ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਨਵਾਜ਼ ਸ਼ਰੀਫ ਤੇ ਮਰਿਅਮ ਸ਼ਰੀਫ ਦੀ ਹੋਈ ਗ੍ਰਿਫਤਾਰੀ

ਲਾਹੌਰ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਮਰਿਅਮ ਸ਼ਰੀਫ ਨੂੰ ਲਾਹੌਰ ਦੇ ਏਅਰਪੋਰਟ ‘ਤੇ ਪਹੁੰਚਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੀ ਗ੍ਰਿਫਤਾਰੀ ਲਈ ਐੱਨ.ਏ.ਬੀ. ਦੇ ਚੇਅਰਮੈਨ ਜਾਵੇਦ ਇਕਬਾਲ ਨੇ ਹਵਾਈ ਅੱਡੇ ‘ਤੇ ਗ੍ਰਿਫਤਾਰੀ ਲਈ ਹਰ ਸੰਭਵ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਸਨ।

ਦੋਵਾਂ ਨੇਤਾਵਾਂ ਦੀ ਗ੍ਰਿਫਤਾਰੀ ਲਈ 16 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੀ। ਇਸ ਲਈ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਵਿਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਸ਼ਹਿਰ ਦੀਆਂ ਸੜਕਾਂ ‘ਤੇ ਸ਼ਰੀਫ ਸਮਰਥਕ ਭਾਰੀ ਗਿਣਤੀ ਵਿਚ ਇਕੱਠੇ ਹੋ ਰਹੇ ਹਨ। ਉਨ੍ਹਾਂ ਦੇ ਹਵਾਈ ਅੱਡੇ ਵੱਲ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੂਰੇ ਸ਼ਹਿਰ ਵਿਚ 10 ਹਜ਼ਾਰ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਕੀ ਹੈ ਮਾਮਲਾ, ਕਿਉਂ ਹੋਈ ਗ੍ਰਿਫਤਾਰੀ?
ਜ਼ਿਕਰਯੋਗ ਹੈ ਕਿ 2016 ‘ਚ ਪਨਾਮਾ ਪੇਪਰ ਕੇਸ ‘ਚ ਨਾਂ ਆਉਣ ਤੋਂ ਬਾਅਦ ਨਵਾਜ਼ ਸ਼ਰੀਫ ਨੂੰ ਜੁਲਾਈ 2017 ‘ਚ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਜਾਂਚ ਤੋਂ ਬਾਅਦ ਸ਼ਰੀਫ ਤੇ ਉਨ੍ਹਾਂ ਦੀ ਬੇਟੀ ‘ਤੇ ਮਨੀ ਲਾਂਡਰਿੰਗ ਦਾ ਕੇਸ ਚਲਾਇਆ ਗਿਆ ਸੀ। ਪਾਕਿਸਤਾਨੀ ਟ੍ਰਿਬਿਊਨਲ ਕੋਰਟ ਨੇ ਪਿਛਲੇ ਸ਼ੁੱਕਰਵਾਰ ਨੂੰ ਸ਼ਰੀਫ ਤੇ ਉਨ੍ਹਾਂ ਦੀ ਬੇਟੀ ਮਰਿਅਮ ਨੂੰ ਦੋਸ਼ੀ ਪਾਇਆ ਤੇ ਕੈਦ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ‘ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ 10 ਸਾਲ ਤੇ ਉਨ੍ਹਾਂ ਦੀ ਬੇਟੀ ਮਰਿਅਮ ਸ਼ਰੀਫ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਦੋਂ ਦੋਵਾਂ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਉਸ ਵੇਲੇ ਦੋਵੇਂ ਨੇਤਾ ਲੰਡਨ ‘ਚ ਸਨ, ਜਿਥੇ ਕਿ ਨਵਾਜ਼ ਸ਼ਰੀਫ ਦੀ ਬੀਮਾਰ ਪਤਨੀ ਦਾ ਇਲਾਜ ਚੱਲ ਰਿਹਾ ਹੈ।
ਪਾਕਿਸਤਾਨ ‘ਚ ਆਮ ਚੋਣਾਂ 25 ਜੁਲਾਈ ਨੂੰ ਹੋਣ ਵਾਲੀਆਂ ਹਨ। ਇਸ ਮਾਮਲੇ ਦਾ ਅਸਰ ਪਾਕਿਸਤਾਨ ਦੀਆਂ ਚੋਣਾਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨੂੰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ। ਸ਼ਰੀਫ ਦੇ ਖਿਲਾਫ ਪਟਿਸ਼ਨ ਦੇਣ ਵਾਲਿਆਂ ‘ਚ ਇਕ ਇਮਰਾਨ ਖਾਨ ਵੀ ਸਨ।

Leave a Reply

Your email address will not be published. Required fields are marked *