ਡਾ. ਬੀ.ਐੱਸ. ਘੁੰਮਣ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਬਾਰੇ ਕਰਵਾਇਆ ਜਾਣੂੰ
ਪਟਿਆਲਾ 19 ਜੁਲਾਈ (ਮਧੂਸਾਰ ਬਿਊਰੋ) ਪਟਿਆਲਾ ਨੇੜੇ ਬਹਾਦਰਗੜ੍ਹ ਵਿਖੇ ਸਥਿਤ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਇਕ ਸਮਾਗਮ ਵਿਚ ਸ਼ਿਰਕਤ ਕਰਨ ਆਏ ਮੁੱਖ ਮੰਤਰੀ, ਪੰਜਾਬ, ਕੈਪਟਨ ਅਮਰਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਬਣੀ ਹੈਲੀਪੈਡ ਉੱਪਰ ਉੱਤਰੇ ਤਾਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐੱਸ. ਘੁੰਮਣ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਾਪਸੀ ਸਮੇਂ ਵੀ ਇਸੇ ਤਰ੍ਹਾਂ ਹੀ ਰਸਮੀ ਤੌਰ ਤੇ ਵਿਦਾਇਗੀ ਦਿੱਤੀ ਗਈ।
ਇਸ ਮਿਲਣੀ ਦੌਰਾਨ ਡਾ. ਘੁੰਮਣ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ। ਡਾ. ਘੁੰਮਣ ਵੱਲੋਂ ਆਪਣੀ ਤਾਜ਼ਾ ਕੈਨੇਡਾ ਫੇਰੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਹੁਣ ਅੰਤਰਰਾਸ਼ਟਰੀ ਪੱਧਰ ਤੇ ਵੀ ਨਿਵੇਕਲੀਆਂ ਪੈੜਾਂ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਫੇਰੀ ਦੌਰਾਨ ਉਨ੍ਹਾਂ ਵੱਲੋਂ ਵਿਸ਼ਵ ਦੀਆਂ ਸਰਵੋਤਮ ਯੂਨੀਵਰਸਿਟੀਆਂ ਵਿਚੋਂ ਇਕ ‘ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ’ ਅਤੇ ‘ਯੂਨੀਵਰਸਿਟੀ ਆਫ਼ ਨੌਰਦਰਨ ਬ੍ਰਿਟਿਸ਼ ਕੋਲੰਬੀਆ ਪ੍ਰਿੰਸ ਜੌਰਜ’ ਨਾਲ਼ ਅਹਿਮ ਅਕਾਦਮਿਕ ਸਮਝੌਤੇ ਕੀਤੇ ਗਏ ਹਨ, ਜਿਸ ਦੇ ਸਾਰਥਿਕ ਨਤੀਜੇ ਭਵਿੱਖ ਵਿਚ ਵੇਖਣ ਨੂੰ ਮਿਲਣਗੇ। ਉਨ੍ਹਾਂ ਵੱਲੋਂ ‘ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ’ ਨਾਲ ਪਹਿਲਾਂ ਹੋਏ ਸਮਝੌਤੇ ਦੀ ਨਿਰੰਤਰਤਾ ਵਿਚ ਕੀਤੇ ਗਏ ਦੌਰੇ ਸੰਬੰਧੀ ਵੀ ਚਾਨਣਾ ਪਾਇਆ ਗਿਆ। ਡਾ. ਘੁੰਮਣ ਵੱਲੋਂ ਅਜਿਹੀਆਂ ਗਤੀਵਿਧੀਆਂ ਦੇ ਹਵਾਲੇ ਨਾਲ ਮੁੱਖ ਮੰਤਰੀ ਪੰਜਾਬ ਨੂੰ ਭਰੋਸਾ ਦਿਵਾਇਆ ਗਿਆ ਕਿ ਅਕਾਦਮਿਕ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ ਹੁਣ ਉੱਚਿਤ ਦਿਸ਼ਾ ਵੱਲ ਵਧ ਰਹੀ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂਨੀਵਰਸਿਟੀ ਦੀਆਂ ਅਕਾਦਮਿਕ ਗਤੀਵਿਧੀਆਂ ਸੰਬੰਧੀ ਜਾਣਨ ਵਿਚ ਗਹਿਰੀ ਦਿਲਚਸਪੀ ਵਿਖਾਈ ਗਈ । ਇਸ ਮੌਕੇ ਵਾਈਸ-ਚਾਂਸਲਰ ਡਾ. ਘੁੰਮਣ ਤੋਂ ਇਲਾਵਾ ਯੂਨਵਿਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਵੀ ਹਾਜ਼ਰ ਸਨ।

