ਜੁਆਇੰਟ ਫੋਰਮ ਦੇ ਸੱਦੇ ‘ਤੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਵਿਸ਼ਾਲ ਧਰਨਾ
ਬਿਜਲੀ ਕਾਮੇ 26 ਸਤੰੰਬਰ ਨੂੰ ਕਰਨਗੇ ਇੱਕ ਰੋਜ਼ਾ ਹੜਤਾਲ
ਪਟਿਆਲਾ 29 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ‘ਚ ਸ਼ਾਮਿਲ ਬਿਜਲੀ ਨਿਗਮ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਬਿਜਲੀ ਮੁਲਾਜ਼ਮ ਫਰੰਟ (ਕਰਮਚਾਰੀ ਦਲ ਤੇ ਇੰਪਲਾਈਜ਼ ਫੈਡਰੇਸ਼ਨ) ਮਨਿਸਟਰੀਅਲ ਸਰਵਿਸਿਜ਼ ਯੂਨੀਅਨ, ਥਰਮਲ ਕੁਆਰਡੀਨੇਸ਼ਨ ਕਮੇਟੀ, ਵਰਕਰਜ਼ ਫੈਡਰੇਸ਼ਨ ਇੰਟਕ, ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ ਪੰਜਾਬ ਰਾਜ ਬਿਜਲੀ ਮਜਦੂਰ ਸੰਘ ਦੇ ਹਜ਼ਾਰਾਂ ਬਿਜਲੀ ਕਾਮਿਆਂ ਨੇ ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗੇ ਵਿਸ਼ਾਲ ਅਤੇ ਰੋਹ ਭਰਪੂਰ ਸੂਬਾਈ ਧਰਨਾ ਮਾਰਿਆ। ਧਰਨੇ ਕਾਰਨ ਮਾਲ ਰੋਡ ਤੋਂ ਜਾਣ ਵਾਲੀ ਆਵਾਜਾਈ ਪੂਰੀ ਤਰ੍ਹਾਂ ਠਪ ਰਹੀ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਆਗੂ ਸਰਵ ਸ੍ਰੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਹਰਮੇਸ਼ ਧੀਮਾਨ, ਹਰਭਜਨ ਸਿੰਘ, ਬੀ.ਐੱਸ.ਸੇਖੋਂ, ਫਲਜੀਤ ਸਿੰਘ, ਜੈਲ ਸਿੰਘ, ਬ੍ਰਿਜ ਲਾਲ, ਸੁਖਦੇਵ ਸਿੰਘ ਰੋਪੜ, ਗੁਰਸੇਵਕ ਸਿੰਘ, ਵਿਜੇ ਕੁਮਾਰ, ਅਵਤਾਰ ਕੈਂਥ, ਰਵੇਲ ਸਿੰਘ ਸਹਾਏਪੁਰ, ਰਣਬੀਰ ਪਾਤੜਾਂ, ਅਮਰੀਕ ਨੂਰਪੁਰੀ, ਕਾਰਜਵਿੰਦਰ ਸਿੰਘ, ਪਰਮਜੀਤ ਸਿੰਘ ਦਸੂਹਾ, ਸੁਰਿੰਦਰ ਪਾਲ ਸ਼ਰਮਾ, ਰਛਪਾਲ ਸੰਧੂ, ਪਰਮਜੀਤ ਭੀਖੀ, ਬਲਦੇਵ ਸਿੰਘ, ਮਹਿੰਦਰ ਨਾਥ, ਹਰਜਿੰਦਰ ਸਿੰਘ ਦੁਧਾਲਾ, ਕਮਲਜੀਤ ਸਿੰਘ ਨੇ ਦੱਸਿਆ ਕਿ ਮੈਨੇਜਮੈਂਟ ਵਾਰ-ਵਾਰ ਕੀਤੇ 18-12-2017, 7-4-2018, 10-04-2018 ਅਤੇ 30-06-2018 ਦੇ ਸਮਝੌਤਿਆਂ ‘ਚ ਮੰਨੀਆਂ ਮੰਗਾਂ ਜਿਵੇਂ 1-12-2011 ਤੋਂ ਪੇ ਬੈਂਡ ਦੇਣ, ਬੰਦ ਕੀਤੇ ਸਰਕਾਰੀ ਥਰਮਲ ਪਲਾਂਟ ਮੁੜ ਚਾਲੂ ਕਰਨ, 23 ਸਾਲ ਦੀ ਸੇਵਾ ਦਾ ਲਾਭ ਬਿਨਾਂ ਸ਼ਰਤ ਦੇਣ, ਵਰਕਚਾਰਜ, ਆਰ.ਟੀ.ਐਮ. ਅਤੇ ਇਸ ਬਰਾਬਰ ਹੋਰ ਯੋਗ ਕੈਟਾਗਿਰੀਆਂ ਨੂੰ ਪਹਿਲਾਂ ਦੀ ਤਰ੍ਹਾਂ ਸ.ਲ.ਮ. ਬਣਾਉਣ, ਕੰਟਰੈਕਟ ਉਪਰ ਰੱਖੇ ਲਾਈਨਮੈਨ ਐਸ.ਐਸ.ਏ. ਨੂੰ ਅਕਤੂਬਰ 2018 ‘ਚ 2 ਸਾਲ ਪੂਰੇ ਹੋਣ ਤੇ ਰੈਗੂਲਰ ਤਨਖਾਹ ਸਕੇਲ ‘ਚ ਰੈਗੂਲਰ ਕਰਨ, ਉਪਰੇਸ਼ਨ ਦੀ ਤਰ੍ਹਾਂ ਥਰਮਲਾਂ ‘ਚ ਨਾਨ ਡਿਪਲੋਮਾ ਹੋਲਡਰ ਕੈਟਾਗਿਰੀਆਂ ਲਈ ਤਰੱਕੀ ਚੈਨਲ ਬਣਾਉਣ, ਦਰਜਾ ਚਾਰ ਤੇ ਜੂਨੀਅਰ ਮੀਟਰ ਰੀਡਰ ਤੋਂ ਬਣੇ ਹੇਠਲੀ ਸ਼੍ਰੇਣੀ ਕਲਰਕ ਤੋਂ ਕੰਪਿਊਟਰ ਯੋਗਤਾ ਸਰਟੀਫਿਕੇਟ ਲੈ ਕੇ ਰੋਕੀਆਂ ਇੰਨਕਰੀਮੈਂਟਾਂ ਬਹਾਲ ਕਰਨ, ਮੈਟਰਿਕ ਆਈ.ਟੀ.ਆਈ. ਅਤੇ ਡਿਪਲੋਮਾਂ ਹੋਲਡਰ ਲਾਇਨਮੈਨ ਤੋਂ ਜੇ.ਈ. ਦੀ ਅਸਾਮੀ ਲਈ ਪਹਿਲਾਂ ਦੀ ਤਰ੍ਹਾਂ ਟੈਸਟ ਜਾਰੀ ਰੱਖਣ, ਕੰਟਰੈਕਟ ਉਪਰ ਕੰਮ ਕਰਦੇ ਮੀਟਰ ਰੀਡਰ, ਬਿੱਲ ਵੰਡਕ, ਖਜ਼ਾਨਚੀ ਨੂੰ ਘੱਟੋ-ਘੱਟ ਉਜਰਤ ਕਾਨੂੰਨ ਅਨੁਸਾਰ ਉਜਰਤ ਦੇਣ ਅਤੇ ਉਨ੍ਹਾਂ ਦੀਆਂ ਸੇਵਾਵਾਂ ਜਾਰੀ ਰੱਖਣ, ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਯੋਗਤਾ ਅਨੁਸਾਰ ਨੌਕਰੀ ਦੇਣ, ਰੈਗੂਲਰ ਕੰਮਾਂ ਵਿਰੁੱਧ ਆਉਟ ਸੋਰਸਿੰਗ ਬੰਦ ਕਰਕੇ ਖਾਲੀ ਅਸਾਮੀਆਂ ਨੂੰ ਰੈਗੂਲਰ ਨਵੀਂ ਭਰਤੀ ਰਾਹੀਂ ਭਰਨ ਅਤੇ ਕਰਮਚਾਰੀਆਂ ਦੀਆਂ ਬਣਦੀਆਂ ਤਰੱਕੀਆਂ ਕਰਨ ਦੇ ਫੈਸਲਿਆਂ ਨੂੰ ਲਾਗੂ ਨਹੀਂ ਕਰ ਰਹੀ। ਇੱਕ ਦੋ ਫੈਸਲੇ ਜੋ ਮੈਨੇਜਮੈਂਟ ਲਾਗੂ ਕਰਨ ਦੇ ਦਾਅਵੇ ਕਰ ਰਹੀ ਹੈ। ਉਹ ਸਮਝੌਤਿਆਂ ਅਨੁਸਾਰ ਨਹੀਂ ਬਲਕਿ ਪਹਿਲਾਂ ਮਿਲਦੇ ਲਾਭਾਂ ਨੂੰ ਵੀ ਖੋਹਨ, ਘਟਾਉਣ ਦਾ ਕੋਝਾ ਯਤਨ ਕੀਤਾ ਗਿਆ। ਆਗੂਆਂ ਨੇ ਮੈਨੇਜਮੈਂਟ ਦੀ ਸਖਤ ਅਲੋਚਨਾ ਕਰਦੇ ਹੋਏ ਦੱਸਿਆ ਕਿ 23 ਸਾਲ ਦੀ ਸੇਵਾ ਦਾ ਲਾਭ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਦੇਣਾ ਸੀ, ਪਰ ਉਸ ਦੀ ਥਾਂ ਜੋ ਸਰਕੂਲਰ ਜਾਰੀ ਕੀਤਾ ਗਿਆ ਹੈ ਉਸ ਨਾਲ ਮੁਲਾਜ਼ਮਾਂ ਨੂੰ ਕੁੱਝ ਦੇਣ ਦੀ ਥਾਂ ਉਨ੍ਹਾਂ ਤੋਂ ਖੋਹ ਲਿਆ ਗਿਆ ਹੈ ਅਤੇ ਸਾਜਸ਼ੀ ਢੰਗ ਨਾਲ ਮੁਲਾਜ਼ਮਾਂ ‘ਚ ਫੁੱਟ ਪਾਉਣ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ। ਵਰਕਚਾਰਜ ਅਤੇ ਆਰ.ਟੀ.ਐਮ. ਤੋਂ ਸਹਾਇਕ ਲਾਇਨਮੈਨ ਬਣਾਉਣ ਦਾ ਫੈਸਲਾ ਵੀ ਠੀਕ ਤਰ੍ਹਾਂ ਲਾਗੂ ਨਹੀਂ ਕੀਤਾ। ਆਗੂਆਂ ਨੇ ਮੈਨੇਜਮੈਂਟ ਉਪਰ ਹੋਰ ਦੋਸ਼ ਲਾਇਆ ਕਿ ਉਹ ਸਹਿਮਤੀਆਂ ਨੂੰ ਲਾਗੂ ਕਰਨ ਦੀ ਥਾਂ ਅਣਉਚਿਤ ਲੇਬਰ ਅਮਲ ਅਤੇ ਟਕਰਾਓ ਦੀ ਨੀਤੀ ਨਾਲ ਅਦਾਰੇ ਦਾ ਮਾਹੌਲ ਵਿਗਾੜ ਰਹੀ ਹੈ। ਆਗੂਆਂ ਨੇ ਮੈਨੇਜਮੈਂਟ ਦੀ ਇਸ ਧੱਕੜ ਨੀਤੀ ਦਾ ਵਿਰੋਧ ਕਰਨ ਲਈ, ਆਪਣੇ ਸੰਘਰਸ਼ ਨੂੰ ਹੋਰ ਤੇਜ ਕਰਨ ਲਈ 26 ਸਤੰਬਰ ਨੂੰ ਪੂਰੇ ਪੰਜਾਬ ਅੰਦਰ ਇੱਕ ਰੋਜ਼ਾ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ, ਬਿਜਲੀ ਕਾਮੇ ਵਰਕ ਟੂ ਰੂਲ ਅਨੁਸਾਰ ਕੰਮ ਕਰਨਗੇ ਅਤੇ ਚੇਅਰਮੈਨ ਸਮੇਤ ਡਾਇਰੈਕਟਰਜ਼ ਦੇ ਫੀਲਡ ‘ਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨ ਦਾ ਐਲਾਨ ਵੀ ਕੀਤਾ।

