ਖਹਿਰਾ ਧੜੇ ਦੀ ਦੋ ਟੁੱਕ ਭਗਵੰਤ ਮਾਨ ਮੁੜ ਪ੍ਰਧਾਨ ਮਨਜ਼ੂਰ ਨਹੀਂ
ਜੈ ਕ੍ਰਿਸ਼ਨ ਰੋੜੀ ਸੁਖਪਾਲ ਖਹਿਰਾ ਦੇ ਹੱਕ ‘ਚ ਡਟੇ
ਚੰਡੀਗੜ੍ਹ 6 ਅਗਸਤ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਬਾਗੀ ਧੜੇ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਭਗਵੰਤ ਮਾਨ ਦਾ ਪਾਰਟੀ ਪ੍ਰਧਾਨ ਬਣਨਾ ਮਨਜ਼ੂਰ ਨਹੀਂ। ਹਾਈਕਮਾਨ ਭਗਵੰਤ ਮਾਨ ਨੂੰ ਅੱਗੇ ਲਿਆ ਕੇ ਵਿਰੋਧੀ ਧੜੇ ਦਾ ਪੱਕਾ ਬੰਦੋਬਸਤ ਕਰਨਾ ਚਾਹੁੰਦੀ ਹੈ ਪਰ ਬਾਗੀ ਲੀਡਰ ਸੁਖਪਾਲ ਖਹਿਰਾ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਭਗਵੰਤ ਮਾਨ ਪਾਰਟੀ ਦੇ ਪ੍ਰਧਾਨ ਬਣਦੇ ਤਾਂ ਉਨ੍ਹਾਂ ਨੂੰ ਮਨਜ਼ੂਰ ਨਹੀਂ।
ਵਿਧਾਇਕ ਕੰਵਰ ਸੰਧੂ ਨੇ ਇਸ ਬਾਰੇ ਤਰਕ ਦਿੰਦਿਆਂ ਕਿਹਾ ਕਿ ਪੰਜਾਬ ਦੇ ਵਲੰਟੀਅਰਜ਼ ਨੇ ਪੁਰਾਣੇ ਢਾਂਚੇ ਨੂੰ ਭੰਗ ਕਰਨ ਦਾ ਮਤਾ ਪਾਸ ਕੀਤਾ ਹੈ। ਭਗਵੰਤ ਮਾਨ ਵੀ ਉਸੇ ਢਾਂਚੇ ਦਾ ਇੱਕ ਹਿੱਸਾ ਹਨ। ਇਸ ਲਈ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਖਹਿਰਾ ਧੜੇ ਨੂੰ ਉਸ ਵੇਲੇ ਮੁੜ ਹੁਲਾਰਾ ਮਿਲਿਆ ਜਦੋਂ ਰੈਲੀ ਵਿੱਚੋਂ ਗ਼ਾਇਬ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਮੁੜ ਉਨ੍ਹਾਂ ਨਾਲ ਡਟ ਗਏ। ਰੋੜੀ ਨੇ ਕਿਹਾ ਕਿ ਉਹ ਮੀਟਿੰਗ ਵਿੱਚ ਰੁੱਝੇ ਹੋਏ ਸੀ। ਇਸ ਕਰਕੇ ਰੈਲੀ ਵਿੱਚ ਨਹੀਂ ਪਹੁੰਚ ਸਕੇ। ਇਸ ਤਰ੍ਹਾਂ ਵਿਰੋਧੀ ਧੜੇ ਦੇ ਵਿਧਾਇਕਾਂ ਦੀ ਗਿਣਤੀ ਅੱਠ ਹੋ ਗਈ ਹੈ।
ਸੁਖਪਾਲ ਖਹਿਰਾ ਨੇ ਆਪਣੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਢਾਂਚੇ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਪਹਿਲੀ ਮੀਟਿੰਗ 11 ਅਗਸਤ ਗੜ੍ਹਸ਼ੰਕਰ ਰੱਖੀ ਗਈ ਹੈ। ਸੁਖਪਾਲ ਖਹਿਰਾ ਨੇ 15 ਅਗਸਤ ਨੂੰ ਈਸੜੂ ਕਾਨਫਰੰਸ ਵਿੱਚ ਜਾਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਯੂਨਿਟ ਕਾਨਫਰੰਸ ਵਿੱਚ ਜ਼ਰੂਰ ਪਹੁੰਚੇਗਾ। ਉਨ੍ਹਾਂ ਨੇ 25 ਅਗਸਤ ਨੂੰ ਗੁਰਦਾਸਪੁਰ ਵਿੱਚ ਵਲੰਟੀਅਰਾਂ ਦੀ ਮੀਟਿੰਗ ਦਾ ਐਲਾਨ ਕੀਤਾ।

