ਪੰਜਾਬਪਟਿਆਲਾ

ਪੁੱਡਾ/ਪੀ.ਡੀ.ਏ. ਵੱਲੋਂ ਲੋਕਾਂ ਨੂੰ ਆਧੁਨਿਕ ਸਹੂਲਤਾਂ ਵਾਲੀਆਂ ਕਲੋਨੀਆਂ ਬਣਾਕੇ ਦਿੱਤੀਆਂ ਜਾ ਰਹੀਆਂ ਹਨ : ਸੂਦਨ

ਪਟਿਆਲਾ, 31 ਜੁਲਾਈ (ਮਧੂਸਾਰ ਬਿਊਰੋ) ਪਟਿਆਲਾ ਵਿਖੇ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਅਤੇ ਪਟਿਆਲਾ ਡਿਵੈਲਪਮੈਂਟ ਅਥਾਰਟੀ ਵੱਲੋਂ ਲਗਾਤਾਰ ਵੱਖ-ਵੱਖ ਅਰਬਨ ਅਸਟੇਟਾਂ/ਸਕੀਮਾਂ ਜਾਰੀ ਕਰਕੇ ਸ਼ਹਿਰ ਦੇ ਲੋਕਾਂ ਨੂੰ ਆਧੁਨਿਕ ਸੁਵਿਧਾਵਾਂ ਵਾਲੀਆਂ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਵੱਲੋਂ ਵੀ ਪੁੱਡਾ/ਪੀ.ਡੀ.ਏ. ਵੱਲੋਂ ਲਾਂਚ ਕੀਤੀਆਂ ਗਈਆਂ ਸਕੀਮਾਂ ਲਈ ਕਾਫ਼ੀ ਰੁਝਾਨ ਦਿਖਾਇਆ ਗਿਆ ਹੈ।

ਪੀ.ਡੀ.ਏ ਦੇ ਮੁੱਖ ਪ੍ਰਸ਼ਾਸ਼ਕ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਪੁੱਡਾ/ਪੀ.ਡੀ.ਏ. ਵੱਲੋਂ ਸਾਲ 2015-16 ਵਿੱਚ ਪਸ਼ੂ ਪਾਲਣ ਵਿਭਾਗ ਦੀ 58 ਏਕੜ ਜਮੀਨ ‘ਤੇ 309 ਰਿਹਾਇਸ਼ੀ ਪਲਾਟਾਂ ਅਤੇ ਮੌਜੂਦਾ ਬੱਸ ਸਟੈਂਡ ਦੇ ਸਾਹਮਣੇ ਰਾਜਪੁਰਾ ਕਲੋਨੀ ਦੀ 53 ਏਕੜ ਜਮੀਨ ਤੇ 172 ਰਿਹਾਇਸ਼ੀ ਪਲਾਟਾਂ ਦੀ ਸਕੀਮ ਲਾਂਚ ਕੀਤੀ ਗਈ ਸੀ ਜਿਸ ਦਾ ਭਰਵਾ ਹੁੰਗਾਰਾ ਲੋਕਾਂ ਵੱਲੋਂ ਮਿਲਿਆ ਸੀ। ਇਨ੍ਹਾਂ ਦੋਵਾਂ ਸਾਈਟਾਂ ਤੇ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਲੋਕਾਂ ਨੂੰ ਕਬਜ਼ਾ ਆਫ਼ਰ ਕੀਤਾ ਜਾ ਚੁੱਕਾ ਹੈ। ਪਸ਼ੂ ਪਾਲਣ ਵਿਭਾਗ ਦੀ ਜਮੀਨ ਵਾਲੀ ਸਕੀਮ ਨੂੰ ਪੁੱਡਾ ਇਨਕਲੇਵ-1 ਅਤੇ ਰਾਜਪੁਰਾ ਕਲੋਨੀ ਵਾਲੀ ਸਕੀਮ ਨੂੰ ਪੁੱਡਾ ਇਨਕਲੇਵ-2 ਦਾ ਨਾਮ ਦਿੱਤਾ ਗਿਆ ਹੈ।
ਸ. ਸੂਦਨ ਨੇ ਦੱਸਿਆ ਕਿ ਪੁੱਡਾ ਇਨਕਲੇਵ-1 ਵਿੱਚ ਕਈ ਲੋਕਾਂ ਵੱਲੋਂ ਆਪਣੇ ਮਕਾਨਾਂ ਦੀ ਉਸਾਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪੁੱਡਾ/ਪੀ.ਡੀ.ਏ. ਵੱਲੋਂ ਸਾਲ 2017 ਵਿੱਚ ਕੀਤੀਆਂ ਗਈਆਂ ਈ-ਆਕਸ਼ਨਾਂ ਵਿੱਚ ਵੀ ਇਸ ਸਕੀਮ ਦੇ ਪਲਾਟਾਂ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁੱਡਾ ਇਨਕਲੇਵ-2 ਦੇ ਪਲਾਟਾਂ ਦੀ ਆਕਸ਼ਨ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਸ. ਸੂਦਨ ਨੇ ਦੱਸਿਆ ਕਿ ਪੀ.ਡੀ.ਏ. ਵੱਲੋਂ ਅਰਬਨ ਅਸਟੇਟ, ਫੇਜ਼-4, ਪਟਿਆਲਾ ਦੇ 104 ਪਲਾਟਾਂ ਦੀ ਵੇਚ ਲਈ ਸਕੀਮ ਜਾਰੀ ਕੀਤੀ ਗਈ ਹੈ ਜਿਸ ਦਾ ਕਾਫ਼ੀ ਭਾਰੀ ਹੁੰਗਾਰਾ ਮਿਲਿਆ ਹੈ ਅਤੇ ਲਗਭਗ 1500 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਤੋਂ ਇਲਾਵਾ ਅਰਬਨ ਅਸਟੇਟ, ਫੇਜ਼-3, ਪਟਿਆਲਾ ਵਿਖੇ ਲਗਭਗ 3000 ਵ: ਗਜ ਜਮੀਨ ਆਈ.ਸੀ.ਏ.ਆਈ, ਨਵੀਂ ਦਿੱਲੀ ਨੂੰ ਐਜੂਕੇਸ਼ਨਲ ਮੰਤਵ ਲਈ ਅਲਾਟ ਕੀਤੀ ਗਈ ਹੈ ਜਿਸ ਵਿੱਚ ਪੜ੍ਹਾਈ, ਕੈਰੀਅਰ ਕਾਊਂਸਲਿੰਗ, ਓਰੀਐਨਟੇਸ਼ਨ ਪ੍ਰੋਗਰਾਮ, ਈ-ਲਰਨਿੰਗ, ਇਨਫਰਮੇਸ਼ਨ ਟੈਕਨੌਲੋਜੀ ਟ੍ਰੇਨਿੰਗ ਆਦਿ ਦੀ ਸਿੱਖਿਆ ਦਿੱਤੀ ਜਾਵੇਗੀ।
ਪੀ.ਡੀ.ਏ ਦੇ ਮੁੱਖ ਪ੍ਰਸ਼ਾਸ਼ਕ ਨੇ ਦੱਸਿਆ ਕਿ ਪੁੱਡਾ/ਪੀ.ਡੀ.ਏ. ਵੱਲੋਂ ਆਪਣੇ ਅਲਾਟੀਆਂ ਨੂੰ ਈ-ਪੇਮੈਂਟ ਗੇਟਵੇ ਰਾਹੀਂ ਆਨ-ਲਾਈਨ ਅਦਾਇਗੀ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਗਈ ਹੈ ਅਤੇ ਪਾਣੀ ਅਤੇ ਸੀਵਰੇਜ ਦੇ ਬਿਲ ਆਨ-ਲਾਈਨ ਜਮ੍ਹਾ ਕਰਵਾਉਣ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਗਈ ਹੈ ਜਿਸ ਵਿੱਚ ਅਲਾਟੀ ਘਰ ਬੈਠੇ ਹੀ ਆਪਣੀ ਪ੍ਰਾਪਰਟੀ ਨਾਲ ਸਬੰਧਿਤ ਰਕਮ ਅਤੇ ਬਿਲ ਦੀ ਅਦਾਇਗੀ ਕਰ ਸਕਦੇ ਹਨ।
ਸ਼੍ਰੀ ਸੂਦਨ ਨੇ ਦੱਸਿਆ ਕਿ ਪੁੱਡਾ/ਪੀ.ਡੀ.ਏ. ਵੱਲੋਂ ਨੇੜਲੇ ਭਵਿੱਖ ਵਿੱਚ ਮਾਡਲ ਟਾਊਨ ਦੇ ਨੇੜੇ ਇਰੀਗੇਸ਼ਨ ਜਮੀਨ ਦੇ ਪਲਾਟਾਂ ਦੀ ਸਕੀਮ, ਸੰਗਰੂਰ ਵਿਖੇ ਲਗਭਗ 40 ਏਕੜ ਵਿੱਚ ਅਤੇ ਧੂਰੀ ਜ਼ਿਲ੍ਹਾ ਸੰਗਰੂਰ ਵਿਖੇ ਲਗਭਗ 35 ਏਕੜ ਵਿੱਚ ਨਵੀਆਂ ਅਰਬਨ ਅਸਟੇਟਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਇਨ੍ਹਾਂ ਸਕੀਮਾਂ ਦੇ ਰਿਹਾਇਸ਼ੀ ਪਲਾਟ ਦੀਆਂ ਵੇਚ ਸਕੀਮਾਂ ਜਾਰੀ ਕੀਤੀਆਂ ਜਾਣਗੀਆਂ।

Leave a Reply

Your email address will not be published. Required fields are marked *