ਪਟਿਆਲਾ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਰਮੀ ਟਰੇਨਿੰਗ ਕਮਾਂਡ ਸ਼ਿਮਲਾ ਨਾਲ ਸਮਝੌਤਾ

ਪਟਿਆਲਾ 6 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਰਮੀ ਟਰੇਨਿੰਗ ਕਮਾਂਡ ਸ਼ਿਮਲਾ ਨਾਲ ਇਕ ਸਮਝੌਤਾ ਕੀਤਾ ਗਿਆ ਹੈ ਜਿਸ ਤਹਿਤ ਕਮਾਂਡ ਵੱਲੋਂ ਚੁਣਿੰਦਾ ਤੌਰ ਤੇ ਭੇਜੇ ਜਾਣ ਵਾਲੇ ਸੈਨਾ ਅਫਸਰਾਂ ਲਈ ਯੂਨੀਵਰਸਿਟੀ ਵਿਖੇ ਐਮ-ਫ਼ਿਲ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਵੇਗਾ।

ਇਸ ਸਮਝੌਤੇ ਦਾ ਮਕਸਦ ਸੈਨਾ ਦੇ ਅਸਫਰਾਂ ਦੀ ਵਿੱਦਿਅਕ ਯੋਗਤਾ ਵਿਚ ਵਾਧਾ ਕਰਨਾ, ਉਨ੍ਹਾਂ ਨੂੰ ਸੰਸਥਾਗਤ ਰਣਨੀਤੀ ਕਲਾ ਵਿਚ ਹੋਰ ਨਿਪੁੰਨ ਬਣਾਉਣਾ ਅਤੇ ਭਾਰਤੀ ਸੈਨਾ ਅਤੇ ਅਕਾਦਮਿਕ ਜਗਤ ਵਿਚ ਆਪਸੀ ਸੰਬੰਧਤਾ ਪੈਦਾ ਕਰਨਾ ਮਿੱਥਿਆ ਗਿਆ ਹੈ। ਇਸ ਮਕਸਦ ਹਿਤ ਸੁਰੱਖਿਆ ਅਤੇ ਯੁੱਧਨੀਤੀ ਦੇ ਨਾਲ ਮੈਨੇਜਮੈਂਟ ਸਟੱਡੀਜ਼ ਵਿਚ 10-10 ਵਿਦਿਆਰਥੀਆਂ ਨੂੰ ਐਮ.ਫਿਲ ਕਰਵਾਉਣ ਦਾ ਪ੍ਰਯੋਜਨ ਹੋਵੇਗਾ। ਪੰਜਾਬੀ ਯੂਨੀਵਰਸਿਟੀ ਵੱਲੋਂ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਅਤੇ ਡੀਨ ਅਕਾਦਮਿਕ ਡਾ. ਜੀ. ਐੱਸ. ਬੱਤਰਾ ਵੱਲੋਂ ਇਸ ਸਮਝੌਤੇ ਤੇ ਦਸਤਖਤ ਕੀਤੇ ਗਏ ਜਦੋਂ ਕਿ ਆਰਮੀ ਟਰੇਨਿੰਗ ਕਮਾਂਡ ਵੱਲੋਂ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ਼ (7O3-in-3) ਲੈਫਟੀਟੈਂਟ ਜਨਰਲ ਐਮ.ਐਮ. ਨਰਾਵਨੇ ਅਤੇ ਮੇਜਰ ਜਨਰਲ (1“3R13) ਵਿਨੋਦ ਸ਼ਰਮਾ ਵੱਲੋਂ ਇਸ ਸਮਝੌਤੇ ਤੇ ਸਹੀ ਪਾਈ ਗਈ। ਇਸ ਮੌਕੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਵਾਈਸ-ਚਾਂਸਲਰ ਡਾ. ਘੁੰਮਣ ਵੱਲੋਂ ਕਿਹਾ ਗਿਆ ਕਿ ਇਹ ਸਮਝੌਤਾ ਸਿੱਖਣ ਪ੍ਰਕਿਰਿਆ ਦੇ ਦੋ ਤਰਫੀ ਆਦਾਨ ਪ੍ਰਦਾਨ ਦੇ ਪ੍ਰਸੰਗ ਵਿਚ ਦੋਹਾਂ ਧਿਰਾਂ ਦੇ ਹਿਤ ਵਿਚ ਹੋਵੇਗਾ। ਜਿੱਥੇ ਯੂਨੀਵਰਸਿਟੀ ਨੂੰ ਸੁਰੱਖਿਆ ਨੀਤੀ ਸੰਬੰਧੀ ਸੈਨਾ ਮਾਹਿਰਾਂ ਦੇ ਵਿਹਾਰਕ ਪੱਧਰ ਦਾ ਗਿਆਨ ਪ੍ਰਾਪਤ ਹੋਵੇਗਾ, ਉੱਥੇ ਸੈਨਾ ਮਾਹਿਰਾਂ ਨੂੰ ਸੁਰੱਖਿਆ ਨੀਤੀ ਦੇ ਬਹੁਤ ਸਾਰੇ ਸਿਧਾਂਤਕ ਸੰਕਲਪ ਸਮਝਣ ਵਿਚ ਯੂਨੀਵਰਸਿਟੀ ਦੇ ਅਕਾਦਮਿਕ ਮਾਹਿਰ ਆਪਣੀ ਮਦਦ ਦੇਣ ਦੇ ਯੋਗ ਹੋਣਗੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਇਤਿਹਾਸ ਵਿਚ ਇਹ ਇਕ ਸੁਨਹਿਰੀ ਦਿਨ ਹੈ। ਜ਼ਿਕਰਯੋਗ ਹੈ ਕਿ ਆਰਮੀ ਟਰੇਨਿੰਗ ਕਮਾਂਡ ਸ਼ਿਮਲਾ ਸੈਨਾ ਦੀ ਇਕ ਵੱਕਾਰੀ ਸੰਸਥਾ ਹੈ ਜੋ ਸੈਨਿਕ ਸਿਖਲਾਈ ਦੇ ਖੇਤਰ ਵਿਚ ਰਾਸ਼ਟਰੀ ਪੱਧਰ ਦੀਆਂ ਪਾਲਿਸੀਆਂ ਦਾ ਨਿਰਮਾਣ ਕਰਦੀ ਹੈ। ਜਨਰਲ ਆਫੀਸਰ ਕਮਾਂਡਿੰਗ ਇਨ ਚਾਰਜ ਸ਼੍ਰੀ ਐਮ.ਐਮ. ਨਰਾਵਨੇ ਵੱਲੋਂ ਇਸ ਮੌਕੇ ਬੋਲਦਿਆਂ ਹੋਇਆਂ ਕਿਹਾ ਗਿਆ ਕਿ ਉਹ ਇਸ ਸਮਝੌਤੇ ਹਿਤ ਬਣਦੀ ਕਾਰਵਾਈ ਲਈ ਪ੍ਰਤੀਬੱਧ ਹੋਣਗੇ ਅਤੇ ਸੈਨਿਕ ਪੱਧਰ ਤੇ ਚੁਣਿੰਦਾ ਅਤੇ ਯੋਗ ਅਫਸਰਾਂ ਨੂੰ ਸਿਖਲਾਈ ਲਈ ਭੇਜਣਗੇ ਜਿਸ ਨਾਲ ਦੋਹਾਂ ਧਿਰਾਂ ਵਿਚ ਸਿੱਖਣ-ਪ੍ਰਕਿਰਿਆ ਦਾ ਆਦਾਨ ਪ੍ਰਦਾਨ ਹੁੰਦਾ ਰਹੇਗਾ। ਸਿੰਡੀਕੇਟ ਰੂਮ ਵਿਚ ਹੋਈ ਇਸ ਦਸਤਖਤ ਰਸਮ ਮੌਕੇ ਸੁਰੱਖਿਆ ਅਤੇ ਯੁੱਧਨੀਤੀ ਵਿਭਾਗ ਵੱਲੋਂ ਡਾ. ਉਮਰਾਉ ਸਿੰਘ ਨੇ ਸੈਨਾ ਦੇ ਇਨ੍ਹਾਂ ਉੱਚ ਅਧਿਕਾਰੀਆਂ ਦਾ ਸਵਾਗਤ ਕੀਤਾ ਗਿਆ ਅਤੇ ਅੰਤ ਵਿਚ ਡੀਨ ਅਕਾਦਮਿਕ ਡਾ. ਗੁਰਦੀਪ ਸਿੰਘ ਬੱਤਰਾ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ। ਇਸ ਮੌਕੇ ਸੈਨਾ ਦੇ ਕਈ ਉੱਚ ਅਧਿਕਾਰੀਆਂ ਤੋਂ ਇਲਾਵਾ ਡਾ. ਜਸਪਾਲ ਕੌਰ, ਡੀਨ, ਕਾਲਜ ਵਿਕਾਸ ਕੌਂਸਲ, ਡਾ. ਜਗਰੂਪ ਕੌਰ ਡੀਨ ਸੋਸ਼ਲ ਸਾਇੰਸਜ਼ ਫ਼ੈਕਲਟੀ, ਪ੍ਰੋ. ਮਨਜੀਤ ਸਿੰਘ ਮੁਖੀ ਅਪਲਾਈਡ ਮੈਨੇਜਮੈਂਟ ਵਿਭਾਗ ਅਤੇ ਡਾ. ਕਮਲ ਕਿੰਗਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *