ਸਵਿਸ ਬੈਂਕਾਂ ‘ਚ ਭਾਰਤੀਆਂ ਦਾ ਧਨ 50 ਫੀਸਦੀ ਵਧਿਆ
ਨਵੀਂ ਦਿੱਲੀ 28 ਜੂਨ (ਮਧੂਸਾਰ ਬਿਊਰੋ) ਕਾਲੇਧਨ ਵਿਚ ਕਮੀ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਲਈ ਸਵਿਸ ਨੈਸ਼ਨਲ ਬੈਂਕ (ਐੱਸ.ਐੱਨ.ਬੀ.) ਵਲੋਂ ਜਾਰੀ ਰਿਪੋਰਟ ਵੱਡੇ ਝਟਕੇ ਦੀ ਤਰ੍ਹਾਂ ਹੈ। ਇਸ ਦੇ ਮੁਤਾਬਕ, ਸਵਿਸ ਬੈਂਕਾਂ ਵਿਚ ਭਾਰਤੀਆਂ ਦਾ ਧਨ 50 ਫੀਸਦੀ ਵੱਧ ਕੇ ਲਗਭਗ 7000 ਕਰੋੜ ਰੁਪਏ ਹੋ ਗਿਆ ਹੈ।
ਭਾਰਤੀਆਂ ਵਲੋਂ ਸਵਿਸ ਬੈਂਕ ਖਾਤਿਆਂ ਵਿਚ ਸਿੱਧੇ ਤੌਰ ‘ਤੇ ਰੱਖਿਆ ਗਿਆ ਧਨ ਵੱਧ ਕੇ 99.9 ਕਰੋੜ ਸਵਿਸ ਫ੍ਰੈਂਕ (ਲਗਭਗ 6,900 ਕਰੋੜ ਰੁਪਏ) ਅਤੇ ਦੂਜਿਆਂ ਦੇ ਰਾਹੀ ਜਮ੍ਹਾ ਕਰਵਾਇਆ ਗਿਆ ਧਨ ਵੀ ਵੱਧ ਕੇ 1.6 ਸਵਿਸ ਫ੍ਰੈਂਕ (ਲਗਭਗ 110 ਕਰੋੜ ਰੁਪਏ) ਹੋ ਗਿਆ ਹੈ। ਅੰਕੜਿਆਂ ਅਨੁਸਾਰ ਸਵਿਟਜ਼ਰਲੈਂਡ ਦੇ ਬੈਂਕ ਖਾਤਿਆਂ ‘ਚ ਵਿਦੇਸ਼ੀ ਗਾਹਕਾਂ ਦਾ ਕੁਲ ਧਨ 1460 ਅਰਬ ਸਵਿਸ ਫ੍ਰੈਂਕ (ਲਗਭਗ 100 ਲੱਖ ਕਰੋੜ ਰੁਪਏ) ਤੋਂ ਵੱਧ ਹੈ।
ਕਾਲੇ ਧਨ ਖਿਲਾਫ ਮੁਹਿੰਮ ਦੇ ਬਾਵਜੂਦ ਸਵਿਸ ਬੈਂਕਾਂ ਵਿਚ ਭਾਰਤੀਆਂ ਦੇ ਧਨ ‘ਚ ਹੋਏ ਵਾਧਾ ਹੈਰਾਨ ਕਰਨ ਵਾਲੀ ਗੱਲ ਹੈ। ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਭਾਰਤੀ ਆਪਣਾ ਕਾਲਾ ਧਨ ਰੱਖਦੇ ਹਨ, ਕਿਉਂਕਿ ਇਨ੍ਹਾਂ ਬੈਂਕਾਂ ‘ਚ ਗਾਹਕਾਂ ਦੀਆਂ ਸੂਚਨਾਵਾਂ ਨੂੰ ਬਹੁਤ ਗੁਪਤ ਰੱਖਿਆ ਜਾਂਦਾ ਹੈ।

