੀ ਵਾਲੇ ਮਾਹੌਲ ਬਣ ਚੁੱਕੇ ਘਰਾਂ ਦਾ ਜਿਕਰ ਕਰਦਿਆਂ ਹੁਣ ਤੱਕ ਨਸ਼ਿਆਂ ਨਾਲ ਆਪਣੀ ਜਾਨ ਗਵਾ ਚੁੱਕੇ ਨੌਜਵਾਨਾਂ ਦੀ ਹੋਣੀ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਇਖਲਾਕੀ ਫ਼ਰਜ਼ ਬਣਦਾ ਹੈ ਕਿ ਅਸੀਂ ਨਸ਼ਿਆਂ ਦੀ ਰੋਕਥਾਮ ਲਈ ਅੱਗੇ ਆਈਏ ਅਤੇ ਸਰਕਾਰ ਦੇ ਨਸ਼ਿਆਂ ਵਿਰੋਧੀ ਲਹਿਰ ਵਿੱਚ ਹੱਥ ਵੰਡਾਈਏ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਨਸ਼ੇ ਦੀ ਆਮਦ ਨਾਲ ਘਰ ਦੀ ਸ਼ਾਮਤ ਆ ਜਾਂਦੀ ਹੈ।
ਇਸ ਮੌਕੇ ਸਹਾਇਕ ਸੁਪਰਡੈਂਟ ਸ਼੍ਰੀ ਮੁਕੇਸ਼ ਕੁਮਾਰ ਸ਼ਰਮਾ ਅਤੇ ਚੀਫ਼ ਡਰਿੱਲ ਇੰਸਟ੍ਰੱਕਟਰ ਸ਼੍ਰੀ ਇਕਬਾਲ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਨਸ਼ਿਆਂ ਨਾਲ ਹੋਣ ਵਾਲੇ ਖੋਖਲੇਪਨ ਬਾਰੇ ਦੱਸਿਆ। ਇਸ ਦੌਰਾਨ ਡਰਿੱਲ ਇੰਸਟ੍ਰੱਕਟਰ ਸ਼੍ਰੀ ਹਰਪਾਲ ਸਿੰਘ, ਸ਼੍ਰੀ ਮਨਜੀਤ ਸਿੰਘ ਤੇ ਸ਼੍ਰੀ ਜਸਵੀਰ ਚੰਦ ਵੀ ਹਾਜਰ ਰਹੇ। ਅਖੀਰ ਵਿੱਚ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਸ਼ਿਆਂ ਖ਼ਿਲਾਫ਼ ਜੰਗ ਲੜਨ ਲਈ ਸੌਂਹ ਚੁਕਾਈ ਗਈ।

