ਕੈਨੇਡਾਪਟਿਆਲਾ

ਡਾ. ਬੀ.ਐੱਸ. ਘੁੰਮਣ ਵੱਲੋਂ ਕੈਨੇਡਾ ਵਿਖੇ ਕੀਤਾ ਗਿਆ ਯੂਨੀਵਰਸਟੀ ਆਫ਼ ਫਰੇਜ਼ਰ ਵੈਲੀ ਦਾ ਦੌਰਾ

ਪਟਿਆਲਾ 4 ਜੁਲਾਈ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ. ਬੀ.ਐੱਸ. ਘੁੰਮਣ ਵੱਲੋਂ ਕੈਨੇਡਾ ਵਿਚਲੇ ਐਬਟਸਫਰਡ, ਬ੍ਰਿਟਿਸ਼ ਕੋਲੰਬੀਆ ਵਿਖੇ ਯੂਨੀਵਰਸਟੀ ਆਫ਼ ਫਰੇਜ਼ਰ ਵੈਲੀ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਦੋਹਾਂ ਯੂਨੀਵਰਸਿਟੀਆਂ ਵਿਚਲੇ ਮਾਸਟਰ ਡਿਗਰੀਆਂ ਕਰ ਰਹੇ ਵਿਦਿਆਰਥੀਆਂ ਨੂੰ ਆਪਸੀ ਇੰਟਰਨਸ਼ਿਪ ਮੌਕੇ ਮੁਹਈਆ ਕਰਵਾਉਣ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ।

ਜ਼ਿਕਰਯੋਗ ਹੈ ਕਿ ਇਹ ਸੰਵਾਦ ਉਸ ਸਮਝੌਤੇ ਦੀ ਲੋਅ ਵਿਚ ਰਚਾਇਆ ਗਿਆ ਜੋ ਪੰਜਾਬੀ ਯੂਨੀਵਰਸਿਟੀ ਵੱਲੋਂ ਪਹਿਲਾਂ ਹੀ ‘ਯੂਨੀਵਰਸਿਟੀ ਆਫ਼ ਫਰੇਜ਼ਰ’ ਅਤੇ ‘ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ’ ਨਾਲ ਕੀਤਾ ਹੋਇਆ ਹੈ।
ਇਸ ਸੰਬੰਧੀ ਵਿਸਥਾਰ ਪੂਰਵਕ ਚਰਚਾ ਵਿਚੋਂ ਸਾਹਮਣੇ ਆਇਆ ਕਿ ਦੋਹਾਂ ਪਾਸਿਆਂ ਦੇ ਵਿਦਿਆਰਥੀ, ਜੋ ਕਿ ਦੋਹਾਂ ਮੁਲਕਾਂ ਨਾਲ ਸੰਬੰਧਤ ਅਜਿਹੇ ਕਿਸੇ ਸਾਂਝ ਵਾਲੇ ਪ੍ਰਾਜੈਕਟ ਵਿਚ ਰੁਚੀ ਰਖਦੇ ਹੋਣਗੇ, ਉਹ ਆਪਣੇ ਵੱਲੋਂ ਉਸ ਪ੍ਰਾਜੈਕਟ ਦਾ ਖੋਜ ਪ੍ਰਸਤਾਵ ਭਾਵ ਪ੍ਰਪੋਜਲ਼ ਬਣਾ ਕੇ ਉਸ ਉੱਪਰ ਵਿਚਾਰ ਕਰਨ ਹਿਤ ਜਮ੍ਹਾ ਕਰਾ ਦੇਣਗੇ। ਡਾਇਰੈਕਟਰ, ਮੀਡੀਆ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਡਾ. ਗੁਰਮੀਤ ਮਾਨ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਡਾ. ਘੁੰਮਣ ਨੇ ਦੱਸਿਆ ਕਿ ਦੋਹਾਂ ਅਦਾਰਿਆਂ ਵੱਲੋਂ ਡੂਅਲ ਡਿਗਰੀ ਪ੍ਰੋਗਰਾਮਾਂ, ਸਾਂਝੇ ਖੋਜ ਪ੍ਰਾਜੈਕਟਾਂ ਅਤੇ ਫੈਕਲਟੀ ਸੇਵਾਵਾਂ ਦੇ ਆਦਾਨ ਪ੍ਰਦਾਨ ਸੰਬੰਧੀ ਸਹਿਮਤੀ ਪ੍ਰਗਟਾਈ ਗਈ ਹੈ। ਇਸ ਚਰਚਾ ਦੌਰਾਨ ‘ਭਾਰਤ ਦੇ ਵਿਸ਼ੇਸ ਸੰਦਰਭ ਵਿਚ ਰਾਜਨੀਤਿਕ ਅਰਥਚਾਰਾ ਅਤੇ ਪੁਨਰਵਾਸ’ ਅਤੇ ‘ਕੈਨੇਡੀਅਨ ਸੰਸਥਾਵਾਂ ਦਾ ਹੁਨਰ ਵਿਕਾਸ ਮਾਡਲ ਤੇ ਭਾਰਤ ਲਈ ਸਬਕ’ ਦੇ ਵਿਸ਼ਿਆਂ ਤੇ ਸਾਂਝੀਆਂ ਕਾਨਫਰੰਸਾਂ ਦੇ ਆਯੋਜਨ ਸੰਬੰਧੀ ਵੀ ਰਜਾਮੰਦੀ ਕੀਤੀ ਗਈ।
ਡਾ. ਘੁੰਮਣ ਦੇ ਸਵਾਗਤ ਦੌਰਾਨ ਯੂਨੀਵਰਸਿਟੀ ਆਫ ਫਰੇਜ਼ਰ ਦੇ ਪ੍ਰੈਜ਼ੀਡੈਂਟ ਡਾ. ਜੋਆਨੇ ਮੈਕਲੀਨ ਨੇ ਦੋਹਾਂ ਅਦਾਰਿਆਂ ਵਿਚਲੀ ਸਾਂਝ ਨੂੰ ਮਜਬੂਤ ਕਰਨ ਦੀ ਆਪਣੀ ਵਚਨਬੱਧਤਾ ਬਾਰੇ ਦੁਹਰਾਇਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੋਹਾਂ ਅਦਾਰਿਆਂ ਵੱਲੋਂ ਕੀਤੇ ਗਏ ਐੱਮ ਓ ਯੂ ਭਾਵ ਆਪਸੀ ਸਮਝੌਤੇ ਨੂੰ ਵਿਹਾਰਕ ਪੱਧਰ ਤੇ ਯਕੀਨੀ ਬਣਾਉਣ ਲਈ ਰਣਨੀਤੀ ਉਲੀਕੀ ਜਾਣੀ ਹੈ। ਇਸ ਪ੍ਰੋਗਰਾਮ ਵਿਚ ਇਸ ਕੈਨੇਡੀਅਨ ਯੂਨੀਵਰਸਿਟੀ ਦੇ ਐਸੋਸੀਏਟ ਵਾਈਸ-ਪ੍ਰੈਜ਼ੀਡੈਂਟ ਰੀਸਰਚ, ਐਂਗੇਜਮੈਂਟ ਐਂਡ ਗਰੈਜੂਏਟ ਸਟੱਡੀਜ਼ ਪ੍ਰੋ. ਐਡਰੀਨੇ ਚੈਨ, ਮੈਨੇਜਰ ਪਾਰਟਨਸ਼ਿਪ ਐਂਡ ਪ੍ਰੋਗਰਾਮਜ਼ ਡਾ. ਜੌਹਨ ਪੌਟਸ, ਡਾਇਰੈਕਟਰ ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਪ੍ਰੋਫੈਸਰ ਸਤਵਿੰਦਰ ਬੈਂਸ, ਡਾਇਰੈਕਟਰ ਆਫ ਐਗਰੀਕਲਚਰ ਸੈਂਟਰ ਆਫ ਐਕਸੀਲੈਂਸ ਡਾ. ਗੈਰੀ ਫੈਹਰ, ਕੋ ਡਾਇਰੈਕਟਰ ਐੱਸ.ਏ.ਐੱਸ.ਆਈ. ਪ੍ਰੋਫੈਸਰ ਕਮਲ ਅਰੋੜਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਭੂ-ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਧਿਆਨ ਕੌਰ ਵੱਲੋਂ ਸ਼ਿਰਕਤ ਕੀਤੀ ਗਈ।

Leave a Reply

Your email address will not be published. Required fields are marked *