8ਵਾਂ ਅੰਤਰਰਾਸ਼ਟਰੀ ਸੇਵਾ ਐਵਾਰਡ ਸੰਤ ਬਾਬਾ ਲਾਭ ਸਿੰਘ ਨੂੰ ਦੇਣ ਦਾ ਫੈਸਲਾ
ਵਾਤਾਵਰਣ ਅਤੇ ਸੰਗੀਤਕ ਪ੍ਰਦੂਸ਼ਣ ਸਮੱਸਿਆ ਅਤੇ ਸਮਾਧਾਨ ਵਿਸ਼ੇ ਤੇ ਹੋਵੇਗਾ 14ਵਾਂ ਅੰਤਰਰਾਸ਼ਟਰੀ ਸੈਮੀਨਾਰ : ਡਾ. ਸਰੋਆ
ਪਟਿਆਲਾ, 3 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸੰਤ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ ਸਿੱਖਿਆ ਬੋਰਡ ਦੁਆਰਾ ਮਾਨਵਤਾ ਦਾ ਮਸੀਹਾ ਦੇ ਖਿਤਾਬ ਨਾਲ ਨਿਵਾਜ਼ੇ ਗਏ ਸੰਤ ਬਾਬਾ ਲਾਭ ਸਿੰਘ ਨੂੰ 8ਵਾਂ ਅੰਤਰਰਾਸ਼ਟਰੀ ਸੇਵਾ ਐਵਾਰਡ ਗੁਰਮਤਿ ਕਾਲਜ ਪਟਿਆਲਾ ਵਿਖੇ ਕਰਵਾਏ ਜਾ ਰਹੇ 14ਵੇਂ ਸੈਮੀਨਾਰ ਮੌਕੇ ਦੇਣ ਦਾ ਫੈਸਲਾ ਕੀਤਾ ਹੈ।
ਇਹ ਜਾਣਕਾਰੀ ਸੰਤ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਦੇ ਬਾਨੀ ਚੇਅਰਮੈਨ ਡਾ. ਪਰਮਜੀਤ ਸਿੰਘ ਸਰੋਆ ਨੇ ਸੁਸਾਟਿਟੀ ਮੈਂਬਰਾਂ ਦੀ ਮੀਟਿੰਗ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਸੰਤ ਬਾਬਾ ਲਾਭ ਸਿੰਘ ਦੇ ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਲਿਆ ਗਿਆ ।
ਉਨ੍ਹਾਂ ਦੱਸਿਆ ਕਿ ਬਾਬਾ ਜੀ ਨੇ ਤਕਰੀਬਨ 259 ਗੁਰਦੁਆਆਰਾ ਸਾਹਿਬਾਨਾਂ, ਮੰਦਰਾਂ ਮਸੀਤਾਂ ਦੀ ਸੇਵਾ ਵਿਚ ਯੋਗਦਾਨ ਪਾਇਆ ਹੈ। ਇਸੇ ਤਰ੍ਹਾਂ ਪੀ.ਜੀ.ਆਈ. ਚੰਡੀਗੜ੍ਹ ਦੇ ਹਸਪਤਾਲ ਵਿਚ ਸਰਾਂ ਅਤੇ 24 ਘੰਟੇ ਲੰਗਰ ਦੀ ਸਵਾ ਨਿਰੰਤਰ ਚਲਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬਾਬਾ ਜੀ ਨੇ ਤਿੰਨ ਦਰਜ਼ਨ ਦੇ ਕਰੀਬ ਖ਼ਸਤਾ ਹਾਲਤ ਵਿਚਲੇ ਸਕੂਲਾਂ ਦੀਆਂ ਇਮਾਰਤਾਂ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ।ਡਾ. ਸਰੋਆ ਨੇ ਦੱਸਿਆ ਕਿ ਬਾਬਾ ਜੀ ਨੇ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਅਤੇ ਫਰੀ ਮੈਡੀਕਲ ਕੈਂਪ ਲਗਾ ਕੇ ਵੀ ਲੋੜਵੰਦਾਂ ਦੀ ਮੱਦਦ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਦਰਤੀ ਆਫਤਾਂ ਅਤੇ ਹੋਰਨਾਂ ਲੋਕ ਭਲਾਈ ਦੇ ਕਾਰਜਾਂ ਵਿਚ ਹਰ ਵੇਲੇ ਯਤਨਸ਼ੀਲ ਰਹਿੰਦੇ ਹਨ। ਡਾ. ਸਰੋਆ ਨੇ ਦੱਸਿਆ ਕਿ ਇਸ ਸਾਲ ਸੈਮੀਨਾਰ ਵਾਤਾਵਰਣ ਅਤੇ ਸੰਗੀਤਕ ਪ੍ਰਦੂਸ਼ਣ ਸਮੱਸਿਆ ਅਤੇ ਸਮਾਧਾਨ ਵਿਸ਼ੇ ਤੇ ਕਰਵਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ 4 ਸੈਮੀਨਾਰ ਟੋਰਾਂਟੋ (ਕੈਨੇਡਾ) ਵਿਖੇ ਵੀ ਪਹਿਲਾਂ ਕਰਵਾਏ ਜਾ ਚੁੱਕੇ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਰਵੀਰ ਸਿੰਘ, ਡਾ. ਪਰਮਵੀਰ ਸਿੰਘ, ਜਗਦੇਵ ਸਿੰਘ ਫਤਿਹਗੜ੍ਹ ਸਾਹਿਬ, ਕੁਲਜੀਤ ਸਿੰਘ ਮੱਲੀ, ਗੁਰਜੀਤ ਸਿੰਘ ਉਪਲੀ, ਹਰਪ੍ਰੀਤ ਕੋਰ ਟਿਵਾਣਾ, ਦਰ ਸਿੰਘ ਬੋਲੜ ਕਲਾਂ, ਬਲਬੀਰ ਸਿੰਘ ਅਲੀਵਾਲ, ਜੋਗਾ ਸਿੰਘ ਮੱਲੀ, ਜਸਵਿੰਦਰ ਸਿੰਘ ਪੰਜੇਟਾ, ਗੁਰਦੀਪ ਸਿੰਘ ਢਿੱਲੋਂ, ਧਰਮਿੰਦਰ ਸਿੰਘ ਠਾਕੁਰਗੜ੍ਹ, ਦਰਜੋਧਨ ਸਿੰਘ ਸੰਗਰੂਰ, ਜੀ.ਬੀ. ਪੰਮੀ, ਆਦਿ ਵੀ ਮੋਜੂਦ ਸਨ।

