ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਕਮਰਕੱਸੇ
ਬਠਿੰਡਾ, 9 ਅਕਤੂਬਰ (ਮਧੂਸਾਰ ਬਿਊਰੋ) 2019 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਲੋਕ-ਪੱਖੀ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਸਤੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਵੱਲੋਂ ਕਾਇਮ ਕੀਤੀ ਗਈ ਚੋਣ ਮੈਨੀਫੈਸਟੋ ਡਰਾਫਟਿੰਗ ਕਮੇਟੀ ਵੱਲੋਂ ਅੱਜ ਚੇਨੱਈ ਵਿੱਚ ਬੈਠਕ ਕੀਤੀ ਗਈ।
ਕਾਂਗਰਸ ਦੀ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਲੀ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਮਹਾਰਾਸਟਰ ਤੋਂ ਸੰਸਦ ਮੈਂਬਰ ਸ੍ਰੀਮਤੀ ਰਜਨੀ ਪਾਟਿਲ ਅਤੇ ਤਾਮਿਲ ਨਾਡੂ ਕਾਂਗਰਸ ਕਮੇਟੀ (ਟੀਐਨਸੀਸੀ) ਦੇ ਪ੍ਰਧਾਨ ਸ੍ਰੀ ਐਸ. ਥਿਰੂਨਾਵੂਕਰਾਸਰ ਨੇ ਇਸ ਬੈਠਕ ਦੌਰਾਨ ਕਈ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਮੀਡੀਆ ਨੂੰ ਸੰਬੋਧਨ ਕੀਤਾ।
ਵਿੱਤ ਮੰਤਰੀ ਦੇ ਮੀਡੀਆ ਬੁਲਾਰੇ ਨੇ ਦੱਸਿਆ ਕਿ ਇਸ ਕਮੇਟੀ ਵੱਲੋਂ ਰੱਖਿਆ, ਸਾਬਕਾ ਫੌਜੀਆਂ, ਖੇਤੀਬਾੜੀ ਅਤੇ ਸੀਨੀਅਰ ਸਿਟੀਜਨ ਸਬੰਧੀ ਮਸਲਿਆਂ ‘ਤੇ ਸੰਜੀਦਗੀ ਨਾਲ ਚਰਚਾ ਕੀਤੀ ਜਾਵੇਗੀ। ਸ੍ਰੀ ਮਨਪ੍ਰੀਤ ਸਿੰਘ ਬਾਦਲ ਅਤੇ ਇਸ ਕਮੇਟੀ ਦੇ ਹੋਰ ਮੈਂਬਰਾਂ ਵੱਲੋਂ ਅੱਜ ਚੇਨੱਈ ਵਿੱਚ ਹੋਈ ਮੀਟਿੰਗ ਵਿੱਚ ਖੇਤੀਬਾੜੀ ਤੇ ਫਸਲਾਂ ਦੇ ਢੁਕਵੇਂ ਮੰਡੀਕਰਨ ਨਾਲ ਸਬੰਧਤ ਮਸਲਿਆਂ ਉਤੇ ਚਰਚਾ ਕੀਤੀ ਗਈ। ਬੁਲਾਰੇ ਨੇ ਦੱਸਿਆ ਕਿ 10 ਅਕਤੂਬਰ, 2018 ਨੂੰ ਇਨ੍ਹਾਂ ਕਮੇਟੀ ਮੈਂਬਰਾਂ ਵੱਲੋਂ ਹੈਦਰਾਬਾਦ (ਤਿਲੰਗਾਨਾ) ਵਿਖੇ ਖੇਤੀਬਾੜੀ ਸਬੰਧੀ ਮਸਲੇ ਵਿਚਾਰੇ ਜਾਣਗੇ। ਇਸ ਤੋਂ ਬਾਅਦ ਕਮੇਟੀ ਵੱਲੋਂ 11 ਅਕਤੂਬਰ ਨੂੰ ਪੁਣੇ (ਮਹਾਰਾਸਟਰ) ਅਤੇ 12 ਅਕਤੂਬਰ ਨੂੰ ਬੰਗਲੌਰ (ਕਰਨਾਟਕ) ਵਿੱਚ ਰੱਖਿਆ, ਸਾਬਕਾ ਫੌਜੀਆਂ ਅਤੇ ਸੀਨੀਅਰ ਸਿਟੀਜਨਜ ਦੀਆਂ ਮੰਗਾਂ ਅਤੇ ਸਮੱਸਿਆਵਾਂ ‘ਤੇ ਚਰਚਾ ਕੀਤੀ ਜਾਵੇਗੀ।
ਗੌਰਤਲਬ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਿਛਲੇ ਦਿਨੀਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਖੇਤੀਬਾੜੀ, ਸਾਬਕਾ ਫੌਜੀਆਂ, ਰੱਖਿਆ ਅਤੇ ਸੀਨੀਅਰ ਸਿਟੀਜਨਜ ਦੇ ਮਸਲਿਆਂ ਬਾਰੇ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਸੀ।

