ਨਸ਼ਿਆਂ ਦੇ ਤਾਂਡਵ ਵਿਰੁੱਧ 2 ਜੁਲਾਈ ਨੂੰ ਮੁੱਖ ਮੰਤਰੀ ਨਿਵਾਸ ਅੱਗੇ ਰੋਸ ਮਾਰਚ ਅਤੇ ਧਰਨਾ ਲਾਵੇਗੀ ‘ਆਪ’ ਲੀਡਰਸ਼ਿਪ
ਭਗਵੰਤ ਮਾਨ, ਖਹਿਰਾ ਤੇ ਡਾ. ਬਲਬੀਰ ਕਰਨਗੇ ਅਹੁਦੇਦਾਰਾਂ ਤੇ ਵਿਧਾਇਕਾਂ ਦੀ ਅਗਵਾਈ
30 ਜੂਨ ਤਰਨਤਾਰਨ ਦੇ ਐਸ.ਐਸ.ਪੀ ਦਾ ਘਿਰਾਓ ਕਰੇਗਾ ਯੂਥ ਵਿੰਗ
ਚੰਡੀਗੜ੍ਹ, 28 ਜੂਨ (ਮਧੂਸਾਰ ਬਿਊਰੋ) ਪੰਜਾਬ ਦੀ ਜਵਾਨੀ ਲਈ ਜਾਨਲੇਵਾ ਸਾਬਤ ਹੋ ਰਹੇ ਨਸ਼ਿਆਂ ਦੇ ਤਾਂਡਵ ਨਾਚ ਵਿਰੁੱਧ ਸੜਕਾਂ ‘ਤੇ ਆਉਂਦਿਆਂ ਆਮ ਆਦਮੀ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਜਿੱਥੇ 2 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਵੱਲ ਰੋਸ ਮਾਰਚ ਅਤੇ ਧਰਨਾ ਦੇਵੇਗੀ, ਉੱਥੇ ਪਾਰਟੀ ਦਾ ਯੂਥ ਵਿੰਗ ਸ਼ਨੀਵਾਰ 30 ਜੂਨ ਨੂੰ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਜ਼ਿਲ੍ਹਾ ਪੁਲਸ ਮੁਖੀ (ਐਸ.ਐਸ.ਪੀ) ਦਾ ਘਿਰਾਓ ਕਰੇਗੀ।
‘ਆਪ’ ਦੇ ਸਟੇਟ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਇਹ ਪ੍ਰੋਗਰਾਮ ਐਲਾਨਿਆ ਗਿਆ ਹੈ। ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਦੱਸਿਆ ਕਿ 2 ਜੁਲਾਈ 2018 ਨੂੰ ਰਾਜਧਾਨੀ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਨਿਵਾਸ ਵੱਲ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਫ਼ਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਸਾਰੇ ਜ਼ੋਨ ਪ੍ਰਧਾਨ, ਸਾਰੇ ਵਿਧਾਇਕ, ਪਾਰਟੀ ਦੇ ਪ੍ਰਮੁੱਖ ਆਗੂ ਅਤੇ ਅਹੁਦੇਦਾਰ ਕਾਲੀਆਂ ਪੱਟੀਆਂ ਬੰਨ੍ਹ ਕੇ ਮੁੱਖ ਮੰਤਰੀ ਨਿਵਾਸ ਵੱਲ ਰੋਸ ਮਾਰਚ ਕਰਨਗੇ, ਤਾਂ ਮੁੱਖ ਮੰਤਰੀ ਦੇ ਨਾਲ-ਨਾਲ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਲੈਣ ਦੇ ਬਾਵਜੂਦ ਨਸ਼ਿਆਂ ਦੇ ਦਰਿਆ ‘ਚ ਰੋਜ਼ ਡੁੱਬ ਰਹੇ ਨੌਜਵਾਨਾਂ ਤੋਂ ਬੇਖ਼ਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਫ਼ਰਜ਼ ਪ੍ਰਤੀ ਜਗਾਇਆ ਜਾ ਸਕੇ।
ਇਸ ਦੇ ਨਾਲ ਹੀ ਆਪ ਯੂਥ ਵਿੰਗ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਾਰਟੀ ਦਾ ਯੂਥ ਵਿੰਗ ਆਗਾਮੀ 30 ਜੂਨ (ਸ਼ਨੀਵਾਰ) ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਸਭ ਤੋਂ ਵੱਧ ਪੀੜਤ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਐਸ.ਐਸ.ਪੀ ਦੇ ਦਫ਼ਤਰ ਦਾ ਸਵੇਰੇ 10 ਵਜੇ ਘਿਰਾਓ ਕੀਤਾ ਜਾਵੇਗਾ।
ਮਨਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲਾਂ ਇਹ ਘਿਰਾਓ 2 ਜੁਲਾਈ ਨੂੰ ਤੈਅ ਹੋਇਆ ਸੀ ਪਰ ਜਿਸ ਤਰ੍ਹਾਂ ਹਰ ਰੋਜ਼ ਮਾਵਾਂ ਦੇ ਪੁੱਤ ਤੇ ਭੈਣਾਂ ਦੇ ਨੌਜਵਾਨ ਭਰਾ ਨਸ਼ਿਆਂ ਕਾਰਨ ਮੌਤ ਸਹੇੜ ਰਹੇ ਹਨ, ਪਾਰਟੀ ਦਾ ਯੂਥ ਵਿੰਗ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਘੇਰਨ ਦੇ ਪ੍ਰੋਗਰਾਮ ‘ਚ ਹੋਰ ਦੇਰੀ ਨਹੀਂ ਕਰ ਸਕਦਾ, ਇਸ ਲਈ ਇਹ ਪ੍ਰੋਗਰਾਮ 2 ਜੁਲਾਈ ਦੀ ਥਾਂ ਹੁਣ 30 ਜੂਨ ਨੂੰ ਕੀਤਾ ਜਾ ਰਿਹਾ ਹੈ। ਮਨਜਿੰਦਰ ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਨਸ਼ਿਆਂ ਕਾਰਨ ਮੱਚੇ ਕੋਹਰਾਮ ਨੂੰ ਰੋਕਣ ਲਈ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਜ਼ਿਲ੍ਹਾ ਪੁਲਸ ਮੁਖੀਆਂ ਦੀ ਸਿੱਧੀ ਜ਼ਿੰਮੇਵਾਰੀ ਬਣਦੀ ਹੈ। ਜਿਸ ਕਾਰਨ ਜਿੱਥੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ 2 ਜੁਲਾਈ ਨੂੰ ਮੁੱਖ ਮੰਤਰੀ ਨੂੰ ਜਗਾਉਣ ਲਈ ਚੰਡੀਗੜ੍ਹ ‘ਚ ਰੋਸ ਮਾਰਚ ਅਤੇ ਧਰਨਾ ਦੇ ਰਹੀ ਹੈ। ਉੱਥੇ ਯੂਥ ਵਿੰਗ ਤਰਨਤਾਰਨ ਦੇ ਜ਼ਿਲ੍ਹਾ ਪੁਲਸ ਮੁਖੀ ਨੂੰ ਫ਼ਰਜ਼ ਯਾਦ ਕਰਾਏਗਾ।

