ਪੰਜਾਬ

ਮੋਦੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਿਚ ਰਹੀ ਨਾਕਾਮ : ਸੁਨੀਲ ਜਾਖੜ

ਪੰਜਾਬ ਦੇ ਸਾਂਸਦਾਂ ਨੇ ਲੁਧਿਆਣਾ ਵਿਚ ਪ੍ਰਧਾਨ ਮੰਤਰੀ ਵਲੋਂ ਵੰਡੇ ਚਰਖੇ ਕੇਂਦਰ ਸਰਕਾਰ ਨੂੰ ਵਾਪਸ ਮੋੜੇ
ਚੰਡੀਗੜ੍ਹ, 23 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਵਿਚ ਪੰਜਾਬ ਦੇ ਸਾਂਸਦਾਂ ਨੇ ਅੱਜ ਪ੍ਰਧਾਨ ਮੰਤਰੀ ਵਲੋਂ ਲੁਧਿਆਣਾ ਵਿਚ ਬੇਰੁਜ਼ਗਾਰਾਂ ਨੂੰ ਵੰਡੇ ਚਰਖੇ ਕੇਂਦਰ ਸਰਕਾਰ ਨੇ ਮੌੜਦਿਆਂ ਮੋਦੀ ਸਰਕਾਰ ਵਲੋਂ ਰੁਜ਼ਗਾਰ ਦੇ ਮੌਕੇ ਮੁਹੱਈਆਂ ਕਰਵਾਉਣ ਵਿਚ ਨਾਕਾਮ ਰਹਿਣ ਤੇ ਸੰਸਦ ਭਵਨ ਬਾਹਰ ਰੋਸ਼ ਵਿਖਾਵਾ ਕੀਤਾ।

ਇਸ ਮੌਕੇ ਸ੍ਰੀ ਜਾਖੜ ਨਾਲ ਹੋਰਨਾਂ ਤੋਂ ਇਲਾਵਾ ਸ੍ਰੀ ਸੰਤੋਖ ਚੌਧਰੀ, ਸ: ਗੁਰਜੀਤ ਸਿੰਘ ਔਜਲਾ ਅਤੇ ਸ: ਰਵਨੀਤ ਸਿੰਘ ਬਿੱਟੂ ਆਦਿ ਵੀ ਹਾਜਿਰ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਪਰ ਇਹ ਸਰਕਾਰ ਸਲਾਨਾ 2 ਲੱਖ ਨੌਕਰੀਆਂ ਦੇਣ ਵਿਚ ਵੀ ਨਾਕਾਮ ਰਹੀ ਹੈ। ਸ੍ਰੀ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬੇਭਰੋਸਗੀ ਮਤੇ ਦਾ ਜਵਾਬ ਦਿੰਦਿਆ ਵੀ ਲੰਬਾ ਭਾਸ਼ਣ ਦਿੱਤਾ ਪਰ ਫਿਰ ਵੀ ਉਨ੍ਹਾਂ ਦੇਸ ਦੀ ਪੂੰਜੀ ਨੌਜਵਾਨਾਂ ਲਈ ਕੁਝ ਨਹੀਂ ਕਿਹਾ।
ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਰੁਜ਼ਗਾਰ ਦੇ ਨਾਂਅ ਤੇ ਨੌਜਵਾਨਾਂ ਦੇ ਨਾਲ ਭੱਦਾ ਮਜਾਕ ਕਰ ਰਹੀ ਹੈ। ਉਨ੍ਹਾਂ ਪੁੱਛਿਆ ਕਿ ਕੀ ਆਈ ਆਈ ਟੀ, ਆਈ ਟੀ ਆਈ, ਪੌਲੀਟੈਕਨਿਕ ਅਤੇ ਹੋਰ ਉੱਚੀਆਂ ਪੜ੍ਹਾਈਆਂ ਕਰਨ ਵਾਲੇ ਨੌਜਵਾਨਾਂ ਨੂੰ ਰੁਜਗਾਰ ਦੇਣ ਤੋਂ ਕੀ ਮੋਦੀ ਸਰਕਾਰ ਭੱਜ ਗਈ ਹੈ।
ਸ੍ਰੀ ਜਾਖੜ ਨੇ ਕਿਹਾ ਕਿ 18 ਅਕਤੂਬਰ 2016 ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਲੁਧਿਆਣਾ ਆਏ ਸਨ ਅਤੇ ਰੁਜ਼ਗਾਰ ਦੇ ਨਾਂਅ ਤੇ 500 ਚਰਖੇ ਵੰਡ ਕੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਚਰਖੇ ਦੇਣ ਨਾਲ ਤਾਂ ਰੁਜ਼ਗਾਰ ਸੰਪੂਰਨ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨ ਸਰਹੱਦਾਂ ਦੀ ਰਾਖੀ ਕਰਨ ਵਾਲੇ ਬਹਾਦਰ ਹਨ। ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜਗਾਰ ਦਿੱਤਾ ਜਾਣਾ ਚਾਹੀਦਾ ਹੈ। ਇਸੇ ਲਈ ਅਸੀਂ ਇਹ ਚਰਖੇ ਕੇਂਦਰ ਸਰਕਾਰ ਨੂੰ ਵਾਪਸ ਕਰਨ ਆਏ ਹਾਂ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਅੱਗੇ ਕੇਂਦਰ ਸਰਕਾਰ ਤੋਂ ਸਵਾਲ ਕੀਤਾ ਕਿ ਭਾਜਪਾ ਦੀ ਪੰਜਾਬ ਦੇ ਨੌਜਵਾਨਾਂ ਨਾਲ ਕੀ ਦੁਸਮਣੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੋੜਨ ਨਾਲ ਹੀ ਦੇਸ਼ ਦੀ ਤਰੱਕੀ ਸੰਭਵ ਹੈ ਅਤੇ ਜੇਕਰ ਕੇਂਦਰ ਸਰਕਾਰ ਰੁਜ਼ਗਾਰ ਮੁੱਹਈਆਂ ਨਹੀਂ ਕਰਵਾ ਸਕੇਗੀ ਤਾਂ ਇਸ ਨਾਲ ਮੁਲਕ ਵਿਚ ਹੋਰ ਗੰਭੀਰ ਚੁਣੌਤੀਆਂ ਪ੍ਰਗਟ ਹੋਣਗੀਆਂ।
ਸ੍ਰੀ ਜਾਖੜ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀਆਂ ਮੁਸਕਿਲਾਂ ਦੇ ਹੱਲ ਲਈ ਯਤਨ ਨਾ ਕੀਤੇ ਜਾਣ ਕਾਰਨ ਦੇਸ਼ ਦੀ ਜਵਾਨੀ ਵਿਚ ਮੋਦੀ ਸਰਕਾਰ ਪ੍ਰਤੀ ਵੱਡਾ ਰੋਸ਼ ਹੈ। ਉਨ੍ਹਾਂ ਕਿਹਾ ਕਿ ਅਗਲੀਆਂ ਆਮ ਚੋਣਾਂ ਵਿਚ ਨੌਜਵਾਨਾਂ ਦੀ ਅਣਦੇਖੀ ਭਾਜਪਾ ਨੂੰ ਭਾਰੀ ਪੈਣ ਵਾਲੀ ਹੈ।

Leave a Reply

Your email address will not be published. Required fields are marked *