ਪੰਜਾਬੀ ਯੂਨੀਵਰਸਿਟੀ ਵਿਚ ਠੇਕਾ ਮੁਲਾਜਮਾ ਦਾ ਸੰਘਰਸ਼ ਹੋਇਆ ਤਿੱਖਾ
ਫੈਡਰੇਸ਼ਨ ਆਗੂ ਡਾ. ਜਤਿੰਦਰ ਸਿੰਘ ਮੱਟੂ ਵਲੋਂ 24 ਘੰਟੇ ਦੀ ਭੁੱਖ ਹੜਤਾਲ ਸ਼ੁਰੂ
ਪਟਿਆਲਾ 12 ਜੁਲਾਈ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਠੇਕਾ ਸਿਸਟਮ ਤਹਿਤ ਕੰਮ ਕਰ ਰਹੇ 600 ਦੇ ਲਗਭਗ ਸਫਾਈ ਸੇਵਕਾਂ, ਸੇਵਾਦਾਰਾਂ ਅਤੇ ਸੁਰੱਖਿਆ ਮੁਲਾਜਮਾ ਵਲੋਂ ਆਪਣੀਆਂ ਸੇਵਾਵਾਂ ਡੇਲੀਵੇਜਿਜ ‘ਤੇ ਕਰਵਾਉਣ ਲਈ 4 ਜੂਨ ਤੋਂ ਸ਼ੁਰੂ ਕੀਤਾ ਗਿਆ ਸੰਘਰਸ਼ ਹੁਣ ਹੋਰ ਤਿੱਖਾ ਹੁੰਦਾ ਜਾ ਰਿਹਾ.
ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਅਤੇ ਪੰਜਾਬੀ ਯੂਨੀਵਰਸਿਟੀ ਵਿੰਗ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਯੂਨੀਵਰਸਿਟੀ ਅਥਾਰਿਟੀ ਪਾਸੋਂ ਮਨਵਾਉਣ ਲਈ 24 ਘੰਟੇ ਦੀ ਭੁੱਖ ਹੜਤਾਲ ‘ਤੇ ਬੈਠ ਗਏ। ਜਿਸ ਕਾਰਣ ਹੁਣ ਮਾਮਲਾ ਹੋਰ ਜਿਆਦਾ ਗਰਮਾਉਂਦਾ ਨਜ਼ਰ ਆ ਰਿਹਾ ਹੈ। ਸਵੇਰੇ ਯੂਨੀਵਰਸਿਟੀ ਦੀ ਮੈਡੀਕਲ ਟੀਮ ਵਲੋਂ ਭੁੱਖ ਹੜਤਾਲ ‘ਤੇ ਬੈਠਣ ਤੋਂ ਪਹਿਲਾਂ ਡਾ. ਜਤਿੰਦਰ ਸਿੰਘ ਮੱਟੂ ਦਾ ਪੂਰਾ ਮੈਡੀਕਲ ਕੀਤਾ ਗਿਆ ਤਾਂ ਜੋ ਆਉਣ ਵਾਲੇ 24 ਘੰਟਿਆਂ ਦੌਰਾਨ ਉਨਾਂ ਦੀ ਸਿਹਤ ਬਾਰੇ ਜਾਣਕਾਰੀ ਰੱਖੀ ਜਾਵੇ। ਧਰਨੇ ਦੌਰਾਨ ਵੀਰਵਾਰ ਸੁਰਜੀਤ ਕੌਰ ਨਾਮ ਦੀ ਇਕ ਹੋਰ ਮਹਿਲਾ ਕਰਮਚਾਰੀ ਦੀ ਹਾਲਤ ਬਿਗੜ ਗਈ ਜਿਸਨੂੰ ਮੌਕੇ ‘ਤੇ ਮੈਡੀਕਲ ਟੀਮ ਵਲੋਂ ਸੰਭਾਲਿਆ ਗਿਆ। ਪਿਛਲੇ ਦਿਨੀਂ ਵੀ ਇਕ ਮਹਿਲਾ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਜਿਸ ਕਾਰਣ ਉਸਨੂੰ ਹਸਪਤਾਲ ਦਾਖਿਲ ਕਰਵਾਉਣਾ ਪਿਆ। ਇਸ ਮੌਕੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਐਸ.ਸੀ./ਬੀ.ਸੀ ਇੰਪਲਾਈਜ ਫੈਡਰੇਸ਼ਨ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਇਹ ਸਰਾਸਰ ਮਜ਼ਦੂਰ ਜਮਾਤ ਦਾ ਸੋਸ਼ਣ ਹੈ।ਜੇਕਰ ਰੋਸ ਧਰਨੇ ਦੌਰਾਨ ਕਿਸੇ ਵੀ ਕਰਮਚਾਰੀ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਯੂਨੀਵਰਸਿਟੀ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ। ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਦਸੰਬਰ 2012 ਵਿਚ ਕੀਤੇ ਗਏ ਆਪਣੇ ਹੀ ਸਿੰਡੀਗੇਟ ਦੇ ਫੈਸਲੇ ਨੂੰ ਲਾਗੂ ਕਰਨ ਵਿਚ ਦੇਰੀ ਕੀਤੀ ਜਾ ਰਹੀ ਹੈ।ਜਿਸ ਨਾਲ ਕਰਮਚਾਰੀਆਂ ਵਿਚ ਰੋਸ ‘ਤੇ ਗੁੱਸਾ ਵਧਦਾ ਜਾ ਰਿਹਾ ਹੈ। ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਜਲਦ ਤੋਂ ਠੇਕਾ ਸਿਸਟਮ ਦੇ ਕਰਮਚਾਰੀਆਂ ਦੀ ਇਸ ਮੰਗ ਨੂੰ ਪੂਰਾ ਕਰੇ। ਵੀਰਵਾਰ ਪਿਛਲੇ ਤਿੰਨ ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਠੇਕਾ ਮੁਲਾਜਮਾ ਦੇ ਆਗੂ ਜਤਿੰਦਰ ਧਾਲੀਵਾਲ ਅਤੇ ਕਈ ਹੋਰ ਨੁਮਾਇੰਦਿਆਂ ਨੂੰ ਜੂਸ ਪਿਲਾ ਕੇ ਭੁੱਖ ਹੜਤਾਲ ਖਤਮ ਕਰਵਾਈ ਗਈ। ਇਸ ਮੌਕੇ ਠੇਕਾ ਸਿਸਟਮ ਦੇ ਨੁਮਾਇੰਦਿਆਂ ਵਿਚ ਜਤਿੰਦਰ ਧਾਲੀਵਾਲ, ਰਾਜੇਸ਼ ਕੁਮਾਰ, ਇਕਬਾਲ ਮੀਰ, ਅਜੈ ਅਰੋੜਾ, ਅਰਵਿੰਦਰ ਸਿੰਘ, ਅੰਗਰੇਜ ਸਿੰਘ, ਵਿਦਿਆਰਥੀ ਜਥੇਬੰਦੀ ਡੀ.ਐਸ.ਓ ਤੋਂ ਅਜੈਬ ਸਿੰਘ, ਅਮਰਜੀਤ ਸਿੰਘ, ਐਸ.ਸੀ ਵਰਗ ਦੇ ਆਗੂਆਂ ਵਿਚ ਕਰਮਜੀਤ ਲਚਕਾਣੀ, ਵਿਜੈ ਕੇਸਲਾ ਟਿੰਕੂ, ਹੈਪੀ ਲੋਹਟ, ਪਵਨ ਭੂਮਿਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਰਮਜੀਤ ਹਾਜਰ ਸਨ।

